Friday, November 22, 2024

ਸਿਆਸੀ ਪਾਰਟੀਆਂ ਦੇ ਝੰਡੇ ਛੱਡ ਕੇ ਅੱਜ ਕਿਸਾਨੀ ਝੰਡੇ ਚੁੱਕਣ ਦੀ ਵੱਡੀ ਲੋੜ – ਕਿਸਾਨ ਆਗੂ

ਕੇਂਦਰ ਵਲੋਂ ਡਾਂਗ ਦੇ ਜ਼ੋਰ ‘ਤੇ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਕੀਤੀਆਂ ਜਾ ਰਹੀਆਂ ਹਨ ਲਾਗੂ

ਨਵੀਂ ਦਿੱਲੀ, 5 ਮਈ (ਜਗਸੀਰ ਲੌਂਗੋਵਾਲ) – ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਲੈ ਕੇ ਲਗਾਤਾਰ ਦਿੱਲੀ ਦੀਆਂ ਹੱਦਾਂ `ਤੇ ਚੱਲ ਰਹੇ ਮੋਰਚੇ `ਚ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਟਿਕਰੀ ਬਾਰਡਰ `ਤੇ ਗ਼ਦਰੀ ਬੀਬੀ ਗੁਲਾਬ ਕੌਰ ਨਗਰ ਸਟੇਜ਼ ਦੀ ਸ਼ੁਰੂਆਤ ਨੌਜਵਾਨ ਸਟੇਜ਼ ਸਕੱਤਰ ਯੁਵਰਾਜ ਘੁਡਾਣੀ ਰਾਹੀਂ ਡਾ: ਦਵਿੰਦਰ ਧੋਲਾ, ਜੋਗੀ ਨੰਗਲਾ, ਹਰਮੇਲ ਘਾਲੀ, ਰਾਮ ਨਿਰਮਾਣ, ਕਵੀਸ਼ਰ ਜਗਦੇਵ ਛਾਜਲੀ ਆਦਿ ਜਥੇਬੰਦੀ ਦੇ ਕਲਾਕਾਰਾਂ ਵਲੋਂ ਗਾਏ ਇਨਕਲਾਬੀ ਗੀਤਾਂ, ਕਵੀਸ਼ਰੀਆਂ ਨਾਲ ਕੀਤੀ ਗਈ।
              ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਰੂਪ ਸਿੰਘ ਛੰਨਾਂ ਨੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਡਬਲਯੂ.ਟੀ.ਓ ਦੀਆਂ ਸਿਫ਼ਾਰਸ਼ਾਂ ‘ਤੇ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਲਾਗੂ ਕਰਨ ਦਾ ਅਮਲ ਹਿੰਦੋਸਤਾਨ ਅੰਦਰ 1991 ਤੋਂ ਲਗਤਾਰ ਚੱਲ ਰਿਹਾ ਹੈ।ਕਿਸਾਨਾਂ ਦੀਆਂ ਜ਼ਮੀਨਾਂ ਲੁਕਵੇਂ ਢੰਗ ਰਾਹੀਂ ਸਾਮਰਾਜ ਦੇ ਦਾਬੇ ਹੇਠ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕੀਤੀਆਂ ਜਾ ਰਹੀਆਂ ਹਨ।ਮੋਦੀ ਹਕੂਮਤ ਵਲੋਂ ਦੂਸਰੀ ਪਾਰੀ ਜਿੱਤਣ ਤੋਂ ਬਾਅਦ ਇਸ ਦੀ ਸ਼ੁਰੂਆਤ ਜੰਮੂ-ਕਸ਼ਮੀਰ `ਚ ਧਾਰਾ 370 ਅਤੇ 35 ਏ ਤੋੜ ਕੇ ਜੰਮੂ-ਕਸ਼਼ਮੀਰ ਨੂੰ ਸੂਬੇ ਦੇ ਹੱਕਾਂ ਤੋਂ ਵਾਂਝਾ ਕੀਤਾ ਫਿਰ ਸਾਰੇ ਸੂਬਿਆਂ ਅੰਦਰ ਡਾਂਗ ਦੇ ਜ਼ੋਰ ਨਾਲ ਸਾਮਰਾਜੀ ਤੇ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ।ਉਨ੍ਹਾਂ ਕਿਹਾ ਕਿ ਇਸ ਵਰਤਾਰੇ ਨੂੰ ਠੱਲਣ ਲਈ ਸਿਆਸੀ ਪਾਰਟੀਆਂ ਦੇ ਝੰਡੇ ਛੱਡ ਕੇ ਕਿਸਾਨੀ ਝੰਡੇ ਚੁੱਕਣ ਦੀ ਅੱਜ ਵੱਡੀ ਲੋੜ ਹੈ ਫਿਰ ਹੀ ਜ਼ਮੀਨਾਂ ਨੂੰ ਬਚਾਇਆ ਜਾ ਸਕਦਾ ਹੈ।
               ਹਰਿਆਣਾ ਤੋਂ ਵੇਦ ਪ੍ਰਕਾਸ਼ ਨੇ ਕਿਹਾ ਕਿ ਕਿਸਾਨਾਂ ਦੀ ਕੋਈ ਜਾਤ ਜਾਂ ਧਰਮ ਨਹੀਂ ਹੁੰਦਾ ਸਿਰਫ਼ ਕਿਸਾਨੀ ਹੀ ਸਾਡਾ ਧਰਮ ਹੈ।ਧਰਮ ਨੂੰ ਮੰਨਣਾ ਜਾਂ ਨਾ ਮੰਨਣਾ ਹਰ ਇਕ ਵਿਅਕਤੀ ਦਾ ਨਿੱਜੀ ਮਾਮਲਾ ਹੈ।ਇਸ ਕਰਕੇ ਸਾਡਾ ਕੌਮੀ ਝੰਡਾ ਧਰਮ ਨਿਰਪੱਖ ਬਣਾਇਆ ਗਿਆ ਹੈ।ਸੋ ਆਓ ਧਰਮਾਂ, ਜਾਤਾਂ ਤੋਂ ਉਪਰ ਉਠ ਕੇ ਸੰਘਰਸ਼ ਦੇ ਰਾਹ ਪਈਏ।ਕੁਲਦੀਪ ਸਿੰਘ ਜਿਲ੍ਹਾ ਪ੍ਰਧਾਨ ਅੰਮ੍ਰਿਤਸਰ ਨੇ ਕਿਹਾ ਕਿ ਕਿਵੇਂ ਸੰਵਿਧਾਨ ਦੀ 73ਵੀਂ ਸੋਧ ਰਾਹੀਂ ਨਿੱਜੀਕਰਨ, ਉਦਾਰੀਕਰਨ, ਸੰਸਾਰੀਕਰਨ ਦਾ ਰਾਹ ਖੋਲ੍ਹਿਆ ਗਿਆ ਹੈ।ਭਾਰੀ ਬਹੁਮਤ ਨਾਲ ਬਣੀ ਭਾਜਪਾ ਦੀ ਕੇਂਦਰ ਸਰਕਾਰ ਇਨ੍ਹਾਂ ਨੀਤੀਆਂ ਨੂੰ ਛੇਤੀ ਲਾਗੂ ਕਰ ਰਹੀ ਹੈ।ਸਾਡਾ ਸਭ ਕੁੱਝ ਪ੍ਰਾਈਵੇਟ ਕੰਪਨੀਆਂ ਦੇ ਹਵਾਲੇ ਕੀਤਾ ਜਾ ਰਿਹਾ ਹੈ।ਨੌਜਵਾਨ ਬੁਲਾਰੇ ਮਨਪ੍ਰੀਤ ਸਿੰਘ ਸਿੰਘੇਵਾਲਾ ਨੇ ਕਿਹਾ ਕਿ ਕਿਵੇਂ ਕੋਰੋਨਾ ਦੀ ਆੜ ਹੇਠ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਨੂੰ ਬੰਦ ਕਰਕੇ ਨੌਜਵਾਨਾਂ ਨੂੰ ਪੜ੍ਹਾਈ ਤੋਂ ਦੂਰ ਧੱਕਿਆ ਜਾ ਰਿਹਾ ਹੈ ਅਤੇ ਬੇਰੁਜ਼ਗਾਰੀ ਦੇ ਦੈਂਤ ਮੂਹਰੇ ਧੱਕਿਆ ਜਾ ਰਿਹਾ ਹੈ ਉਨਾਂ ਨੌਜਵਾਨਾਂ ਨੂੰ ਸੱਦਾ ਦਿੰਦਿਆਂ ਸੰਘਰਸ਼ ਵਿੱਚ ਵੱਡੇ ਪੱਧਰ ‘ਤੇ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ।
                 ਰਾਮ ਸਿੰਘ ਚੁੱਘੇ ਕਲਾਂ ਨੇ ਦੱਸਿਆ ਕਿ ਕਿਵੇਂ ਸਾਡੇ ਪਿੰਡਾਂ ਨੇੜੇ ਕਿਸਾਨਾਂ ਤੋਂ ਧੱਕੇ ਨਾਲ ਜ਼ਮੀਨ ਲੈ ਕੇ ਇੱਕ ਹਜ਼ਾਰ ਏਕੜ ਵਿੱਚ ਅਡਾਨੀ ਗਰੁੱਪ ਦਾ ਸੋਲਰ ਪਲਾਂਟ ਲਗਾਇਆ ਗਿਆ ਅਤੇ ਹੁਣ ਉਨ੍ਹਾਂ ਪਰਿਵਾਰਾਂ ਦੇ ਬੱਚਿਆਂ ਦੇ ਵਿਆਹ ਵਗੈਰਾ ਵੀ ਕਰਨੇ ਮੁਸ਼ਕਲ ਹੋਏ ਪਏ ਹਨ ਕਿਉਂਕਿ ਜੋ ਜ਼ਮੀਨ ਸੀ ਉਹ ਸੋਲਰ ਪਲਾਂਟ ਕੋਲ ਚਲੀ ਗਈ।
             ਅੱਜ ਦੀ ਸਟੇਜ ਤੋਂ ਬਹਾਦਰ ਸਿੰਘ ਭੁਟਾਲ, ਹਰਬੰਸ ਸਿੰਘ ਕੋਟਲੀ ਅਤੇ ਸਰਬਜੀਤ ਸਿੰਘ ਭਰਥਲਾ ਨੇ ਵੀ ਸੰਬੋਧਨ ਕੀਤਾ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …