Wednesday, June 24, 2026

ਖ਼ਾਲਸਾ ਕਾਲਜ ਵਿਖੇ ‘ਇਕਬਾਲ ਰਾਮੂਵਾਲੀਆ ਸਿਮ੍ਰਤੀ ਗ੍ਰੰਥ’ ਰਲੀਜ਼

ਅੰਮ੍ਰਿਤਸਰ, 5 ਮਈ (ਖੁਰਮਣੀਆਂ) – ਖ਼ਾਲਸਾ ਕਾਲਜ ਦੇ ਪੰਜਾਬੀ ਵਿਭਾਗ ਵਲੋਂ ‘ਇਕਬਾਲ ਰਾਮੂਵਾਲੀਆ ਸਿਮ੍ਰਤੀ ਗ੍ਰੰਥ’ ਰਲੀਜ਼ ਕੀਤਾ ਗਿਆ। ਕੋਵਿਡ-19 ਸੰਬੰਧੀ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਕਰਦਿਆਂ ਪੰਜਾਬੀ ਵਿਭਾਗ ਦੀ ਲਾਇਬ੍ਰੇਰੀ ’ਚ ਰੱਖੇ ਸੰਖੇਪ ਪਰ, ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸਿਮ੍ਰਤੀ ਗ੍ਰੰਥ ਰਿਲੀਜ਼ ਕਰਨ ਉਪਰੰਤ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਰੋਜ਼ੀ-ਰੋਟੀ ਕਾਰਨ ਵਿਦੇਸ਼ਾਂ ’ਚ ਗਏ ਪੰਜਾਬੀ ਜਦੋਂ ਆਰਥਿਕ ਪੱਖੋਂ ਸੰਪਨ ਹੋਣ ਬਾਅਦ ਸ਼ਬਦ ਸਭਿਆਚਾਰ ਨਾਲ ਜੁੜਦੇ ਹਨ ਤਾਂ ਵਿਸ਼ਵਾਸ ਬੱਝਦਾ ਹੈ ਕਿ ਪੰਜਾਬੀਅਤ ਨਿਘਾਰ ਵੱਲ ਨਹੀਂ ਜਾ ਰਹੀ ਸਗੋਂ ਵਿਸਥਾਰ ਅਤੇ ਵਿਕਾਸ ਕਰ ਰਹੀ ਹੈ।ਇਕਬਾਲ ਰਾਮੂਵਾਲੀਆ ਅਤੇ ਇਸ ਗ੍ਰੰਥ ਦੇ ਸੰਪਾਦਕੀ ਮੰਡਲ ਨੇ ਇਵੇਂ ਹੀ ਕੀਤਾ ਹੈ।ਉਹਨਾਂ ਕਿਹਾ ਕਿ ਰਾਮੂਵਾਲੀਆ ਪਰਿਵਾਰ ਲੰਮੇ ਸਮੇਂ ਤੋਂ ਪੰਜਾਬੀਅਤ ਦੀ ਸੇਵਾ ਕਰ ਰਿਹਾ ਹੈ।ਏਥੇ ਰਹਿੰਦਿਆਂ ਕਵੀਸ਼ਰੀ ਰਾਹੀਂ ਪੰਜਾਬੀਆਂ ਨੂੰ ਨਵੀਂ ਜੀਵਨ ਜਾਚ ਨਾਲ ਜੋੜਦੇ ਰਹੇ ਅਤੇ ਵਿਦੇਸ਼ ਜਾ ਕੇ ਬਹੁਤ ਸਾਰੇ ਨਵੇਂ ਵਿਦੇਸ਼ ਜਾਣ ਵਾਲੇ ਪੰਜਾਬੀਆਂ ਦੀ ਬਾਂਹ ਫੜੀ।
                 ਪ੍ਰੋਗਰਾਮ ਦੇ ਸ਼ੁਰੂ ਵਿਚ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਪੰਜਾਬੀ ਵਿਭਾਗ ਦੇ ਅਧਿਆਪਕ ਡਾ. ਕੁਲਦੀਪ ਸਿੰਘ ਢਿਲੋਂ ਨੇ ਦੱਸਿਆ ਕਿ ਇਸ ਸਿਮ੍ਰਤੀ ਗ੍ਰੰਥ ਦੀ ਸਿਰਜਣਾ ਡਾ. ਬਲਵਿੰਦਰ ਕੌਰ ਬਰਾੜ, ਡਾ. ਲਖਬੀਰ ਸਿੰਘ ਰਿਆੜ, ਡਾ. ਹਰਿਭਜਨ ਸਿੰਘ ਢਿਲੋਂ ਅਤੇ ਡਾ. ਮੁਖਤਿਆਰ ਸਿੰਘ ਕੈਲੇ ਅਧਾਰਿਤ ਸੰਪਾਦਕੀ ਮੰਡਲ ਨੇ ਕੀਤੀ ਹੈ।ਉਹਨਾਂ ਦੱਸਿਆ ਕਿ ਇਸ ਗ੍ਰੰਥ ਨੂੰ ਸਿੰਘ ਬ੍ਰਦਰਜ਼ ਪਬਲੀਕੇਸ਼ਨ ਵਲੋਂ ਛਪਵਾਉਣ, ਪਰੂਫ ਰੀਡਿੰਗ ਅਤੇ ਬਾਈਂਡਿੰਗ ਤੱਕ ਦੀ ਜਿੰਮੇਵਾਰੀ ਉਹਨਾ ਨੇ ਖੁਦ ਨਿਭਾਈ ਹੈ।ਉਹਨਾਂ ਦੱਸਿਆ ਕਿ ਇਸ ਸਿਮ੍ਰਤੀ ਗ੍ਰੰਥ ਦੇ ਤਿੰਨ ਹਿੱਸੇ ਹਨ।ਪਹਿਲੇ ਵਿਚ ਉਹਨਾਂ ਦੇ ਨਜ਼ਦੀਕੀ ਪਰਿਵਾਰਕ ਮੈਂਬਰਾਂ ਦੇ ਦਿੱਲੀ ਇਜ਼ਹਾਰ ਸ਼ਾਮਲ ਹਨ।ਦੂਸਰੇ ਹਿੱਸੇ ਵਿਚ ਪੰਜਾਬੀ ਦੇ ਸਿਰਮੌਰ ਵਿਦਵਾਨਾਂ ਦੇ ਇਕਬਾਲ ਰਾਮੂਵਾਲੀਆ ਅਤੇ ਉਸ ਦੀਆਂ ਰਚਨਾਵਾਂ ਬਾਰੇ ਵਿਚਾਰ ਅੰਕਿਤ ਹਨ ਅਤੇ ਤੀਸਰੇ ਹਿੱਸੇ ਵਿੱਚ ਲੇਖਕ ਦੀਆਂ ਚੋਣਵੀਆਂ ਰਚਨਾਵਾਂ ਦੇ ਅੰਸ਼ ਸ਼ਾਮਲ ਕੀਤੇ ਗਏ ਹਨ।
               ਕਾਲਜ ਰਜਿਸਟਰਾਰ ਪ੍ਰੋ. ਦਵਿੰਦਰ ਸਿੰਘ ਨੇ ਕਿਹਾ ਕਿ ਕਾਲਜ ਦਾ ਪੰਜਾਬੀ ਵਿਭਾਗ ਵਿਸ਼ਵ ਦੇ ਪ੍ਰਸਿੱਧ ਪੰਜਾਬੀ ਸਾਹਿਤਕਾਰਾਂ ਨਾਲ ਰੂਬਰੂ ਅਤੇ ਉਹਨਾਂ ਦੀਆਂ ਰਚਨਾਵਾਂ ਨਾਲ ਸੰਵਾਦ ਰਚਾ ਕੇ ਵਿਦਿਆਰਥੀਆਂ ਲਈ ਵਧੀਆ ਮਾਹੌਲ ਤਿਆਰ ਕਰਦਾ ਹੈ।ਪੰਜਾਬੀ ਵਿਭਾਗ ਦੇ ਸੀਨੀਅਰ ਅਧਿਆਪਕ ਡਾ. ਪਰਮਿੰਦਰ ਸਿੰਘ ਨੇ ਇਕਬਾਲ ਰਾਮੂਵਾਲੀਆ ਬਾਰੇ ਦੱਸਿਆ ਕਿ ਉਹ ਇਕ ਪ੍ਰਤਿਭਾਸ਼ੀਲ ਲੇਖਕ ਸੀ।ਆਪਣੀ ਕਵਿਤਾ ਦੇ ਨਾਲ ਨਾਲ ਉਸ ਨੇ ਵਾਰਤਕ ਵਿਚ ਵੀ ਸਿਰਜਣਾਤਮਕ ਵਿਲੱਖਣਤਾ ਦਾ ਪ੍ਰਮਾਣ ਪੇਸ਼ ਕੀਤਾ ਹੈ ਪਰ ਉਸ ਨੂੰ ਪੰਜਾਬੀ ਆਲੋਚਨਾ ਵਿਚ ਬਣਦਾ ਸਥਾਨ ਨਹੀਂ ਮਿਲਿਆ।ਪੰਜਾਬੀ ਵਿਭਾਗ ਦੇ ਅਧਿਆਪਕ ਡਾ. ਹੀਰਾ ਸਿੰਘ ਨੇ ਕਿਹਾ ਕਿ ਇਸ ਸਿਮ੍ਰਤੀ ਗ੍ਰੰਥ ਵਿੱਚ ਸ਼ਾਮਲ ਵੀਹ ਆਰਟੀਕਲਾਂ ਰਾਹੀਂ ਵਿਦਵਾਨਾਂ ਨੇ ਇਕਬਾਲ ਰਾਮੂਵਾਲੀਆ ਅਤੇ ਉਸ ਦੀਆਂ ਰਚਨਾਵਾਂ ਨੂੂੰ ਤਰਕਸੰਗਤ ਢੰਗ ਨਾਲ ਪੇਸ਼ ਕੀਤਾ ਹੈ।
                 ਸਮਾਗਮ ਦੇ ਅਖੀਰ ਤੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਪੰਜਾਬੀ ਵਿਭਾਗ ਦੇ ਮੁਖੀ ਡਾ. ਆਤਮ ਸਿੰਘ ਰੰਧਾਵਾ ਨੇ ਕਿਹਾ ਕਿ ਇਕਬਾਲ ਰਾਮੂਵਾਲੀਆਂ ਪੰਜਾਬੀ ਕਵਿਤਾ ਵਿਚ ਨਵੇਂ ਟਰੈਂਡ ਸਥਾਪਤ ਕਰਨ ਵਾਲਾ ਕਵੀ ਸੀ। ਉਹਨਾਂ ਨੇ ਸੰਪਾਦਕੀ ਮੰਡਲ ਬਾਰੇ ਦੱਸਿਆ ਕਿ ਇਹ ਵਿਦਵਾਨ ਏਧਰ ਵੱਖ-ਵੱਖ ਕਾਲਜਾਂ ਵਿੱਚ ਪੰਜਾਬੀ ਸਾਹਿਤ ਦੇ ਅਧਿਆਪਕ ਸਨ ਅਤੇ ਇਹਨਾਂ ਨੇ ਕੈਨੇਡਾ ਜਾ ਕੇ ਵੀ ਉਥੋਂ ਦੀਆਂ ਸਾਹਿਤਕ ਸਰਗਮੀਆਂ ਨਾਲ ਸਾਂਝ ਸਥਾਪਤ ਕੀਤੀ ਅਤੇ ਹੁਣ ਉਥੋਂ ਦੀ ‘ਸ਼ਬਦ ਸਾਂਝ ਸੰਸਥਾ’ ਦੇ ਮੈਂਬਰ ਬਣ ਕੇ ਸਾਹਿਤਕ ਸਰਗਰਮੀਆਂ ਵਿੱਚ ਹਿੱਸਾ ਪਾ ਰਹੇ ਹਨ। ਉਹਨਾਂ ਨੇ ਸੰਪਾਦਕੀ ਮੰਡਲ ਦਾ ਵੀ ਧੰਨਵਾਦ ਕੀਤਾ ਜਿੰਨਾਂ ਨੇ ਇਸ ਸਿਮਰਤੀ ਗ੍ਰੰਥ ਨੂੰ ਖ਼ਾਲਸਾ ਕਾਲਜ ਵਿਖੇ ਰਿਲੀਜ਼ ਕਰਨ ਦੀ ਇੱਛਾ ਪ੍ਰਗਟਾਈ ਸੀ।
                ਇਸ ਮੌਕੇ ਫਿਜੀਕਲ ਵਿਭਾਗ ਦੇ ਮੁਖੀ ਡਾ. ਦਲਜੀਤ ਸਿੰਘ, ਲਾਇਬ੍ਰੇਰੀਅਨ ਸੁਖਦੇਵ ਸਿੰਘ, ਪੰਜਾਬੀ ਵਿਭਾਗ ਦੇ ਸੀਨੀਅਰ ਅਧਿਆਪਕ ਡਾ. ਭੁਪਿੰਦਰ ਸਿੰਘ, ਡਾ. ਹੀਰਾ ਸਿੰਘ, ਡਾ. ਮਿੰਨੀ ਸਲਵਾਨ, ਡਾ. ਹਰਜੀਤ ਕੌਰ, ਡਾ. ਜਸਬੀਰ ਸਿੰਘ, ਡਾ. ਗੁਰਿੰਦਰ ਕੌਰ, ਡਾ. ਚਿਰਜੀਵਨ ਕੌਰ, ਡਾ. ਗੁਰਸ਼ਿੰਦਰ ਕੌਰ, ਡਾ. ਰਜਨੀਸ਼ ਕੌਰ, ਡਾ. ਅਮਨਦੀਪ ਕੌਰ ਥਿੰਦ, ਡਾ. ਅੰਮਿ੍ਰਤਪਾਲ ਕੌਰ, ਡਾ. ਰਾਜਬੀਰ ਕੌਰ ਅਤੇ ਪ੍ਰੋ. ਗੁਰਸ਼ਰਨ ਸਿੰਘ ਵੀ ਹਾਜ਼ਰ ਸਨ।

 

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …