ਕਿਸਾਨਾਂ ਨੂੰ 13 ਕਰੋੜ 80 ਲੱਖ ਰੁਪਏ ਕੀਤੀ ਕਣਕ ਦੀ ਅਦਾਇਗੀ
ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਹੈ ਕਿ ਜ਼ਿਲੇ੍ਹ ਵਿੱਚ ਪਨਗਰੇਨ ਏਜੰਸੀ ਨੇ ਬਾਕੀ ਖਰੀਦ
ਏਜੰਸੀਆਂ ਨੂੰ ਪਛਾੜ ਕੇ ਸਭ ਤੋ ਵੱਧ 30390 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਹੈ।ਜ਼ਿਲੇ੍ਹ ਦੀਆਂ ਮੰਡੀਆਂ ’ਚ ਬੀਤੇ ਦਿਨ ਤੱਕ 101684 ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਹੈ।ਜਿਸ ਵਿਚੋਂ ਵੱਖ-ਵੱਖ ਏਜੰਸੀਆਂ ਵਲੋਂ 85865 ਮੀਟਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ ਅਤੇ ਖਰੀਦ ਕੀਤੀ ਗਈ ਕਣਕ ਦੀ ਕਿਸਾਨਾਂ ਨੂੰ 13 ਕਰੋੜ 80 ਲੱਖ ਰੁਪਏ ਦੀ ਅਦਾਇਗੀ ਵੀ ਹੋ ਗਈ ਹੈ।ਉਹਨਾਂ ਦੱਸਿਆ ਕਿ ਪਨਗਰੇਨ ਏਜੰਸੀ ਵਲੋਂ 30390 ਮੀਟ੍ਰਿਕ ਟਨ, ਐਫ਼.ਸੀ.ਆਈ ਵਲੋਂ 5338, ਮਾਰਕਫੈਡ ਵਲੋਂ 28320 ਮੀਟ੍ਰਿਕ ਟਨ, ਪਨਸਪ ਵੱਲੋਂ 15899 ਮੀਟ੍ਰਿਕ ਟਨ ਅਤੇ ਪੰਜਾਬ ਵੇਅਰਹਾਊਸ ਕਾਰਪੋਰੇਸ਼ਨ ਵਲੋਂ 5918 ਮੀਟ੍ਰਿਕ ਟਨ ਕਣਕ ਖ਼ਰੀਦੀ ਗਈ ਹੈ।
ਉਹਨਾਂ ਕਿਹਾ ਕਿ ਮੰਡੀਆਂ ਵਿਚੋਂ ਖਰੀਦੀ ਗਈ ਕਣਕ ਦੀ ਚੁੱਕਵਾਈ ਤੇਜ਼ੀ ਨਾਲ ਕੀਤੀ ਜਾ ਰਹੀ ਹੈ ਅਤੇ ਸਾਰੀਆਂ ਖਰੀਦ ਏਜੰਸੀਆਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਮੰਡੀਆਂ ਵਿਚੋਂ ਖਰੀਦ ਕੀਤੀ ਗਈ ਕਣਕ ਦੀ ਚੁੱਕਾਈ ਵਿੱਚ ਤੇਜ਼ੀ ਲ਼ਿਆ ਕੇ ਕਿਸਾਨਾਂ ਨੂੰ ਅਦਾਇਗੀ 48 ਘੰਟਿਆਂ ਵਿੱਚ ਯਕੀਨੀ ਬਣਾਈ ਜਾਵੇ।ਖਹਿਰਾ ਨੇ ਕਿਹਾ ਕਿ ਮੰਡੀਆਂ ਵਿੱਚ ਕਿਸਾਨਾਂ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ।ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀਆਂ ਵਿੱਚ ਸੁੱਕੀ ਕਣਕ ਹੀ ਲੈ ਕੇ ਆਉਣ ਅਤੇ ਕੋਵਿਡ-19 ਸਬੰਧੀ ਜਾਰੀ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ।
Punjab Post Daily Online Newspaper & Print Media