Sunday, February 22, 2026

ਡਿਪਟੀ ਕਮਿਸ਼ਨਰ ਵੱਲੋਂ ਨਸ਼ਾ ਮੁਕਤ ਅਭਿਆਨ ਤਹਿਤ ਮੰਗ ਗੁਰਪ੍ਰਸ਼ਾਦ ਮੰਗਾ ਦਾ ਗੀਤ ਜਾਰੀ

ਕਿਹਾ, ਨੌਜਵਾਨੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਅਜਿਹੇ ਗੀਤ ਸਮੇਂ ਦੀ ਲੋੜ

ਨਵਾਂਸ਼ਹਿਰ, 8 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਰਿਕਾਰਡ ਕਰਵਾਏ ਗਏ ਜ਼ਿਲ੍ਹਾ ਕੋਆਰਡੀਨੇਟਰ ਵਿਵਹਾਰ ਪਰਿਵਰਤਨ ਅਤੇ ਡਿਪਟੀ ਨੋਡਲ ਅਫ਼ਸਰ ਨਸ਼ਾ ਮੁਕਤ ਭਾਰਤ ਅਭਿਆਨ ਮੰਗ ਗੁਰਪ੍ਰਸ਼ਾਦ ਉਰਫ਼ ਮੰਗਾ ਮਹਿਮਾਨ ਦੇ ਲਿਖੇ ਤੇ ਗਾਏ ਗੀਤ ਨੂੰ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਵੱਲੋਂ ਸਹਾਇਕ ਕਮਿਸ਼ਨਰ ਦੀਪਜੋਤ ਕੌਰ ਅਤੇ ਹੋਰਨਾਂ ਅਧਿਕਾਰੀਆਂ ਦੀ ਹਾਜ਼ਰੀ ਵਿਚ ਜਾਰੀ ਕੀਤਾ ਗਿਆ।ਡਿਪਟੀ ਕਮਿਸ਼ਨਰ ਨੇ ਇਸ ਸਮੇਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਅਜਿਹੇ ਗੀਤ ਸਮੇਂ ਦੀ ਲੋੜ ਹਨ।ਉਨ੍ਹਾਂ ਕਿਹਾ ਕਿ ਇਹ ਗੀਤ ਨਸ਼ਾਗ੍ਰਸਤ ਮਰੀਜ਼ਾਂ ਅਤੇ ਭੈੜੀ ਸੰਗਤ ਵਿਚ ਪੈ ਕੇ ਗ਼ਲਤ ਰਾਹ ਅਖ਼ਤਿਆਰ ਕਰਨ ਵਾਲਿਆਂ ਲਈ ਵੱਡਾ ਪ੍ਰੇਰਣਾ ਸਰੋਤ ਬਣੇਗਾ।ਉਨ੍ਹਾਂ ਕਿਹਾ ਕਿ ਕਿਸੇ ਕਾਰਨ ਨਸ਼ਿਆਂ ਦਾ ਸ਼ਿਕਾਰ ਹੋਏ ਨੌਜਵਾਨਾਂ ਨੂੰ ਇਸ ਗੀਤ ਤੋਂ ਸੇਧ ਲੈਣ ਦੀ ਲੋੜ ਹੈ, ਤਾਂ ਜੋ ਸਮਾਜ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ।
                    ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸੰਤੋਸ਼ ਵਿਰਦੀ ਨੇ ਕਿਹਾ ਕਿ ਪੰਜਾਬ ਪੱਧਰ ’ਤੇ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਇਹ ਹੁਣ ਤੱਕ ਦਾ ਪਹਿਲਾ ਗੀਤ ਹੈ, ਜੋ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਇਹ ਗੀਤ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਨਸ਼ਿਆਂ ਖਿਲਾਫ਼ ਛੇੜੀ ਗਈ ਜੰਗ ਵਿਚ ਮੀਲ ਪੱਥਰ ਸਾਬਿਤ ਹੋਵੇਗਾ।ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਹਥਿਆਰਾਂ, ਨਸ਼ਿਆਂ ਅਤੇ ਹੋਰ ਗ਼ਲਤ ਕੰਮਾਂ ਵੱਲ ਪ੍ਰੇਰਿਤ ਕਰਦੇ ਗੀਤਾਂ ਤੋਂ ਪਿੱਛੇ ਪਰਤਣਾ ਚਾਹੀਦਾ ਹੈ ਅਤੇ ਅਜਿਹੇ ਸੁਚੱਜੇ ਅਤੇ ਸਿਹਤਮੰਦ ਗੀਤਾਂ ਤੋਂ ਚੰਗੀ ਸੇਧ ਲੈਣੀ ਚਾਹੀਦੀ ਹੈ।
                 ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਨੇ ਕਿਹਾ ਕਿ ਸਿਹਤ ਵਿਭਾਗ ਦੇ ਜ਼ਿਲ੍ਹਾ ਕੋਆਰਡੀਨੇਟਰ ਮੰਗ ਗੁਰਪ੍ਰਸ਼ਾਦ ਦੀ ਨਸ਼ਾ ਵਿਰੋਧੀ ਪ੍ਰੋਗਰਾਮਾਂ ਵਿਚ ਅਣਥੱਕ ਮਿਹਨਤ ਤੋਂ ਇਲਾਵਾ ਇਹ ਗੀਤ ਉਨ੍ਹਾਂ ਦੀ ਇਕ ਨਿਵੇਕਲੀ ਪਹਿਲਕਦਮੀ ਹੈ, ਜਿਸ ਲਈ ਸਿਹਤ ਵਿਭਾਗ ਨੂੰ ਉਨ੍ਹਾਂ ’ਤੇ ਮਾਣ ਹੈ।ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਪੈਂਫਲਿਟ ਵਿਚ ਵੀ ਮੰਗ ਗੁਰਪ੍ਰਸ਼ਾਦ ਦਾ ਨਸ਼ਿਆਂ ਖਿਲਾਫ਼ ਜਾਗਰੂਕ ਕਰਦਾ ਲੇਖ ਅਤੇ ਗੀਤ ਸ਼ਾਮਿਲ ਕਰਨਾ ਅਹਿਮ ਗੱਲ ਹੈ।
                 ਇਸ ਮੌਕੇ ਡੀ.ਐਸ.ਪੀ ਲਖਵੀਰ ਸਿੰਘ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਹਰਦੇਵ ਸਿੰਘ ਆਸੀ, ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੇ ਪ੍ਰਾਜੈਕਟ ਡਾਇਰੈਕਟਰ ਚਮਨ ਸਿੰਘ, ਗਾਈਡੈਂਸ ਕੌਂਸਲਰ ਬਲਦੀਸ਼ ਲਾਲ, ਏ.ਐਸ.ਆਈ ਹੁਸਨ ਲਾਲ, ਯੂੁਥ ਆਗੂ ਅਮਨਿੰਦਰ ਸਿੰਘ, ਕੋਚ ਮਲਕੀਤ ਸਿੰਘ, ਜਤਿੰਦਰ ਸਿੰਘ ਆਦਿ ਹਾਜ਼ਰ ਸਨ।

Check Also

ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ

ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …