Friday, October 18, 2024

ਪਰਮਜੀਤ ਰਾਮਗੜ੍ਹੀਆ ਦੀ ਪੁਸਤਕ : ਪੰਜਾਬੀ ਹਾਇਕੂ ਸ਼ਾਇਰੀ

                    ਜਾਪਾਨੀ ਕਾਵਿ-ਵਿਧਾ ਹਾਇਕੂ ਹੁਣ ਪੰਜਾਬੀ ਭਾਸ਼ਾ ਵਿੱਚ ਆਪਣਾ ਥਾਂ ਬਣਾ ਰਹੀ ਹੈ।ਪੰਜਾਬੀ ਟ੍ਰਿਬਿਊਨ ਵਰਗੇ ਕਾਫੀ ਨਾਮੀ ਅਖ਼ਬਾਰ ਅਤੇ ਭਾਸ਼ਾ ਵਿਭਾਗ ਦੇ ਸਾਹਿਤਿਕ ਪਰਚੇ ਜਨ-ਸਾਹਿਤ ਸਮੇਤ ਕਾਫੀ ਪਰਚੇ ਵੀ ਹਾਇਕੂ ਛਾਪਣ ਲੱਗੇ ਹਨ।ਨਿਰੋਲ ਹਾਇਕੂ ਵਿਧਾ ਨੂੰ ਸਮਰਪਿਤ ਕੁੱਝ ਪਰਚੇ ਵੀ ਨਿਕਲਣ ਲੱਗੇ ਹਨ।ਇਹ ਸਬ ਹਾਇਕੂ ਦੇ ਚੰਗੇਰੇ ਭਵਿੱਖ ਦੀਆਂ ਝਲਕੀਆਂ ਹਨ।
                  ਪਰਮਜੀਤ ਰਾਮਗੜ੍ਹੀਆ ਦਾ ਨਾਂ ਹਾਇਕੂ ਜਗਤ ਵਿੱਚ ਕਿਸੇ ਜਾਣ-ਪਹਿਚਾਣ ਦਾ ਮੁਥਾਜ਼ ਨਹੀਂ, ਸਗੋਂ ਜੇ ਇਹ ਕਿਹਾ ਜਾਵੇ ਕਿ ਪਰਮਜੀਤ ਦੀ ਸਾਹਿਤਕ ਖੇਤਰ ਵਿੱਚ ਹਾਇਕੂ ਕਰਕੇ ਪਛਾਣ ਹੈ, ਤਦ ਵੀ ਬਹੁਤਾ ਗਲਤ ਨਹੀ।ਵਟਸਐਪ ਅਤੇ ਫੇਸਬੁੱਕ ਉਪਰ ਅੰਤਰਰਾਸ਼ਟਰੀ ਹਾਇਕੂ ਗਰੁੱਪ “ਪੰਜਾਬੀ ਹਾਇਕੂ ਰਿਸ਼ਮਾਂ” ਤੋਂ ਸ਼ੁਰੂ ਕਰਕੇ ਬਲਾਗ ਅਤੇ ਈ-ਪੇਪਰ ਰਾਹੀਂ ਹੁੰਦੇ ਹੋਏ ਨਿਰੋਲ ਹਾਇਕੂ ਪੁਸਤਕਾਂ ਲਿਖਣ ਅਤੇ ਸੰਪਾਦਿਤ ਕਰਨ ਵਾਲਾ ਵਿਅਕਤੀ ਇਸ ਵਿਧਾ ਲਈ ਕਿੰਨਾ ਸਮਰਪਿਤ ਹੈ, ਅੰਦਾਜ਼ਾ ਲਗਾਇਆ ਜਾ ਸਕਦਾ ਹੈ।ਉਸ ਦੇ ਪ੍ਰਸੰਸਾਯੋਗ ਕਾਰਜ਼ਾਂ ਦੀ ਲੰਮੀ ਲੜੀ ਵਿਚੋਂ ਇੱਕ ਮਹੱਤਵਪੂਰਨ ਕਾਰਜ਼ ਹੋਰ ਲੇਖਕਾਂ ਨੂੰ ਇਸ ਵਿਧਾ ਨਾਲ ਜੋੜਨਾ, ਲਿਖਣ ਲਈ ਪ੍ਰੇਰਿਤ ਕਰਨਾ ਅਤੇ ਇਸ ਵਿਧਾ ਦੀ ਬਣਤਰ ਪ੍ਰਤੀ ਉਹਨਾਂ ਦੀ ਰਹਿਨੁਮਾਈ ਕਰਨਾ ਵੀ ਹੈ।
                 “ਪੰਜਾਬੀ ਹਾਇਕੂ ਸ਼ਾਇਰੀ” ਲੇਖਕ ਦਾ ਮੌਲਿਕ ਹਾਇਕੂ ਸੰਗ੍ਰਹਿ ਹੈ।ਜਿਸ ਵਿੱਚ ਵੱਖ-ਵੱਖ ਵਿਸ਼ਿਆਂ ‘ਤੇ ਲਿਖੇ ਲਗਭਗ 1000 ਦੇ ਕਰੀਬ ਹਾਇਕੂ ਹਨ।ਪੁਸਤਕ ਦੇ ਮੁੱਖ ਪੰਨੇ ‘ਤੇ ਸਮਰਪਣ ਵਜੋਂ ਲਿਖੇ ਸ਼ਬਦ ਧਿਆਨ ਮੰਗਦੇ ਹਨ –
                   “ਸਮਰਪਿਤ ਉਹਨਾਂ ਹਾਇਕੂ ਪਿਆਰਿਆਂ ਨੂੰ ਜਿਨ੍ਹਾਂ ਨੇ ਹਾਇਕੂ ਵਿਧਾ ਨੂੰ ਨਿੱਠ ਕੇ ਪੜ੍ਹਿਆ, ਲਿਖਿਆ ਤੇ ਇਸਦੇ ਪ੍ਰਚਾਰ ਤੇ ਪਸਾਰ ਵਿੱਚ ਆਪਣਾ ਬਹੁਮੁੱਲਾ ਯੋਗਦਾਨ ਪਾਇਆ”।
                   ਇਹ ਸ਼ਬਦ ਲੇਖਕ ਦੇ ਇਸ ਵਿਧਾ ਦੀ ਤਰੱਕੀ ਲਈ ਸੰਜੀਦਗੀ ਦਰਸਾਉਂਦੇ ਹਨ।ਪੁਸਤਕ ਦੀ ਭੂਮਿਕਾ ਵਿੱਚ ਹਾਇਕੂ ਬਾਰੇ ਦਿੱਤੀ ਗਈ ਜਾਣਕਾਰੀ ਮਹੱਤਵਪੂਰਨ ਹੈ, ਕਿਉਂਕਿ ਬਹੁਗਿਣਤੀ ਪਾਠਕ ਇਸ ਵਿਧਾ ਦੀਆਂ ਬਾਰੀਕੀਆਂ ਤੋਂ ਵਾਕਫ ਨਹੀਂ ਹਨ।
ਪੁਸਤਕ ਵਿੱਚ ਕੁੱਲ 7 ਵਿਸ਼ਿਆਂ ਛੋਹਿਆ ਗਿਆ ਹੈ : ਧਾਰਮਿਕ, ਰਾਜਨੀਤਿਕ, ਕੁਦਰਤੀ, ਰਿਸ਼ਤੇ-ਨਾਤੇ, ਨੈਤਿਕ ਕਦਰਾਂ ਕੀਮਤਾਂ, ਕਰੋਨਾ ਕਰੋਪੀ ਅਤੇ ਕੁੱਝ ਰਲੇ ਮਿਲੇ ਵਿਸ਼ਿਆਂ ‘ਤੇ ਹਾਇਕੂ ਹਨ।
                  ਲੇਖਕ ਦਾ ਜੀਵਨ-ਨਜ਼ਰੀਆ ਉਸ ਦੀ ਸਮਾਜ, ਧਰਮ, ਲੋਕਾਈ ਅਤੇ ਵੱਖ-ਵੱਖ ਵਿਸ਼ਿਆਂ ਪ੍ਰਤੀ ਪਹੁੰਚ ਉਸ ਦੀ ਲਿਖਤ ਵਿਚੋਂ ਪ੍ਰਗਟ ਹੋਇਆ ਕਰਦੀ ਹੈ। ਪੁਸਤਕ ਨੂੰ ਪੜਦਿਆਂ ਪਾਠਕ ਜਿਥੇ ਉਸ ਦੀ ਲਿਖਣ ਸ਼ੈਲੀ ਦਾ ਕਾਇਲ ਹੁੰਦਾ ਹੈ, ਉਥੇ ਵੱਖ-ਵੱਖ ਵਿਸ਼ਿਆਂ ਪ੍ਰਤੀ ਉਸ ਦੀ ਪਕੜ ਮਾਨਵੀਂ ਕਦਰਾਂ ਕੀਮਤਾਂ ਪ੍ਰਤੀ ਉਸ ਦੀ ਸੰਵੇਦਨਾ ਅਤੇ ਗਲਤ ਕੀਮਤਾਂ ਪ੍ਰਤੀ ਸੁਚੇਤ ਲਲਕਾਰ ਪਾਠਕ ਨੂੰ ਉਂਗਲੀ ਫੜ ਕੇ ਆਪਣੇ ਨਾਲ ਤੋਰ ਲੈਂਦੀ ਹੈ। ਉਸ ਦੀ ਕਲਮ ਨੇ ਉਸਦੀ ਰੂਹ ਨੂੰ ਹੀ ਕਾਗਜ਼ ‘ਤੇ ਪ੍ਰਗਟਾਇਆ ਹੈ :-

ਕੋਰੀ ਜ਼ਿੰਦਗੀ
ਕਲਮ ਤੇ ਕਾਗਜ਼
ਰੂਹ ਦੇ ਹਾਣੀ।

            ਕੁਦਰਤ ਦੇ ਦ੍ਰਿਸ਼ਾਂ ਨੂੰ ਰੂਪਮਾਨ ਕਰਦੇ ਹੋਏ ਹਾਇਕੂ ਉਸਦਾ ਦ੍ਰਿਸ਼-ਵਰਣਨ, ਸ਼ਬਦ-ਚੋਣ ਅਤੇ ਪ੍ਰਗਟਾਅ ਦਾ ਵਧੀਆ ਨਮੂਨਾ ਪੇਸ਼ ਕਰਦੇ ਹਨ :-

ਛੁਪਿਆ ਚੰਨ
ਬੱਦਲਾਂ ਦੇ ਓਹਲੇ
ਥੱਕਾਂ ਜੁਗਨੂੰ।

ਰਾਤ ਹਨੇਰੀ
ਬੱਦਲ ਗਰਜ਼ਣ
ਜ਼ਿੰਦ ਇਕੱਲੀ।

ਸਾਗਰ-ਛੱਲ
ਅੰਬਰ ਵੱਲ ਉੱਠੀ
ਪਹੁ-ਫੁਟਾਲੇ।

ਸੂਹੀ ਸਵੇਰ
ਗੁਲਾਬ ਦੇ ਮੁੱਖ `ਤੇ
ਤਰੇਲ-ਬੂੰਦਾਂ।

                 ਧਾਰਮਿਕ ਅਤੇ ਰਾਜਨੀਤਿਕ ਵਿਸ਼ੇ ‘ਤੇ ਲਿਖਣਾ ਬੜਾ ਜੌਖਿਮ ਭਰਿਆ ਹੁੰਦਾ ਹੈ ਕਿਉਂਕਿ ਸੱਚ ਲਿਖਿਆਂ ਭਾਵਨਾਵਾਂ ਨੂੰ ਸੱਟ ਲੱਗਦੀ ਹੈ ਅਤੇ ਝੂਠ ਲਿਖਣਾ ਇੱਕ ਸੁਹਿਰਦ ਲੇਖਕ ਦੀ ਆਤਮਾ ਨੂੰ ਗਵਾਰਾ ਨਹੀਂ ਹੁੰਦਾ।ਬਹੁਤ ਘੱਟ ਸ਼ਬਦਾਂ ਵਿੱਚ ਉਚ ਫਲਸਫਾ ਦੱਸਣਾ ਅਤੇ ਕੁਰੀਤੀਆਂ ਵਿਰੁਧ ਆਵਾਜ਼ ਉਠਾਉਣੀ ਸੌਖੀ ਨਹੀਂ ਹੁੰਦੀ ਸ਼ੁਰ ਦੇਖੋ-

ਸਾਧ ਬੂਥਨੇ
ਖਲਕਤ ਲੁੱਟਣ
ਹੱਥ ਤਸਬੀ।

ਕੂੜ ਦੀ ਕੈਂਚੀ
ਨੇਤਾ ਕੱਟਣ ਜੇਬਾਂ
ਕੂੜ ਬੋਲ ਕੇ।

ਬਣਕੇ ਨੇਤਾ
ਕਿੰਝ ਡੱਸਣ ਆਏ
ਸੱਪ ਦੋ-ਮੂੰਹੇ।

                 ਇਹਨਾਂ ਹਾਇਕੂਆਂ ਅੰਦਰ ਜੀਵਨ ਦੇ ਵੱਖ-ਵੱਖ ਪੱਖਾਂ ਨੂੰ ਦਰਸਾਇਆ ਗਿਆ ਹੈ।ਰਿਸ਼ਤਿਆਂ ਅੰਦਰ ਪਿਆਰ, ਨਿੱਘ, ਤਾਂਘ, ਬਿਰਹਾ ਅਤੇ ਮਿਲਾਪ ਦਾ ਜਿਕਰ ਹੈ, ਤਾਂ ਨਾਲ ਹੀ ਇੰਨ੍ਹਾਂ ਰਿਸ਼ਤਿਆਂ ਵਿੱਚ ਘਟਦਾ ਪਿਆਰ, ਮਾਇਆ ‘ਤੇ ਸਵਾਰਥ ਦਾ ਬੋਲਬਾਲਾ, ਭਰੂਣ-ਹੱਤਿਆ, ਬਜ਼ੁਰਗਾਂ ਦੀ ਬੇਕਦਰੀ, ਬੱਚਿਆਂ ਦੇ ਪਰਵਾਸ ਜਾਣ ਅਤੇ ਮਾਇਆ ਅਤੇ ਪਦਾਰਥਾਂ ਵਿੱਚ ਖਚਿਤ ਹੋਣ ਦੇ ਸਮਾਜਿਕ ਦੁਖਾਂਤ ਹਾਇਕੂਆਂ ਰਾਹੀਂ ਬਾਖੂਬੀ ਪ੍ਰਗਟ ਕੀਤੇ ਗਏ ਹਨ।

ਕੁੱਖ ਦੇ ਵੈਰੀ
ਕੰਜ਼ਕਾਂ ਨੇ ਲਜ਼ਭਦੇ
ਕੇਹਾ ਜ਼ਮਾਨਾ।

ਮਕਾਨ ਪਜ਼ਕੇ
ਦਿਲਾਂ ਵਿੱਚ ਦੂਰੀਆਂ
ਰਿਸ਼ਤੇ ਕੱਚੇ।

              ਇਸ ਤਰਾਂ ਪੰਜਾਬੀ ਹਾਇਕੂ ਸ਼ਾਇਰੀ ਇੱਕ ਅਜਿਹਾ ਗੁਲਦਸਤਾ ਬਣ ਜਾਂਦੀ ਹੈ ਜਿਸ ਵਿੱਚ ਵੱਖ-ਵੱਖ ਰੰਗਾਂ ਦੇ ਅਤੇ ਵੱਖ ਵੱਖ ਆਕ੍ਰਿਤੀਆਂ ਦੇ ਫੁੱਲਾਂ ਨੂੰ ਖੂਬਸੂਰਤੀ ਨਾਲ ਸਜਾਇਆ ਗਿਆ ਹੈ।ਹਾਇਕੂ ਦੇ ਖੇਤਰ ਵਿੱਚ ਲੇਖਕ ਤੋਂ ਹੋਰ ਵੱਡੀਆਂ ਆਸਾਂ ਹਨ। 1304202101

ਲੈਕ. ਜਸਵਿੰਦਰ ਸਿੰਘ ਰੁਪਾਲ
ਲੁਧਿਆਣਾ।
ਸੰਪਰਕ : 98147 15796

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …