Tuesday, March 3, 2026

ਆਂਗਨਵਾੜੀ ਮੁਲਾਜ਼ਮ ਯੂਨੀਅਨ ਵਲੋਂ ਸਿੱਖਿਆ ਮੰਤਰੀ ਦੇ ਘਰ ਅੱਗੇ 37ਵੇਂ ਦਿਨ ਧਰਨਾ ਜਾਰੀ

ਸਰਕਾਰ ਦੀ ਬੇਰੁਖ਼ੀ ਖ਼ਿਲਾਫ਼ 26 ਅਪ੍ਰੈਲ ਨੂੰ ਮਨਾਇਆ ਜਾਵੇਗਾ ਕਾਲਾ ਦਿਵਸ – ਗੁਰਮੇਲ ਕੌਰ

ਸੰਗਰੂਰ, 23 ਅਪ੍ਰੈਲ (ਜਗਸੀਰ ਲੌਂਗੋਵਾਲ) – ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਆਗੂਆਂ ਨੇ ਦੱਸਿਆ ਕਿ ਉਨਾਂ ਵਲੋਂ ਪਿਛਲੇ 37 ਦਿਨਾਂ ਤੋਂ ਲਗਾਤਾਰ ਪੰਜਾਬ ਦੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੇ ਘਰ ਅੱਗੇ ਆਪਣੀਆਂ ਮੰਗਾਂ ਨੂੰ ਲੈ ਕੇ ਪੱਕਾ ਮੋਰਚਾ ਲੱਗਾ ਹੋਇਆ ਹੈ।ਪਰ ਸਰਕਾਰ ਵਲੋਂ ਕੋਈ ਸਾਰ ਨਾ ਲਏ ਜਾਣ ਕਾਰਨ ਆਂਗਨਵਾੜੀ ਵਰਕਰਾਂ ਹੈਲਪਰਾਂ ਵਿਚ ਤਿੱਖਾ ਰੋਸ ਹੈ।ਇਸੇ ਸਬੰਧ ‘ਚ 26 ਅਪ੍ਰੈਲ ਕਾਲੇ ਚੋਲੇ ਪਾ ਕੇ ਤੇ ਕਾਲੇ ਦੁਪੱਟੇ ਲੈ ਕੇ ਕਾਲੇ ਦਿਵਸ ਦੇ ਰੂਪ ਵਿੱਚ ਮਨਾਇਆ ਜਾਵੇਗਾ।ਧਰਨੇ ਵਿਚ ਬਲਾਕ ਲੁਧਿਆਣਾ ਅਰਬਨ-2 ਜ਼ਿਲ੍ਹਾ ਲੁਧਿਆਣਾ ਦੀਆਂ ਵਰਕਰ ਹੈਲਪਰ ਭੈਣਾਂ ਨੇ ਭਾਗ ਲਿਆ।ਸੂਬਾ ਮੀਤ ਪ੍ਰਧਾਨ ਗੁਰਮੇਲ ਕੌਰ ਬਿੰਝੋਕੀ ਨੇ ਕਿਹਾ ਕਿ ਆਂਗਨਵਾੜੀ ਵਰਕਰਾਂ ਹੈਲਪਰਾਂ ਪਿਛਲੇ 45ਸਾਲਾਂ ਤੋਂ ਆਂਗਣਵਾੜੀ ਕੇਂਦਰਾਂ ਦੁਆਰਾ ਅਰਲੀ ਚਾਈਲਡ ਹੁਡ ਕੇਅਰ ਐਂਡ ਐਜੂਕੇਸ਼ਨ ਪਲਿਸੀ ਤਹਿਤ ਪ੍ਰੀ ਸਕੂਲ ਸਿੱਖਿਆ ਦਿੱਤੀ ਜਾਂਦੀ ਹੈ ਅਤੇ ਨਾਲ ਹੀ ਹੋਰ ਵੱਡਮੁਲੀਆਂ 5 ਸੇਵਾਵਾਂ ਨਿਊਟ੍ਰੇਸ਼ਨ, ਟੀਕਾਕਰਨ, ਸਿਹਤ ਜਾਂਚ, ਸਿਹਤ ਅਤੇ ਖ਼ੁਰਾਕ ਸਬੰਧੀ ਸਿੱਖਿਆ ਅਤੇ ਰੈਫਰਲ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ। ਪੰਜਾਬ ਦੇ ਲਗਭਗ 12 ਲੱਖ ਲਾਭਪਾਤਰੀ ਆਂਗਨਵਾੜੀ ਕੇਂਦਰਾਂ ਨਾਲ ਜੁੜੇ ਹੋਏ ਹਨ ਅਤੇ ਆਈ.