Thursday, June 12, 2025
Breaking News

ਚੜਦੇ ਤੇ ਲਹਿੰਦੇ ਪੰਜਾਬ ਵਿਚ ਸ਼ੇਰੇ-ਪੰਜਾਬ ਨਾਲ ਸੰਬੰਧਿਤ ਇਕ ਵੀ ਸਮਾਰਕ ਸੁਰਖਿਅਤ ਨਹੀਂ-ਕੋਛੜ

2 ਨਵੰਬਰ ਨੂੰ ਹੈ ਮਹਾਰਾਜਾ ਰਣਜੀਤ ਸਿੰਘ ਦਾ 234ਵਾਂ ਜਨਮ ਦਿਹਾੜਾ

PPN01111433

ਮਹਾਰਾਜਾ ਰਣਜੀਤ ਸਿੰਘ ਦੀ ਖੰਡ੍ਹਰ ਵਿਚ ਤਬਦੀਲ ਹੋ ਚੁਕੀ ਪਿੰਡ ਧਣੋਏ ਕਲਾਂ ਦੀ ਬਾਰਾਂਦਰੀ, ਦੀਨਾ ਨਗਰ ਅਤੇ ਪਾਕਿਸਤਾਨ ਦੇ ਰਸੂਲ ਨਗਰ ਵਿਚਲੇ ਸ਼ਾਹੀ ਮਹਿਲ ਅਤੇ (ਹਾਸ਼ੀਏ ਵਿਚ) ਸ਼੍ਰੀ ਸੁਰਿੰਦਰ ਕੋਛੜ।
ਅੰਮ੍ਰਿਤਸਰ, 1 ਨਵੰਬਰ (ਪੰਜਾਬ ਪੋਸਟ ਬਿਊਰੋ)   – ਭਾਵੇਂ ਕਿ ਮੁੱਢ ਤੋਂ ਪੰਜਾਬ ਸੂਬੇ ਦੀ ਹਰ ਸਰਕਾਰ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦੇਣ ਦਾ ਦਾਅਵਾ ਕਰਦੀ ਆ ਰਹੀ ਹੈ, ਪਰੰਤੂ ਭਾਰਤੀ ਤੇ ਪਾਕਿਸਤਾਨੀ ਪੰਜਾਬ ਵਿਚ ਸ਼ੇਰ-ਏ-ਪੰਜਾਬ ਨਾਲ ਸੰਬੰਧਿਤ ਇਕ ਵੀ ਸਮਾਰਕ ਨੂੰ ਸਹਿਜ ਕੇ ਜਾਂ ਸੁਰਖਿਅਤ ਨਹੀਂ ਰੱਖਿਆ ਜਾ ਸਕਿਆ ਹੈ।ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ 2 ਨਵੰਬਰ ਨੂੰ ਮਨਾਏ ਜਾ ਰਹੇ ਜਨਮ ਦਿਹਾੜੇ ਦੇ ਸੰਬੰਧ ਵਿਚ ਭਾਰਤ-ਪਾਕਿਸਤਾਨ ਵਿਚ ਮੌਜੂਦ ਮਹਾਰਾਜਾ ਨਾਲ ਸੰਬੰਧਿਤ ਯਾਦਗਾਰਾਂ ਦੀ ਮੌਜੂਦਾ ਹਾਲਤ ਬਾਰੇ ਜਾਣਕਾਰੀ ਦਿੰਦੇ ਹੋਏ ਇਤਿਹਾਸਕਾਰ ਤੇ ਖੋਜਕਰਤਾ ਸ਼੍ਰੀ ਸੁਰਿੰਦਰ ਕੋਛੜ ਨੇ ਦੱਸਿਆ ਕਿ ਪੂਰਬੀ ਤੇ ਪੱਛਮੀ ਪੰਜਾਬ ਵਿਚ ਸ਼ੇਰੇ-ਪੰਜਾਬ ਨਾਲ ਸੰਬੰਧਿਤ ਪੰਜ ਦਰਜ਼ਨ ਤੋਂ ਜ਼ਿਆਦਾ ਸਮਾਰਕ, ਜਿਨ੍ਹਾਂ ਵਿਚ ਮਹਾਰਾਜਾ ਅਤੇ ਉਨ੍ਹਾਂ ਦੇ ਜਰਨੈਲਾਂ ਦੁਆਰਾ ਬਣਾਏ ਕਿਲ੍ਹੇ, ਹਵੇਲੀਆਂ, ਬਾਰਾਂਦਰੀਆਂ, ਸਮਾਧੀ ਸਮਾਰਕ, ਬਾਗ਼, ਗੁਰਦੁਆਰੇ ਅਤੇ ਮਹਿਲ ਸ਼ਾਮਲ ਹਨ; ਨੂੰ ਜ਼ਮੀਨਦੋਜ਼ ਕਰ ਦਿੱਤਾ ਗਿਆ ਹੈ ਅਤੇ ਬਹੁਤ ਸਾਰੇ ਸਮਾਰਕ ਖੰਡ੍ਹਰਾਂ ਦਾ ਰੂਪ ਵਿਚ ਅੱਜ ਵੀ ਮੌਜੂਦ ਹਨ।
ਸ਼੍ਰੀ ਕੋਛੜ ਨੇ ਦੱਸਿਆ ਕਿ ਜਿਥੇ ਪਾਕਿਸਤਾਨ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਗੁਜਰਾਂਵਾਲਾ ਸਥਿਤ ਜਨਮ ਸਥਾਨ ਉਨ੍ਹਾਂ ਦੀ ਜੱਦੀ ਹਵੇਲੀ ਨੂੰ ਪਾਰਕਿੰਗ ਅਤੇ ਮਾਰਕੀਟ ਵਿਚ ਤਬਦੀਲ ਕਰ ਦਿੱਤਾ ਗਿਆ ਹੈ, ਉਥੇ ਹੀ ਉਨ੍ਹਾਂ ਦੇ ਰਸੂਲ ਨਗਰ ਸਥਿਤ ਸ਼ਾਹੀ ਮਹਿਲ ਨੂੰ ਪਸ਼ੂ ਬੰਨਣ ਲਈ ਅਤੇ ਮਹਿਲ ਦੀਆਂ ਦੀਵਾਰਾਂ ਨੂੰ ਪਾਥੀਆਂ ਲਗਾਉਣ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ।ਪਾਕਿਸਤਾਨ ਦੇ ਅਲਗ-ਅਲਗ ਸ਼ਹਿਰਾਂ ਵਿਚ ਮੌਜੂਦ ਮਹਾਰਾਜਾ ਦੇ ਪਿਤਾ, ਦਾਦਾ, ਸਪੁੱਤਰਾਂ, ਰਾਣੀਆਂ ਅਤੇ ਜਰਨੈਲਾਂ ਦੀਆਂ ਸਮਾਧੀਆਂ ਨੂੰ ਕੂੜਾ-ਘਰ ਅਤੇ ਉਨ੍ਹਾਂ ਦੀਆਂ ਹਵੇਲੀਆਂ ਤੇ ਕਿਲ੍ਹਿਆਂ ਨੂੰ ਹੋਰਨਾਂ ਕਾਰਜਾਂ ਲਈ ਇਸਤੇਮਾਲ ਕੀਤਾ ਜਾ ਰਿਹਾ ਹੈ।ਉਹਨਾਂ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਦੁਆਰਾ ਦੀਨਾਨਗਰ ਵਿਚ ਬਣਵਾਏ ਗਏ ਸਮਰ ਹਾਊਸ ਸਹਿਤ ਅੰਮ੍ਰਿਤਸਰ ਵਿਚ ਤਾਮੀਰ ਕਰਵਾਏ ਗਏ ਵਿਰਾਸਤੀ ਸਮਾਰਕਾਂ, ਕਿਲ੍ਹਾ ਗੋਬਿੰਦਗੜ੍ਹ, ਰਾਮਬਾਗ (ਕੰਪਨੀ ਬਾਗ਼) ਅਤੇ ਉਸ ਵਿਚਲੇ ਸ਼ਾਹੀ ਮਹਿਲ, ਪਿੰਡ ਧਣੋਏ ਕਲਾਂ ਦੀ ਬਾਰਾਂਦਰੀ ਅਤੇ ਦਰਵਾਜ਼ਾ ਰਾਮਬਾਗ ਆਦਿ ਦੇ ਪ੍ਰਤੀ ਲੰਬੇ ਸਮੇਂ ਤੋਂ ਸਰਕਾਰ ਦੁਆਰਾ ਸਾਮ, ਦਾਮ, ਦੰਡ, ਭੇਦ ਦੀ ਨੀਤੀ ਅਪਨਾਈ ਜਾ ਰਹੀ ਹੈ।ਜਿਸ ਦੇ ਚਲਦਿਆਂ ਨਾ ਸਿਰਫ਼ ਇਨ੍ਹਾਂ ਸਮਾਰਕਾਂ ਅਤੇ ਮਹਾਰਾਜਾ ਨਾਲ ਸੰਬੰਧਿਤ ਇਤਿਹਾਸ ਨੂੰ ਹੀ ਖੁਰਦ-ਬੁਰਦ ਕੀਤਾ ਜਾ ਰਿਹਾ ਹੈ, ਸਗੋਂ ਸਮਾਰਕਾਂ ਦੇ ਚਲ ਰਹੇ ਨਵ-ਨਿਰਮਾਣ ਦੇ ਪ੍ਰਤੀ ਵੀ ਬੇਰੁਖੀ ਵਿਖਾਈ ਜਾ ਰਹੀ ਹੈ।
ਸ਼੍ਰੀ ਕੋਛੜ ਨੇ ਕਿਹਾ ਕਿ ਸਿੱਖ ਰਾਜ ਦੀ ਸ਼ਾਨ ਰਹੇ ਕਿਲ੍ਹਾ ਗੋਬਿੰਦਗੜ੍ਹ ਦੇ ਜ਼ਿਆਦਾਤਰ ਸਮਾਰਕਾਂ ਨੂੰ ਕਿਲ੍ਹੇ ਦਾ ਨਵ-ਨਿਰਮਾਣ ਕਰਾਉਣ ਵਾਲੇ ਵਿਭਾਗ ਦੁਆਰਾ ਜਲ੍ਹਿਆਂਵਾਲਾ ਬਾਗ਼ ਕਾਂਢ ਦੇ ਖਲਨਾਇਕ ਜਨਰਲ ਡਾਇਰ ਨਾਲ ਜੋੜਦਿਆਂ ਮਹਾਰਾਜਾ ਰਣਜੀਤ ਸਿੰਘ ਨੂੰ ਉਹਨਾਂ ਦੇ ਆਪਨੇ ਬਣਵਾਏ ਕਿਲ੍ਹੇ ਵਿਚੋਂ ਬਾਹਰ ਕਰ ਦਿੱਤਾ ਗਿਆ ਹੈ, ਉਥੇ ਹੀ ਮਹਾਰਾਜਾ ਦੁਆਰਾ ਅੰਮ੍ਰਿਤਸਰ ਦੇ ਰਾਮਬਾਗ਼ ਵਿਚ ਬਣਵਾਏ ਸ਼ਾਹੀ ਮਹਿਲ ਅਤੇ ਸ਼ਹਿਰ ਦੀ ਸੁਰਖਿਆ ਦੇ ਲਈ ਬਣਵਾਏ 12 ਦਰਵਾਜ਼ਿਆਂ ਵਿਚੋਂ ਸਿਰਫ਼ ਇਕੋ-ਇਕ ਬਾਕੀ ਬਚੇ ਦਰਵਾਜ਼ਾ ਰਾਮਬਾਗ਼ ਦੀ ਬਾਹਰੀ ਢਿਉੜੀ ਦੇ ਕਰਵਾਏ ਜਾ ਰਹੇ ਨਵ-ਨਿਰਮਾਣ ਦੀ ਗਤੀ ਨੂੰ ਵੇਖਦਿਆਂ ਹੋਇਆਂ ਇਹ ਕਹਿਣਾ ਅਸੰਭਵ ਹੋ ਰਿਹਾ ਹੈ ਕਿ ਵਿਰਾਸਤ ਪ੍ਰੇਮੀਆਂ ਨੂੰ ਇਨ੍ਹਾਂ ਸਮਾਰਕਾਂ ਦੇ ਦੀਦਾਰ ਕਰਨ ਲਈ ਅਜੇ ਹੋਰ ਕਿਨੇ ਵਰ੍ਹੇ ਇੰਤਜਾਰ ਕਰਨਾ ਹੋਵੇਗਾ?ਉਹਨਾਂ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੁਆਰਾ ਅੰਮ੍ਰਿਤਸਰ ਦੇ ਪਿੰਡ ਧਣੋਏ ਕਲਾਂ ਵਿਚ ਬਣਵਾਈ ਬਾਰਾਂਦਰੀ ਦੀ ਅਜ ਤੱਕ ਸਰਕਾਰ ਦੁਆਰਾ ਕੋਈ ਖ਼ਬਰ ਨਹੀਂ ਲਈ ਗਈ ਹੈ।ਜਿਸ ਕਾਰਣ ਉਪਰੋਕਤ ਬਾਰਾਂਦਰੀ ਦਾ ਭਵਿਖ ਪੂਰੀ ਤਰ੍ਹਾਂ ਨਾਲ ਖਤਰੇ ਵਿਚ ਹੈ ਅਤੇ ਖੰਡ੍ਹਰ ਦਾ ਰੂਪ ਲੈ ਚੁਕੀ ਇਹ ਬਾਰਾਂਦਰੀ ਕਦੇ ਵੀ ਡਿਗ ਸਕਦੀ ਹੈ।ਉਹਨਾਂ ਨੇ ਕਿਹਾ ਕਿ ਮਹਾਰਾਜਾ ਨਾਲ ਸੰਬੰਧਿਤ ਇਤਿਹਾਸ ਅਤੇ ਵਿਰਾਸਤੀ ਸਮਾਰਕ ਪਿੱਛਲੇ ਲੰਬੇ ਸਮੇਂ ਤੋਂ ਸੰਤਾਪ ਭੋਗ ਰਹੇ ਹਨ ਅਤੇ ਖੁਦ ਨਾਲ ਕੀਤੀ ਜਾ ਰਹੀ ਬੇ-ਇਨਸਾਫ਼ੀ ਦੀ ਦੁਹਾਈ ਦਿੰਦੇ ਪ੍ਰਤੀਤ ਹੋ ਰਹੇ ਹਨ।
ਸ਼੍ਰੀ ਕੋਛੜ ਨੇ ਕਿਹਾ ਕਿ ਪੂਰਵੀ-ਪੱਛਮੀ ਪੰਜਾਬ ਦੀਆਂ ਸੂਬਾ ਸਰਕਾਰਾਂ ਨੂੰ ਸ਼ੇਰੇ-ਪੰਜਾਬ ਨਾਲ ਸੰਬੰਧਿਤ ਸਮਾਰਕਦੇ ਰੱਖ-ਰਖਾਵ ਅਤੇ ਉਨ੍ਹਾਂ ਦੇ ਇਤਿਹਾਸ ਨਾਲ ਕੀਤੀ ਜਾ ਰਹੀ ਛੇੜ-ਛਾੜ ਦੇ ਸੰਬੰਧ ਵਿਚ ਸਖ਼ਤ ਕਦਮ ਚੁਕਣੇ ਚਾਹੀਦੇ ਹਨ, ਨਹੀਂ ਤਾਂ ਸਿੱਖ ਰਾਜ ਦੇ ਸੁਨਹਿਰੀ ਇਤਿਹਾਸ ਦੇ ਸਫ਼ਿਆਂ ਤੋਂ ਇਨ੍ਹਾਂ ਸਮਾਰਕਾਂ ਦੇ ਇਤਿਹਾਸ ਦੇ ਅਧਿਆਇ ਸਮਾਪਤ ਹੋਣ ਲਗਿਆਂ ਵਧੇਰੇ ਸਮਾਂ ਨਹੀਂ ਲੱਗੇਗਾ।

ਫੋਟੋ : ਮਹਾਰਾਜਾ ਰਣਜੀਤ ਸਿੰਘ ਦੀ ਖੰਡ੍ਹਰ ਵਿਚ ਤਬਦੀਲ ਹੋ ਚੁਕੀ ਪਿੰਡ ਧਣੋਏ ਕਲਾਂ ਦੀ ਬਾਰਾਂਦਰੀ, ਦੀਨਾ ਨਗਰ ਅਤੇ ਪਾਕਿਸਤਾਨ ਦੇ ਰਸੂਲ ਨਗਰ ਵਿਚਲੇ ਸ਼ਾਹੀ ਮਹਿਲ ਅਤੇ (ਹਾਸ਼ੀਏ ਵਿਚ) ਸ਼੍ਰੀ ਸੁੰਿਰਦਰ ਕੋਛੜ।

Check Also

ਕਵੀ ਰਵਿੰਦਰ ਸਿੰਘ ਨਾਲ ਸਿਰਜਣ ਪ੍ਰਕਿਰਿਆ ਦਾ 27ਵਾਂ ਸਮਾਗਮ ਸਫਲਤਾਪੂਰਵਕ ਸੰਪਨ

ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਨਾਦ ਪ੍ਰਗਾਸੁ ਸ੍ਰੀ ਸੰਸਥਾ ਵਲੋਂ ਸੰਚਾਲਿਤ ਮਹੀਨਾਵਾਰ ਸਾਹਿਤਕ …

Leave a Reply