ਅੰਮ੍ਰਿਤਸਰ, 27 ਅਪ੍ਰੈਲ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਕੋਵਿਡ ਦੇ ਚੱਲਦੇ ਲਗਾਈਆਂ ਪਾਬੰਦੀਆਂ ਤਹਿਤ ਵਿਆਹ ਵਿੱਚ ਵੱਧ ਇਕੱਠ ਹੋਣ ਕਾਰਨ
ਐਸ.ਡੀ.ਐਮ ਵਿਕਾਸ ਹੀਰਾ ਦੀ ਟੀਮ ਵਲੋਂ ਕਟੜਾ ਕਰਮ ਸਿੰਘ ਸਥਿਤ ਹਾਲ ਪਿਸ਼ੌਰੀਆਂ ਨੂੰ ਇਕ ਹਫਤੇ ਲਈ ਸੀਲ ਕਰ ਦਿੱਤਾ ਗਿਆ ਹੈ।
ਵਿਕਾਸ ਹੀਰਾ ਨੇ ਦੱਸਿਆ ਕਿ ਅੱਜ ਦੁਪਿਹਰ ਉਨਾਂ ਨੂੰ ਕੋਵਿਡ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਕਿ ਹਾਲ ਪਿਸ਼ੌਰੀਆਂ ਵਿਖੇ ਵਿਆਹ ਹੋ ਰਿਹਾ ਹੈ, ਜਿਸ ਵਿਚ ਸਰਕਾਰ ਦੀਆਂ ਹਦਾਇਤਾਂ ਦੇ ਉਲਟ ਵਾਧੂ ਇਕੱਠ ਕੀਤਾ ਗਿਆ ਹੈ।ਇਹ ਸੂਚਨਾ ਮਿਲਣ ‘ਤੇ ਉਨਾਂ ਪੁਲਿਸ ਪਾਰਟੀ ਨੂੰ ਨਾਲ ਲੈ ਕੇ ਰੇਡ ਕੀਤੀ ਅਤੇ ਵਾਧੂ ਇਕੱਠ ਹੋਣ ਕਾਰਨ ਜਿੱਥੇ ਪ੍ਰਬੰਧਕਾਂ ਖਿਲਾਫ ਪੁਲਿਸ ਕੇਸ ਦਰਜ਼ ਕਰਵਾਇਆ, ਉਥੇ ਮੈਰਿਜ਼ ਹਾਲ ਨੂੰ ਇਕ ਹਫਤੇ ਲਈ ਸੀਲ ਕਰ ਦਿੱਤਾ ਗਿਆ।
ਹੀਰਾ ਨੇ ਦੱਸਿਆ ਕਿ ਕੋਰੋਨਾ ਦੀ ਰਫਤਾਰ ਨੂੰ ਤੋੜਨ ਲਈ ਸਰਕਾਰ ਵਲੋਂ ਲਗਾਈਆਂ ਗਈਆਂ ਪਾਬੰਦੀਆਂ ਨੂੰ ਲਾਗੂ ਕਰਨ ਲਈ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਵਲੋਂ ਸਿਵਲ ਤੇ ਪੁਲਿਸ ਅਧਿਕਾਰੀਆਂ ਦੀ ਡਿਊਟੀ 24 ਘੰਟੇ ਲਈ ਲਗਾਈ ਗਈ ਹੈੈ।ਸਰਕਾਰ ਵਲੋਂ ਬਾਰ, ਸਿਨੇਮਾ, ਮਲਟੀਪੈਕਸ, ਸਪਾ, ਸਵਿੰਮਿੰਗ ਪੂਲ, ਕੋਚਿੰਗ ਸੈਂਟਰ, ਸਪੋਰਟ ਕੰਪਲੈਕਸ ਆਦਿ ਬੰਦ ਕੀਤੇ ਗਏ ਹਨ।ਸਾਰੇ ਰੈਸਟੋਰੈਂਟ ਤੇ ਹੋਟਲ ਕੇਵਲ ਖਾਣੇ ਦੀ ਡਿਲਵਰੀ ਤੱਕ ਸੀਮਤ ਕੀਤੇ ਗਏ ਹਨ।ਇਸ ਤੋਂ ਇਲਾਵਾ ਵਿਆਹ ਜਾਂ ਅੰਤਿਮ ਸੰਸਕਾਰ ਮੌਕੇ 20 ਤੋਂ ਵੱਧ ਵਿਅਕਤੀਆਂ ਦਾ ਇਕੱਠ ਬੰਦ ਹੈ। ਵਿਆਹ ਜਾਂ ਖੁਸ਼ੀ ਦੇ ਸਮਾਗਮ ਲਈ ਤਾਂ 10 ਤੋਂ ਵੱਧ ਵਿਅਕਤੀਆਂ ਦੇ ਇਕੱਠ ਕਰਨ ਲਈ ਜਿਲ੍ਹਾ ਪ੍ਰਸ਼ਾਸਨ ਤੋਂ ਪ੍ਰਵਾਨਗੀ ਲੈਣੀ ਜ਼ਰੂਰੀ ਹੈ।ਹੀਰਾ ਨੇ ਕਿਹਾ ਕਿ ਜੇਕਰ ਕੋਈ ਉਕਤ ਹਦਾਇਤਾਂ ਦੀ ਪਾਲਣਾ ਨਹੀਂ ਕਰੇਗਾ ਤਾਂ ਉਸ ਵਿਰੁੱਧ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਉਨਾਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਕੋਰੋਨਾ ਦੇ ਪਸਾਰ ਨੂੰ ਰੋਕਣ ਲਈ ਉਹ ਪ੍ਰਸਾਸ਼ਨ ਦੀ ਮਦਦ ਕਰਨ ਅਤੇ ਜਿਥੇ ਵੀ ਉਕਤ ਹਦਾਇਤਾਂ ‘ਤੇ ਅਮਲ ਹੁੰਦਾ ਨਜ਼ਰ ਨਾ ਆਵੇ ਤਾਂ ਕੰਟਰੋਲ ਰੂਮ ਨੰਬਰਾਂ 0183-2500398, 2500498, 2500598, 2500698 ਅਤੇ 2500798 ‘ਤੇ ਤਰੁੰਤ ਜਾਣਕਾਰੀ ਦੇਣ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media