ਸੀ.ਡੀ.ਐਸ ਸਕੀਮ ਦੇ ਲਾਭ ਪ੍ਰਾਪਤ ਕਰਦੇ ਹਨ।ਕਰੋਨਾ ਮਹਾਂਮਾਰੀ ਦੌਰਾਨ ਮਿਸ਼ਨ ਫਤਿਹ ਹੋਵੇ ਜਾਂ ਘਰ ਘਰ ਜਾ ਕੇ ਅਵੇਅਰ ਕਰਨਾ ਹੋਵੇ, ਘਰ ਘਰ ਪੈਨਸ਼ਨ ਪਹੁੰਚਣਾ ਹੋਵੇ ਤਾਂ ਆਂਗਨਵਾੜੀ ਵਰਕਰਾਂ ਬਿਨਾਂ ਸਰਕਾਰੀ ਸਹਾਇਤਾ ਦੇ ਘਰ-ਘਰ ਜਾ ਕੇ ਜਾਨ ਜ਼ੋਖਮ ਵਿੱਚ ਪਾਉਂਦੇ ਹੋਏ ਯੋਧਿਆਂ ਦੀ ਤਰ੍ਹਾਂ ਫਰੰਟ ‘ਤੇ ਕੰਮ ਕਰ ਰਹੀਆਂ ਹਨ।
                      ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਮਾਨਯੋਗ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੌਫੀ ਵਿਦ ਕੈਪਟਨ ਪ੍ਰੋਗਰਾਮ ਦੇ ਵਿ ਚ ਆਂਗਨਵਾੜੀ ਵਰਕਰਾਂ ਨਾਲ ਘੱਟੋ ਘੱਟ ਉਜ਼ਰਤ ਵਿੱਚ ਸ਼ਾਮਿਲ ਕਰਨ ਦਾ ਵਾਅਦਾ ਕੀਤਾ ਸੀ।ਪਰ ਚਾਰ ਸਾਲ ਬੀਤ ਜਾਣ ਦੇ ਬਾਅਦ ਵੀ ਕੋਈ ਸਾਰ ਨਾ ਲੈਂਦੇ ਹੋਏ ਸਗੋਂ ਕੇਂਦਰ ਵੱਲੋਂ ਵਧਾਏ ਪੰਦਰਾਂ ਸੌ ਰੁਪਏ ਵਿੱਚ 40% ਹਿੱਸਾ ਨਾ ਪਾਉਂਦੇ 600 ਰੁਪਏ ਵਰਕਰ 300 ਰੁਪਏ ਹੈਲਪਰ ਅਤੇ 500 ਰੁਪਏ ਮਿੰਨੀ ਵਰਕਰ ਦੇ ਕੱਟ ਲਏ ਗਏ ਹਨ।ਪੰਜਾਬ ਸਰਕਾਰ ਵਲੋਂ ਸਦਾ ਹੀ ਆਂਗਨਵਾੜੀ ਵਰਕਰਾਂ ਨੂੰ ਅੱਖੋਂ ਪਰੋਖੇ ਕਰਕੇ ਨਿੱਤ ਨਵੇਂ ਫ਼ਰਮਾਨ ਉਨਾਂ ਖ਼ਿਲਾਫ਼ ਲਿਆਂਦੇ ਜਾ ਰਹੇ ਹਨ।
                  ਧਰਨੇ ਵਿੱਚ ਸੂਬਾਈ ਵਰਕਿੰਗ ਕਮੇਟੀ ਮੈਂਬਰ ਚਰਨਜੀਤ ਕੌਰ ਪ੍ਰਤਿਭਾ ਸ਼ਰਮਾ ਅਰਬਨ 2 ਦੇ ਆਗੂ ਸ਼ਰਨਜੀਤ ਕੌਰ, ਚਰਨਜੀਤ ਕੌਰ, ਮਨਜੀਤ ਕੌਰ ਕਮਲਜੀਤ ਕੌਰ ਅਤੇ ਸਰਬਜੀਤ ਕੌਰ ਸੰਗਰੂਰ ਸ਼ਾਮਿਲ ਹੋਏ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …