ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ) – ਰਾਸ਼ਟਰੀ ਸਿਹਤ ਮਿਸ਼ਨ ਪੰਜਾਬ ਅਧੀਨ ਕੰਮ ਕਰ ਰਹੇ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸੂਬਾ ਸਰਕਾਰ ਦੇ
ਖ਼ਿਲਾਫ਼ ਆਰ-ਪਾਰ ਦੀ ਲੜਾਈ ਦਾ ਫੈਸਲਾ ਕੀਤਾ ਹੈ।ਇਸੇ ਸਿਲਸਿਲੇ ਵਿੱਚ ਅੱਜ ਐਨ.ਐਚ.ਐਮ ਦੀਆਂ ਸਮੂਹ ਮੁਲਾਜ਼ਮ ਜੱਥੇਬੰਦੀਆਂ ਦੀ ਸੂਬਾ ਪੱਧਰੀ ਮੀਟਿੰਗ ਹੋਈ।ਜਿਸ ਦੌਰਾਨ ਸਰਕਾਰ ਦੇ ਖਿਲਾਫ਼ ਆਪਣਾ ਰੋਸ ਜ਼ਾਹਿਰ ਕਰਦਿਆਂ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਵਿਭਾਗ ਦੇ ਅਧਿਕਾਰੀਆਂ ਨਾਲ ਹੋਈਆਂ ਮੀਟਿੰਗਾਂ ਵਿੱਚ ਕੁੱਝ ਮੁੱਦਿਆਂ ‘ਤੇ ਸਹਿਮਤੀ ਬਣਨ ਦੇ ਬਾਵਜ਼ੂਦ ਅੱਜ ਤੱਕ ਵਿਭਾਗ ਵੱਲੋਂ ਕੋਈ ਮੰਗ ਪ੍ਰਵਾਨ ਹੋਣ ਸਬੰਧੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਹੈ।
ਡਾ. ਇੰਦਰਜੀਤ ਸਿੰਘ ਰਾਣਾ ਅਤੇ ਅਮਰਜੀਤ ਸਿੰਘ ਨੇ ਜਾਰੀ ਬਿਆਨ ‘ਚ ਕਿਹਾ ਕਿ ਸੁੱਤੀ ਸਰਕਾਰ ਨੂੰ ਜਗਾਉਣ ਲਈ ਸਮੂਹ ਮੁਲਾਜ਼ਮਾਂ ਨੇ ਆਪਣੀਆਂ ਹੱਕੀ ਮੰਗਾਂ ਲਈ ਚੇਤਾਵਨੀ ਦੇ ਤੌਰ ‘ਤੇ 27 ਅਪ੍ਰੈਲ ਨੂੰ ਮੁਕੰਮਲ ਕੰਮ ਬੰਦ ਕਰਕੇ ਜਿਲਾ ਪੱਧਰ ‘ਤੇ ਇਕੱਠੇ ਹੋ ਕੇ ਸਰਕਾਰ ਦਾ ਪਿੱਟ-ਸਿਆਪਾ ਕਰਨ ਦਾ ਫੈਸਲਾ ਕੀਤਾ ਹੈ।
ਸੂਬਾ ਪ੍ਰਧਾਨ ਡਾ. ਇੰਦਰਜੀਤ ਸਿੰਘ ਰਾਣਾ ਨੇ ਕਿਹਾ ਕਿ ਰਾਸ਼ਟਰੀ ਸਿਹਤ ਮਿਸ਼ਨ ਅਧੀਨ 80 ਪ੍ਰਤੀਸ਼ਤ ਮਹਿਲਾ ਮੁਲਾਜ਼ਮਾਂ ਕੰਮ ਕਰ ਰਹੀਆਂ ਹਨ।ਹੁਣ ਤੱਕ 500 ਤੋਂ ਵੱਧ ਮੁਲਾਜ਼ਮਾਂ ਨੂੰ ਕੋਰੋਨਾ ਹੋ ਚੁੱਕਾ ਹੈ ਅਤੇ ਕਈ ਮੁਲਾਜ਼ਮਾਂ ਦੀਆਂ ਮੌਤਾਂ ਵੀ ਹੋ ਗੱਈਆਂ ਹਨ।ਪਰ ਇਸ ਸਭ ਦੇ ਬਾਵਜੂਦ ਸਰਕਾਰ ਸੁੱਤੀ ਪਈ ਹੈ।
ਇਸ ਮੌਕੇ ਐਨ.ਆਰ.ਐਚ.ਐਮ ਇੰਪਲਾਈਜ਼ ਐਸੋਸੀਏਸ਼ਨ ਪੰਜਾਬ, ਐਨ.ਐਚ.ਐਮ ਇੰਪਲਾਈਜ਼ ਯੂਨੀਅਨ, ਨਰਸਿਜ਼ ਇੰਪਲਾਈਜ਼ ਐਸੋਸੀਏਸ਼ਨ ਪੰਜਾਬ, ਕੰਟਰੈਕਚੁਅਲ ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਯੂਨੀਅਨ, ਆਯੂਸ਼ਮਾਨ ਪੰਜਾਬ, ਆਰ.ਬੀ.ਐਸ.ਕੇ ਇੰਪਲਾਈਜ਼ ਐਸੋਸੀਏਸ਼ਨ, ਆਰ.ਐਨ.ਟੀ.ਸੀ.ਪੀ ਕੰਟਰੈਕਚੁਅਲ ਇੰਪਲਾਈਜ਼ ਯੂਨੀਅਨ, ਸਾਂਝਾ ਮੋਰਚਾ ਲੈਬ ਟੈਕਨੀਸ਼ੀਅਨ ਯੂਨੀਅਨ, ਕਮਿਊਨਿਟੀ ਹੈਲਥ ਅਫ਼ਸਰ ਐਸੋਸੀਏਸ਼ਨ, ਸੂਬਾ ਕਮੇਟੀ ਮੈਂਬਰ, ਵੱਖ-ਵੱਖ ਜਿਲਿਆਂ ਦੇ ਜਿਲਾ ਪ੍ਰਧਾਨ ਅਤੇ ਕੈਡਰ ਆਗੂ, ਜਸਵਿੰਦਰ ਕੌਰ, ਮਨਿੰਦਰ ਸਿੰਘ, ਅਰੁਣ ਦੱਤ, ਕਿਰਣਜੀਤ ਕੌਰ, ਰਮਨਜੀਤ ਕੌਰ, ਹਰਪਾਲ ਸੋਢੀ, ਮਨਪ੍ਰੀਤ ਸਿੰਘ, ਕਮਲਜੀਤ ਕੌਰ, ਡਾ. ਸੁਮਿਤ ਸੈਣੀ, ਹਰਜਿੰਦਰ ਸਿੰਘ ਆਦਿ ਮੌਜੂਦ ਸਨ।
Check Also
ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ
ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …
Punjab Post Daily Online Newspaper & Print Media