Sunday, September 8, 2024

ਵਿਸਾਖੀ ਅਤੇ ਭੰਗੜਾ

                   ਵਿਸਾਖੀ ਦਾ ਤਿਓਹਾਰ ਪੰਜਾਬ ਦਾ ਖਾਸ ਤਿਓਹਾਰ ਹੈ।ਇਹ ਸਾਡੇ ਧਾਰਮਿਕ, ਸਮਾਜਿਕ, ਆਰਥਿਕ ਹਾਲਾਤਾਂ ਦੀ ਤਰਜ਼ਮਾਨੀ ਕਰਦਾ ਹੈ।ਵਿਸਾਖੀ ਦਾ ਸੰਬੰਧ ਗੋਇੰਦਵਾਲ ਸਾਹਿਬ ਦੀ ਬਾਉਲੀ, ਖਾਲਸਾ ਪੰਥ ਦੇ ਸਥਾਪਨਾ ਦਿਵਸ ਸ੍ਰੀ ਆਨੰਦਪੁਰ ਸਾਹਿਬ ਨਾਲ, ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ, ਜਲ੍ਹਿਆਂਵਾਲੇ ਬਾਗ ਤੇ ਕਣਕ ਦੀ ਫ਼ਸਲ ਨਾਲ ਵੀ ਹੈ।ਵਿਸਾਖੀ ਦਾ ਪੰਜਾਬੀ ਸਭਿਆਚਾਰ ਭੰਗੜੇ ਨਾਲ ਸਿੱਧਾ ਸਬੰਧ ਹੈ।ਪੰਜਾਬੀ ਨੱਚਣ ਟੱਪਣ ਦਾ ਸਬੱਬ ਤਾਂ ਬਣਾ ਹੀ ਲੈਂਦੇ ਹਨ।ਵਿਸਾਖੀ ਬਾਰੇ ਤਾਂ ਬਹੁਤ ਵਿਦਵਾਨ ਸੱਜਣਾ ਨੇ ਲਿਖਿਆ ਹੈ।ਮੈਂ ਇਸ ਦਿਨ ਤੇ ਭੰਗੜੇ ਦੀਆਂ ਰੌਣਕਾਂ ਲਾਉਂਦਾ ਹਾਂ।

ਕਾਲੀ ਡਾਂਗ ਪਿੱਤਲ ਦੇ ਕੋਕੇ, ਭੰਗੜਾ ਸਿਆਲ ਕੋਟ ਦਾ,
ਨਾਰੇ, ਨੀ ਨਾਰੇ ਵੇਖਦੀ ਜਾਵੀਂ ਮੈਂ ਸਦਕੇ ਬਲਿਹਾਰੇ ਓ!

              ਭੰਗੜਾ ਮਰਦਾਂ ਦਾ ਨਾਚ ਹੈ।ਕਿਆਸ ਕੀਤਾ ਜਾਂਦਾ ਹੈ ਕਿ ਮੱਧ ਏਸ਼ੀਆ ਤੋਂ ਜਦੋਂ ਆਰੀਅਨ ਏਥੇ ਆਏ ਤਾਂ ਪੰਜਾਬ ਦਾ ਪੌਣ ਪਾਣੀ ਦੇਖ ਖੁਸ਼ੀ ਵਿੱਚ ਨੱਚ ਉਠੇ।ਕਈਆਂ ਦੀ ਇੰਝ ਵੀ ਸੋਚ ਹੈ ਕਿ ਇਹ ਭੰਗ ਪੀਣ ਉਪਰੰਤ ਝੂਮਦੇ ਨੱਚਦੇ ਸਨ।ਭੰਗ ਤੋਂ ਭੰਗੜਾ ਸ਼ਬਦ ਬਣਿਆ ਹੋਵੇ।ਜੋ ਵੀ ਹੋਵੇ ਸੋ ਹੋਵੇ ਆਪਾਂ ਤਾਂ ਭੰਗੜੇ ਦੀ ਗੱਲ ਕਰਨੀ ਹੈ। ਇਸ ਨੂੰ ਵੈਸਾਖ ਮਹੀਨੇ ਦੀ ਪਹਿਲੀ ਤਾਰੀਖ ਨਾਲ ਜੋੜਿਆ ਜਾਂਦਾ ਹੈ।ਸਾਡੇ ਦੇਸ਼ ਦੀ 90% ਆਬਾਦੀ ਖੇਤੀ ਤੇ ਨਿਰਭਰ ਹੈ।ਮੁੱਖ ਫਸਲਾਂ ਹਾੜੀ ਸਾਉਣੀ ਨੂੰ ਹੀ ਤਿਆਰ ਹੁੰਦੀਆਂ ਹਨ।ਕਣਕ ਦੀ ਫਸਲ ਪੱਕ ਕੇ ਤਿਆਰ ਹੋ ਜਾਂਦੀ ਹੈ ਤੇ ਕਿਸਾਨ ਤੇ ਹੋਰ ਇਸ ਤੇ ਨਿਰਭਰ ਲੋਕ ਖੁਸ਼ੀ ਨਾਲ ਖੀਵੇ ਹੋ ਜਾਂਦੇ ਹਨ।ਲਹਿੰਦੇ ਚੜ੍ਹਦੇ ਪੰਜਾਬ ਵਾਸੀ ਤਾਂ ਭੰਗੜਾ ਪਾਉਣ ਲੱਗ ਪੈਂਦੇ ਹਨ।

ਭੰਗੜੇ ਦੀ ਪੋਸ਼ਾਕ ਚਾਦਰਾ ਕੁੜਤਾ, ਰੰਗੀਨ ਕੁੜਤੀ/ਵਾਸਕਟ ਤੁਰਲੇ ਵਾਲੀ ਪੱਗ, ਹੱਥ ਵਿੱਚ ਕੋਕੇ ਜੜੀ ਡਾਂਗ ਹੁੰਦੀ ਹੈ।
ਧਨੀ ਰਾਮ ਚਾਤ੍ਰਿਕ ਨੇ ਵੀ ਇੱਕ ਕਵਿਤਾ ਲਿਖੀ ਹੈ ਜੋ ਕਿਸਾਨ ਦੇ ਮੇਲੇ ਜਾਣ ਬਾਰੇ ਹੈ:-

ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ, ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ,
ਪੱਗ, ਝੱਗਾ, ਚਾਦਰਾ ਨਵਾਂ ਸਵਾਇ ਕੇ, ਸਮਾਂ ਵਾਲੀ ਡਾਂਗ ਉਤੇ ਤੇਲ ਲਾਇ ਕੇ,
ਕੱਛੇ ਮਾਰ ਵੰਝਲੀ ਆਨੰਦ ਛਾ ਗਿਆ, ਮਾਰਦਾ ਦਮਾਮੇ ਜੱਟ ਮੇਲੇ ਆ ਗਿਆ।

