Sunday, June 21, 2026

ਸਿਵਲ ਹਸਪਤਾਲ ਵਿੱਚ ਮੁੱਢਲੀਆਂ ਸਹੂਲਤਾਂ ਲਈ ਸਿਹਤ ਮੰਤਰੀ ਨੂੰ ਭੇਜਿਆ ਮੰਗ ਪੱਤਰ

ਕੋਵਿਡ ਵਾਰਡ, ਟਰੋਮਾ ਸੈਂਟਰ ਤੇ ਵੈਂਟੀਲੇਟਰ ਦਾ ਪ੍ਰਬੰਧ ਕਰੇ ਸਰਕਾਰ-ਸਮਰਾਲਾ ਸੋਸ਼ਲ ਵੈਲਫੇਅਰ ਸੁਸਾਇਟੀ

ਸਮਰਾਲਾ, 28 ਅਪ੍ਰੈਲ (ਕੰਗ) – ਇਲਾਕੇ ਦੀ ਸਮਾਜਸੇਵੀ ਅਤੇ ਮਨੁੱਖਤਾ ਦੀ ਭਲਾਈ ਦੇ ਕੰਮਾਂ ਨੂੰ ਪ੍ਰਣਾਈ ਸੰਸਥਾ ਸਮਰਾਲਾ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਸਮਰਾਲਾ ਦੇ ਸਿਵਲ ਹਸਪਤਾਲ ਵਿੱਚ ਮੁੱਢਲੀਆਂ ਸਹੂਲਤਾਂ, ਕੋਵਿਡ ਵਾਰਡ, ਟਰੋਮਾ ਸੈਂਟਰ ਅਤੇ ਵੈਂਟੀਲੇਟਰ ਦਾ ਪ੍ਰਬੰਧ ਕਰਨ ਲਈ ਤਹਿਸੀਲਦਾਰ ਨਵਦੀਪ ਸਿੰਘ ਭੋਗਲ ਸਮਰਾਲਾ ਰਾਹੀਂ ਬਲਬੀਰ ਸਿੰਘ ਸਿੱਧੂ ਸਿਹਤ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਿਆ ਹੈ।
                 ਸੁਸਾਇਟੀ ਦੇ ਚੇਅਰਮੈਨ ਐਡਵੋਕੇਟ ਗਗਨਦੀਪ ਸ਼ਰਮਾ, ਪ੍ਰਧਾਨ ਨੀਰਜ਼ ਸਿਹਾਲਾ ਅਤੇ ਜਨਰਲ ਸਕੱਤਰ ਦੀਪ ਦਿਲਬਰ ਨੇ ਦੱਸਿਆ ਕਿ ਕੋਵਿਡ ਮਹਾਂਮਾਰੀ ਦੇ ਚੱਲਦਿਆਂ ਪ੍ਰਾਈਵੇਟ ਹਸਪਤਾਲ ਲੋਕਾਂ ਤੋਂ ਮੋਟਾ ਪੈਸਾ ਵਸੂਲ ਰਹੇ ਹਨ। ਉਸ ਦਾ ਮੁੱਖ ਕਾਰਨ ਸਮਰਾਲਾ ਇਲਾਕੇ ਦੇ ਇੱਕੋ ਇਕ ਸਰਕਾਰੀ ਹਸਪਤਾਲ ਵਿੱਚ ਮੁੱਢਲੀਆਂ ਸਹੂਲਤਾਂ ਦਾ ਨਾ ਹੋਣਾ ਹੈ। ਆਗੂਆਂ ਨੇ ਦੱਸਿਆ ਕਿ ਉਨਾਂ ਦੀ ਸੁਸਾਇਟੀ ਵਲੋਂ ਤਹਿਸੀਲਦਾਰ ਸਮਰਾਲਾ ਨਵਦੀਪ ਭੋਗਲ ਰਾਹੀਂ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੂੰ ਇਕ ਮੰਗ ਪੱਤਰ ਭੇਜ ਕੇ ਮੰਗ ਕੀਤੀ ਗਈ ਹੈ ਕਿ ਸਿਵਲ ਹਸਪਤਾਲ ਸਮਰਾਲਾ ਵਿਖੇ ਇਕ ਕੋਵਿਡ ਵਾਰਡ, ਟਰੋਮਾ ਸੈਂਟਰ ਅਤੇ ਵੈਂਟੀਲੇਟਰ ਦਾ ਪ੍ਰਬੰਧ ਜਲਦ ਤੋਂ ਜਲਦ ਕੀਤਾ ਜਾਵੇ ਤਾਂ ਜੋ ਕਿਸੇ ਵੀ ਮਰੀਜ਼ ਨੂੰ ਆਕਸੀਜਨ ਦੀ ਘਾਟ ਅਤੇ ਹੋਰ ਮੁੱਢਲੀਆਂ ਸਹੂਲਤਾਂ ਦੀ ਘਾਟ ਕਾਰਨ ਆਪਣੀ ਕੀਮਤੀ ਜਾਨ ਤੋਂ ਹੱਥ ਨਾ ਧੋਣੇ ਪੈਣ।
                ਦੱਸਣਯੋਗ ਹੈ ਕਿ ਪੰਜਾਬ ਦੀ ਸਭ ਤੋਂ ਪੁਰਾਣੀ ਤਹਿਸੀਲ ਸਮਰਾਲਾ ਜਿਸ ਦੇ ਪਿੰਡਾਂ ਦੀ ਗਿਣਤੀ ਵੀ ਲਗਭਗ ਦੋ ਸੌ ਦੇ ਕਰੀਬ ਹੈ ਅਤੇ ਦੋ ਸ਼ਹਿਰ ਸਮਰਾਲਾ ਅਤੇ ਮਾਛੀਵਾੜਾ ਸਾਹਿਬ ਵੀ ਹਨ।ਏਨੇ ਵੱਡੇ ਇਲਾਕੇ ਦੀਆਂ ਸਿਹਤ ਸਹੂਲਤਾਂ ਲਈ ਸਿਰਫ ਸਿਵਲ ਹਸਪਤਾਲ ਸਮਰਾਲਾ ਹੀ ਇਕ ਮੁੱਖ ਕੇਂਦਰ ਹੈ।ਪਰ ਇਸ ਹਸਪਤਾਲ ਵਿੱਚ ਵੀ ਡਾਕਟਰਾਂ, ਨਰਸਾਂ, ਹੋਰ ਹੈਲਥ ਵਰਕਰਾਂ ਦੀ ਘਾਟ, ਐਂਬੂਲੈਂਸ ਦੀ ਘਾਟ, ਇੱਥੋਂ ਤੱਕ ਕਿ ਰਿਹਾਇਸ਼ੀ ਇਮਾਰਤ ਦੀ ਵੀ ਘਾਟ ਹੈ।
ਸੁਸਾਇਟੀ ਦੇ ਕਨਵੀਨਰ ਰਾਜਵਿੰਦਰ ਸਮਰਾਲਾ ਅਤੇ ਵਾਈਸ ਚੇਅਰਮੈਨ ਇੰਦਰੇਸ ਜੈਦਕਾ ਨੇ ਕਿਹਾ ਹੈ ਕਿ ਸਮਾਜਸੇਵੀ ਸੰਸਥਾਵਾਂ ਦੇ ਯਤਨਾਂ ਸਦਕਾ ਚਾਲੂ ਕਰਵਾਈ ਬਲੱਡ ਬੈਂਕ ਵਿੱਚ 24 ਘੰਟੇ ਖੂਨ ਦੀ ਉਪਲਬਧਤਾ ਯਕੀਨੀ ਬਣਾਈ ਜਾਵੇ ਤਾਂ ਜੋ ਲੋੜਵੰਦਾਂ ਨੂੰ ਵੇਲੇ ਸਿਰ ਖੂਨ ਪ੍ਰਾਪਤ ਹੋ ਸਕੇ। ਮੰਗ-ਪੱਤਰ ਦੇਣ ਸਮੇਂ ਇੰਦਰਜੀਤ ਸਿੰਘ ਕੰਗ, ਅਮਨਦੀਪ ਕੌਂਸਲ, ਸੁਰਿੰਦਰ ਸਿੰਘ ਬੇਦੀ, ਮਨੀ ਪਾਠਕ, ਸ਼ੰਕਰ ਕਲਿਆਣ ਅਤੇ ਅਮਰਜੀਤ ਸਿੰਘ ਬੁਆਲ ਆਦਿ ਹਾਜ਼ਰ ਸਨ।

Check Also

ਅਗਨੀਵੀਰਾਂ ਅਤੇ ਭਾਰਤੀ ਫੌਜ ਦੇ ਜਵਾਨਾਂ ਲਈ ਉਚ ਸਿੱਖਿਆ ਦੇ ਨਵੇਂ ਦਰਵਾਜ਼ੇ ਖੁੱਲ੍ਹੇ

ਅੰਮ੍ਰਿਤਸਰ, 21 ਜੂਨ (ਸੁਖਬੀਰ ਸਿੰਘ ਖੁਰਮਣੀਆਂ) ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੇ ਉੱਚੇ ਵਿਜ਼ਨ, ਦੂਰਅੰਦੇਸ਼ੀ …