ਸਿਨੇਮਾ ਘਰਾਂ, ਬਾਰ, ਜਿੰਮ, ਕੋਚਿੰਗ ਸੈਂਟਰ, ਖੇਡ ਕੰਪਲੈਕਸ 30 ਅਪ੍ਰੈਲ ਤੱਕ ਬੰਦ – ਡਿਪਟੀ ਕਮਿਸ਼ਨਰ
ਪਠਾਨਕੋਟ, 20 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਪੰਜਾਬ ਸਮੇਤ ਪੂਰੇ ਦੇਸ ਵਿਚ ਕੋਵਿਡ ਦੇ ਵੱਧ ਰਹੇ ਮਾਮਲਿਆਂ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਦੇ
ਗ੍ਰਹਿ ਮਾਮਲਿਆਂ ਅਤੇ ਨਿਆਂ ਵਿਭਾਗ ਵਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਨੇ ਕੋਵਿਡ ਦੇ ਚੱਲਦਿਆਂ ਜਿਲ੍ਹੇ ਦੀ ਹਦੂਦ ‘ਚ ਪਾਬੰਦੀਆਂ ਦੇ ਨਵੇਂ ਹੁਕਮ ਜਾਰੀ ਕੀਤੇ ਹਨ, ਜੋ ਕਿ 30 ਅਪ੍ਰੈਲ ਤੱਕ ਲਾਗੂ ਰਹਿਣਗੇ।
ਇਨ੍ਹਾਂ ਪਾਬੰਦੀਆਂ ਵਿੱਚ ਰਾਤ ਦੇ ਕਰਫਿਊ ਦਾ ਸਮਾਂ ਵਧਾ ਕੇ ਰਾਤ 8 ਵਜੇ ਤੋਂ ਸਵੇਰੇ 5 ਵਜੇ ਤੱਕ ਕੀਤਾ ਗਿਆ ਹੈ ਅਤੇ ਸਾਰੇ ਬਾਰ, ਸਿਨੇਮਾ ਹਾਲ, ਜਿੰਮ, ਸਪਾ, ਸਵੀਮਿੰਗ ਪੂਲ ਕੋਚਿੰਗ ਸੈਂਟਰ, ਖੇਡ ਕੰਪਲੈਕਸ ਬੰਦ ਰਹਿਣਗੇ ਅਤੇ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਰੈਸਟੋਰੈਂਟਾਂ ਅਤੇ ਹੋਟਲਾਂ ਨੂੰ ਸਿਰਫ ਖਾਣਾ ਘਰ ਲਿਜਾਣ ਤੇ ਹੋਮ ਡਿਲਿਵਰੀ ਦੀ ਇਜਾਜਤ ਦਿੱਤੀ ਗਈ ਹੈ।ਉਨ੍ਹਾਂ ਕਿਹਾ ਕਿ ਸੋਮਵਾਰ ਤੋਂ ਸ਼ਨੀਵਾਰ ਤੱਕ ਹੋਮ ਡਿਲਿਵਰੀ ਲਈ ਸਵੇਰੇ 5 ਵਜੇ ਤੋਂ ਰਾਤ 8 ਵਜੇ ਤੱਕ ਸਰਵਿਸ ਦੇ ਸਕਦੇ ਹਨ, ਪਰ ਐਤਵਾਰ ਨੂੰ ਪੂਰੀ ਤਰ੍ਹਾਂ ਨਾਲ ਬੰਦ ਰਹਿਣਗੇ।
ਹੁਕਮਾਂ ਅਨੁਸਾਰ ਜਿਲ੍ਹੇ ਵਿੱਚ ਵਿਆਹ ਤੇ ਸੰਸਕਾਰ ਸਮੇਤ 20 ਤੋਂ ਜਿਆਦਾ ਵਿਅਕਤੀਆਂ ਦੇ ਇਕੱਠਾਂ ‘ਤੇ ਪਾਬੰਦੀ ਰਹੇਗੀ ਅਤੇ 10 ਤੋਂ ਵੱਧ ਵਿਅਕਤੀਆਂ ਦੇ ਸਾਰੇ ਇਕੱਠਾਂ ਲਈ ਜਿਲ੍ਹਾ ਪ੍ਰਸਾਸ਼ਨ ਦੀ ਅਗਾਊਂ ਮਨਜ਼ੂਰੀ ਜਰੂਰੀ ਹੋਵੇਗੀ। ਉਨ੍ਹਾਂ ਕਿਹਾ ਕਿ ਵਿਆਹ ਅਤੇ ਸੰਸਕਾਰ ਲਈ ਮਨਜ਼ੂਰੀ ਲਈ ਇੱਕ ਹਲਫੀਆ ਬਿਆਨ ਦੇਣਾ ਹੋਵੇਗਾ ਕਿ ਕੋਵਿਡ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇਗੀ। ਜਾਰੀ ਹੁਕਮਾਂ ਅਨੁਸਾਰ ਜਿਨ੍ਹਾਂ ਵਿਅਕਤੀਆਂ ਨੇ ਕਿਧਰੇ ਵੀ ਵੱਡੇ ਇਕੱਠਾਂ ਵਿੱਚ ਸ਼ਮੂਲੀਅਤ ਕੀਤੀ ਹੈ (ਧਾਰਮਿਕ/ਸਿਆਸੀ/ਸਮਾਜਿਕ), ਉਨ੍ਹਾਂ ਨੂੰ ਘਰ ਵਾਪਸੀ ‘ਤੇ ਪ੍ਰੋਟੋਕਾਲ ਦੇ ਅਨੁਸਾਰ ਪੰਜ ਦਿਨਾਂ ਲਈ ਘਰ ਵਿੱਚ ਏਕਾਂਤਵਾਸ ਰਹਿਣਾ ਪਵੇਗਾ ਤੇ ਕੋਵਿਡ ਟੈਸਟ ਕਰਵਾਉਣਾ ਹੋਵੇਗਾ।
ਇਸ ਤੋਂ ਇਲਾਵਾ ਜਿਲ੍ਹੇ ਵਿੱਚ ਵਿਆਹ ਸਮਾਗਮਾਂ ਸਮੇਤ ਰਾਤ ਦੇ ਕਰਫਿਊ ਦਾ ਸਮਾਂ ਰਾਤ 8 ਵਜੇ ਤੋਂ ਸਵੇਰੇ 5 ਵਜੇ ਤੱਕ ਹੋਵੇਗਾ।ਹਾਲਾਂਕਿ ਜਹਾਜ਼, ਟਰੇਨਾਂ, ਬੱਸਾਂ ਆਦਿ ਰਾਹੀਂ ਸਫਰ ਕਰਨ ਵਾਲੇ ਯਾਤਰੀਆਂ ਦੇ ਨਾਲ ਨਾਲ ਉਦਯੋਗਾਂ ਨੂੰ ਚਲਾਉਣ ਸਮੇਤ ਸਾਰੀਆਂ ਜਰੂਰੀ ਗਤੀਵਿਧੀਆਂ ਨੂੰ ਕਰਫਿਊ ਪਾਬੰਦੀਆਂ ਤੋਂ ਛੋਟ ਹੋਵੇਗੀ।ਹੁਕਮਾਂ ਅਨੁਸਾਰ ਬੱਸਾਂ, ਟੈਕਸੀਆਂ ਅਤੇ ਆਟੋ ਆਦਿ ਜਨਤਕ ਟਰਾਂਸਪੋਰਟ ‘ਚ ਲੋਕਾਂ ਦੀ ਗਿਣਤੀ ਦੀ ਸਮਰੱਥਾ 50 ਫੀਸਦੀ ਰੱਖੀ ਜਾਵੇਗੀ। ਜਰੂਰੀ ਸੇਵਾਵਾਂ ਤੋਂ ਇਲਾਵਾ ਸਾਰੇ ਮਾਲ, ਮਾਰਕਿਟ ਦੁਕਾਨਾਂ ਰੇਸਟੋਰੈਂਟ ਸਮੇਤ ਹੋਟਲ ਐਤਵਾਰ ਅਤੇ ਸਾਰੀਆਂ ਹਫ਼ਤਾਵਾਰੀ ਮਾਰਕੀਟਾਂ ਬੰਦ ਰਹਿਣਗੀਆਂ।
ਉਨ੍ਹਾਂ ਕਿਹਾ ਕਿ ਵਿਆਹ ਸੋਮਵਾਰ ਤੋਂ ਸ਼ਨੀਵਾਰ ਤੱਕ ਸਵੇਰੇ 5 ਤੋਂ ਰਾਤ 8 ਵਜੇ ਤੱਕ ਕਰਨ ਦੀ ਆਗਿਆ ਹੋਵੇਗੀ, ਪਰ ਐਤਵਾਰ ਨੂੰ ਕੇਵਲ ਮੈਰਿਜ਼ ਪੈਲੇਸ ਵਿੱਚ ਸਵੇਰੇ 5 ਤੋਂ ਰਾਤ 8 ਵਜੇ ਤੱਕ ਮੈਰਿਜ਼ ਕਰਨ ਦੀ ਆਗਿਆ ਹੈ। ਹੋਟਲ ਪੂਰੀ ਤਰ੍ਹਾਂ ਨਾਲ ਬੰਦ ਰਹਿਣਗੇ ਅਤੇ ਹੋਟਲ ਵਿੱਚ ਐਤਵਾਰ ਨੂੰ ਵਿਆਹ ਨਹੀਂ ਕੀਤਾ ਜਾ ਸਕਦਾ।
Punjab Post Daily Online Newspaper & Print Media