                   ਭੰਗੜਾ ਹਰ ਖੁਸ਼ੀ ਦੇ ਮੌਕੇ ਤੇ ਪਾਇਆ ਜਾਂਦਾ ਹੈ।ਵਿਆਹ, ਕਬੱਡੀ, ਛਿੰਜ, ਕੁਸ਼ਤੀ, ਉਰਸ ਤੇ ਹੋਰ ਮੇਲਿਆਂ ਤੇ ਵੀ ਪਾਇਆ ਜਾਂਦਾ ਹੈ।ਵੇਖਣ ਵਾਲੇ ਲੋਕ ਖੁੱਲ੍ਹੇ ਦਾਇਰੇ ਵਿੱਚ ਬੈਠ ਤੇ ਖੜ ਜਾਂਦੇ ਸਨ।ਭੰਗੜਾ ਪਾਉਣ ਵਾਲੇ ਤਿਆਰ-ਬਰ-ਤਿਆਰ ਹੋ ਮੈਦਾਨ ਵਿੱਚ ਆ ਜਾਂਦੇ।ਇੱਕ ਢੋਲੀ ਢੋਲ ‘ਤੇ ਡੱਗਾ ਲਾਉਂਦਾ ਹੈ।ਭੰਗੜਾ ਪਾਉਣਾ ਵੀ ਐਰੇ-ਗੈਰੇ ਨੱਥੂ ਖੈਰੇ ਦਾ ਕੰਮ ਨਹੀਂ ਹੈ।ਇਹ ਨੰਗੇ ਪੈਰੀ, ਪੱਟਾਂ ਪਿੰਨੀਆਂ ਦੇ ਜ਼ੋਰ ਅਤੇ ਕਮਾਏ ਹੋਏ ਸਰੀਰ ਵਾਲੇ ਹੀ ਪਾ ਸਕਦੇ ਹਨ।ਪਹਿਲੇ ਸਮਿਆਂ ਵਿੱਚ ਨਦੀ ਕਿਨਾਰੇ ਜਾਂ ਛੱਪੜ ਕਿਨਾਰੇ ਖੁੱਲ੍ਹੇ ਥਾਂ ਦੀ ਚੋਣ ਕੀਤੀ ਜਾਂਦੀ ਸੀ।
                     ਇੱਕ ਜਾਣਾ ਉੱਚੀ ਸੁਰ ਵਿੱਚ ਬੋਲੀ ਪਾਉਂਦਾ ਹੈ ਤੇ ਬਾਕੀ ਤੋੜਾ ਲਾਉਂਦੇ ਹਨ।ਬੋਲੀ ਦੇ ਅਖੀਰ ਵਿੱਚ ਬੱਲ-ਬੱਲੇ ਕਰਕੇ ਨੱਚਣ ਲੱਗ ਜਾਂਦੇ ਹਨ।ਹੁਣ ਤਾਂ ਭੰਗੜਾ ਸਟੇਜ਼ੀ ਭੰਗੜਾ ਹੋ ਗਿਆ ਹੈ, ਬੰਦਸ਼ਾਂ ਵਿੱਚ ਪੈਂਦਾ ਹੈ।ਭੰਗੜੇ ਵਾਲੇ ਗਿੱਟਿਆਂ ਉਪਰ ਘੁੰਗਰੂਆਂ ਵਾਲੀ ਪੱਟੀ ਵੀ ਬੰਨ ਲੈਂਦੇ ਹਨ।1962 ਵਿੱਚ ਮੇਰੀ ਭੈਣ ਦੀ ਸ਼ਾਦੀ ‘ਤੇ ਜੰਝ ਰਾਤ ਰਹੀ ਸੀ ਤੇ ਉਹਨਾਂ ਵਿੱਚੋਂ ਕੁੱਝ ਨੇ ਭੰਗੜਾ ਵੀ ਪਾਇਆ ਸੀ ਤੇ ਨੱਚ ਨੱਚ ਧਰਤੀ ਪੁੱਟ ਦਿੱਤੀ ਸੀ।
                     ਢੋਲੀ ਨੇ ਢੋਲ ਨੂੰ ਫੁੱਮਣ ਬੰਨ ਸ਼ਿੰਗਾਰ ਅਤੇ ਰੱਸੀ ਬੰਨ ਗੱਲ ਵਿੱਚ ਪਾਇਆ ਹੁੰਦਾ ਹੈ।ਦੋ ਤੂਤ ਦੀਆਂ ਕਾਨੀਆਂ, ਪਤਲੀ ਤੇ ਮੋਟੀ ਰੀਝ ਨਾਲ ਬਣਾਈ ਹੁੰਦੀ ਹੈ।ਉਸ ਦੇ ਇਰਦ ਗਿਰਦ ਭੰਗੜੇ ਵਾਲੇ ਖੜ ਜਾਂਦੇ ਹਨ ਤੇ ਢੋਲੀ ਢੋਲ ਵਜਾਉਂਦਾ ਹੈ।ਉਹ ਜਾਂ ਕੋਈ ਹੋਰ ਗੱਭਰੂ ਬੋਲੀ ਪਾਉਂਦਾ ਹੈ।ਨਾਲ ਹੀ ਬੱਲੇ ਢੋਲੀਆਂ, ਬੱਲੇ-ਬੱਲੇ, ਬੱਲੇ ਸ਼ੇਰਾ, ਸ਼ੀ,ਸ਼ੀ ਦੀਆਂ ਅਵਾਜ਼ਾ ਕੱਢਦੇ ਹਨ। ਚੁੱਟਕੀਆਂ ਤੇ ਤਾੜੀਆਂ ਵੀ ਵੱਜਦੀਆਂ ਹਨ:-

ਆ ਓਏ ਚੋਬਰਾ ਭੰਗੜਾ ਪਾਈਏ, ਆ ਓ ਝਨਾ ਕਿਨਾਰੇ,
ਲੱਕ ਮਸਤਾਨੀ ਦਾ ਹਵਾ ਵਿੱਚ ਮਾਰੇ ਹੁਲਾਰੇ, ਲੱਕ ਮਸਤਾਨੀ ਦਾ।

ਬਾਰੀ ਬਰਸੀ ਖੱਟਣ ਗਿਆ ਸੀ, ਕੀ ਖੱਟ ਕੇ ਲਿਆਇਆ?
ਖੱਟ ਕੇ ਲਿਆਂਦੇ ਛਾਪੇ ਤਿੰਨ ਰੰਗ ਨਹੀ ਲੱਭਣੇ:
ਹੁਸਨ ਜਵਾਨੀ ਮਾਪੇ।ਤਿੰਨ ਰੰਗ ਨਹੀਂ ਲੱਭਣੇ।

ਅਸੀਂ ਗੱਭਰੂ ਦੇਸ਼ ਪੰਜਾਬ ਦੇ, ਹਿੱਕਾਂ ਰੱਖਦੇ ਠਣੀਆਂ,
ਕੱਠੇ ਹੋ ਕੇ ਪਾਈਏ ਬੋਲੀਆਂ, ਮੁੱਛਾਂ ਰੱਖਦੇ ਖੜੀਆਂ,
ਰਲ ਮਿਲ ਪਾਉਂਦੇ ਭੰਗੜਾ, ਕਦੇ ਨਾ ਸਹਿੰਦੇ ਤੜੀਆਂ,
ਐਰ ਗੈਰ ਨਾਲ ਗੱਲ ਨਹੀਂ ਕਰਦੇ, ਵਿਆਹ ਕੇ ਲਿਆਉਂਦੇ ਪਰੀਆਂ,
ਵੇਲਾਂ ਧਰਮ ਦੀਆਂ, ਵਿੱਚ ਦਰਗਾਹ ਦੇ ਹਰੀਆਂ, ਵੇਲਾਂ ਧਰਮ ਦੀਆਂ।

ਦੇਸ ਪੰਜਾਬ ਦੇ ਗਭਰੂ ਵੇਖੋ, ਉੱਚੇ ਲੰਮੇ ਪਿਆਰੇ,
ਦੁੱਧ ਮਲਾਈਆਂ ਪੀ ਖਾ ਕੇ, ਜੁੱਸੇ ਇਹਨਾਂ ਸ਼ਿੰਗਾਰੇ,
ਵਿੱਚ ਭੰਗੜੇ ਦੇ ਇਵੇਂ ਲਿਸ਼ਕਣ ਜਿਉਂ ਅਬਰ ਦੇ ਤਾਰੇ,
ਨਰਮਾਂ ਚੁਗਦੀ ਦੇ ਝੁਮਕੇ ਲੈਣ ਹੁਲਾਰੇ, ਨਰਮਾਂ ਚੁਗਦੀ ਦੇ।

                  ਭੰਗੜੇ ਦਾ ਇੱਕ ਰੂਪ ਸਾਨੂੰ ਪੀੜ੍ਹੀਓ ਪੀੜ੍ਹੀ ਮਿਲਿਆ ਹੈ।ਹੁਣ ਇਸ ਦਾ ਵਪਾਰੀ ਰੂਪ ਹੋ ਗਿਆ ਹੈ।ਇਸ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਚਾਹੀਦਾ ਹੈ।ਕਾਂਟੋ ਨਚਾਈ ਜਾਂਦੀ ਹੈ।ਚਿਮਟਾ ਵਜਾਇਆ ਜਾਂਦਾ ਹੈ।ਮਲਵੱਈ ਬਾਬਿਆਂ ਦੇ ਭੰਗੜੇ ਵਿੱਚ ਬੁਗਚੂ ਵੀ ਵਜਦਾ ਦੇਖਦੇ ਹਾਂ:

ਪਿੰਡਾਂ ਵਿੱਚੋਂ ਪਿੰਡ ਸੁਣੀਦਾ, ਪਿੰਡ ਸੁਣੀਦਾ ਮੋਗਾ,
ਓਥੋਂ ਦਾ ਇੱਕ ਸਾਧ ਸੁਣੀਦਾ ਬੜੀ ਉਹਦੀ ਸੋਭਾ,
ਆਉਂਦੀ ਜਾਂਦੀ ਨੂੰ ਘੜਾ ਚੁੱਕਾ ਕੇ ਮਗਰੋਂ ਮਾਰਦਾ ਗੋਡਾ,
ਨੀ ਲੱਕ ਮੇਰਾ ਪਤਲਾ ਜਿਹਾ ਭਾਰ ਝੱਲਣ ਨਾ ਜੋਗਾ।

ਅਸੀਂ ਗੱਬਰੂ ਕੈਠਿਆਂ ਵਾਲੇ, ਛੱਡਦੇ ਨਹੀਂ ਬਾਂਹ ਫੜ ਕੇ,
ਤੈਨੂੰ ਮੇਲੇ ‘ਚੋਂ ਲਿਆ ਦੂੰ ਚੰਨੋਂ ਚੂੜੀਆਂ,
ਮੇਚਾ ਦੇਦੇ ਨੀ ਸੋਹਣੀਏ ਗੁੱਟ ਦਾ
ਹੱਟੀ ਭੱਠੀ ਚੱਲ ਪਈ ਗੱਲ ਤੇਰੀ ਤੇ ਮੇਰੀ,
ਪੁੱਤ ਜੱਟ ਦਾ ਕੱਲਾ, ਨਾ ਤੂੰ ਪਰਖ ਦਲੇਰੀ ਨੀ,
ਕੰਨ ਪੜਵਾ ਕੇ ਬਹਿਜੂਗਾ,
ਜੇ ਵੱਢੀ ਦਾ ਜੱਟ ਵਰੰਟਾਂ ਨਾਲ ਹੀ ਲੈ ਜਾਊਗਾ।

ਰੰਗ ਸੁਨਿਹਰੀ ਧਰਤ ਨੂੰ ਓ ਮੌਲਾ ਰੰਗੇ,
ਓ ਜਦ ਡੱਗਾ ਢੋਲ ‘ਤੇ ਵੱਜਦਾ ਮੈ ਭੰਗੜੇ ਪਾਵਾਂ; ਹੋ ਹੋ
ਪੁੱਤ ਜੱਟਾਂ ਦੇ ਬਲਾਉਂਦੇ ਬੱਕਰੇ ਪੁੱਤ ਜੱਟਾਂ ਦੇ,
ਮੋਢੇ ਉੱਤੇ ਡਾਂਗਾਂ ਧਰੀਆਂ, ਕੈਂਠੇ ਸੋਨੇ ਦੇ, ਸੋਨੇ ਦੇ ਗਰਦਨਾਂ ਲੰਬੀਆਂ,
ਚਿੱਟੇ ਚਾਦਰੇ ਸੁੰਬਰਦੇ ਧਰਤੀ, ਭਈ ਚਿੱਟੇ ਚਾਦਰੇ,
ਡੱਬਾਂ ਵਿੱਚ ਬੰਦ ਬੋਤਲਾਂ, ਹੱਟ ਪਾਸੇ,
ਜੱਟ ਨੂੰ ਰਾਹ ਛੱਡ ਦੇ, ਨੀ ਰੇਸ਼ਮੀਂ ਗਰਾਰੇ ਵਾਲੀਏ,
ਨੀ ਲੌਣ ਕਲੀਆਂ, ਲੌਣ ਕਲੀਆਂ ਕੰਨਾਂ ‘ਤੇ ਹੱਥ ਧਰ ਕੇ,
ਖੜੀ ਹੋ ਕੇ ਤੂੰ ਵੀਂ ਸੁਣ ਲਾ, ਨਾਰੇ, ਜੱਟਾਂ ਦੇ ਪੁੱਤ ਪਾਉਣ ਬੋਲੀਆਂ ਨੀ ਮੁਟਿਆਰੇ।

                    ਮੋਢਿਆਂ ਤੇ ਚੜ੍ਹ ਕੇ ਖੜੇ ਹੋ ਕੇ ਚੱਕਰ ਕੱਢਣਾ, ਬਲਦਾਂ ਦੀ ਜੋੜੀ ਬਣਨਾ, ਲੱਕ ਨੂੰ ਚੌਕੜਾ ਲਾ ਹਿੱਕ ਤਾਣ ਨੱਚਣਾ, ਰੇਲ ਗੱਡੀ ਆਦਿ ਹੋਰ ਸਾਂਘ ਬਣਾਉਣੇ।ਜਿਊਂਦੇ ਵੱਸਦੇ ਰਹਿਣ ਮੇਰੇ ਰੰਗਲੇ ਪੰਜਾਬ ਦੇ ਗੱਭਰੂ।ਪਤਾ ਨਹੀਂ ਕਿਹੜੀ ਨਜ਼ਰ ਲੱਗ ਗਈ ਜਵਾਨੀ ਨਸ਼ਿਆਂ ਨੇ ਖਾ ਲਈ ਹੈ।
ਕਾਸ਼ ਇਹ ਸੰਭਲ ਜਾਣ ਹਰ ਪਿੰਡ ਭੰਗੜੇ ਪੈਣ।13042021

ਮਨਜੀਤ ਸਿੰਘ ਸੌਂਦ ਟਾਂਗਰਾ
ਮੋ – 98037-61451

Check Also

ਖ਼ਾਲਸਾ ਕਾਲਜ ਵਿਖੇ ‘ਵਿੱਤੀ ਖੇਤਰ ਲਈ ਲੋੜੀਂਦੇ ਹੁਨਰ’ ਬਾਰੇ ਓਰੀਐਂਟੇਸ਼ਨ ਪ੍ਰੋਗਰਾਮ

ਅੰਮ੍ਰਿਤਸਰ, 7 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਐਂਡ ਬਿਜ਼ਨਸ ਐਡਮਿਨਿਸਟਰੇਸ਼ਨ ਵੱਲੋਂ …