ਅੰਮ੍ਰਿਤਸਰ, 10 ਮਈ (ਗੁਰਪ੍ਰੀਤ ਸਿੰਘ) – ਸਿੱਖ ਪੰਥ ਦੀ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੋਰੋਨਾ ਮਹਾਂਮਾਰੀ ਦੌਰਾਨ ਮਾਨਵ ਭਲਾਈ
ਲਈ ਸਥਾਪਿਤ ਕੀਤੇ ਕੋਵਿਡ ਕੇਅਰ ਕੇਂਦਰ ਮਰੀਜ਼ਾਂ ਲਈ ਧਰਵਾਸ ਬਣੇ ਹੋਏ ਹਨ।ਬੀਤੇ ਦਿਨੀਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਲੁਧਿਆਣੇ ਦੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਆਲਮਗੀਰ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਬਠਿੰਡਾ ਵਿਖੇ ਸਥਾਪਿਤ ਕੀਤੇ ਕੋੋਰੋਨਾ ਵਾਰਡਾਂ ਦਾ ਉਦਘਾਟਨ ਕੀਤਾ ਸੀ।ਇਨ੍ਹਾਂ ਕੇਂਦਰਾਂ ਵਿਚ ਆਕਸੀਜਨ ਦਾ ਪ੍ਰਬੰਧ ਹੋਣ ਦੇ ਨਾਲ-ਨਾਲ ਤਜ਼ਰਬੇਕਾਰ ਮੈਡੀਕਲ ਸਟਾਫ਼ ਤਾਇਨਾਤ ਹੈ।ਬੀਬੀ ਜਗੀਰ ਕੌਰ ਨੇ ਦੱਸਿਆ ਕਿ ਕੋਰੋਨਾ ਕਾਰਨ ਮੌਜੂਦਾ ਹਾਲਾਤ ਬਹੁਤ ਹੀ ਸੰਜ਼ੀਦਾ ਹਨ ਅਤੇ ਇਸ ਸਮੇਂ ਸ਼੍ਰੋਮਣੀ ਕਮੇਟੀ ਵੱਲੋਂ ਲੋਕਾਂ ਦੇ ਦੁੱਖ ਨੂੰ ਸਮਝਦਿਆਂ ਵੱਖ-ਵੱਖ ਥਾਵਾਂ ’ਤੇ ਮੈਡੀਕਲ ਵਾਰਡ ਬਣਾਏ ਜਾ ਰਹੇ ਹਨ।ਆਲਮਗੀਰ ਲੁਧਿਆਣਾ ਤੇ ਦਮਦਮਾ ਸਾਹਿਬ ਵਿਖੇ ਸਥਾਪਿਤ ਕੋਵਿਡ ਕੇਅਰ ਕੇਂਦਰਾਂ ਤੋਂ ਇਲਾਵਾ ਪਟਿਆਲਾ ਤੇ ਭੁਲੱਥ ਵਿਖੇ ਵੀ ਜਲਦ ਹੀ ਕੇਂਦਰ ਸਥਾਪਿਤ ਕੀਤੇ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਆਲਮਗੀਰ ਵਿਖੇ ਹੁਣ ਤੱਕ ਸ਼੍ਰੋਮਣੀ ਕਮੇਟੀ ਵੱਲੋਂ 100 ਦੇ ਕਰੀਬ ਕੋਰੋਨਾ ਮਰੀਜ਼ਾਂ ਦਾ ਇਲਾਜ਼ ਕੀਤਾ ਜਾ ਰਿਹਾ ਹੈ।ਇਨ੍ਹਾਂ ਵਿੱਚੋਂ 55 ਮਰੀਜ਼ ਠੀਕ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ। ਇਸ ਤੋਂ ਇਲਾਵਾ 12 ਸੀਰੀਅਸ ਮਰੀਜ਼ਾਂ ਨੂੰ ਮੁੱਢਲੀ ਜਾਂਚ ਤੋਂ ਬਾਅਦ ਵੱਖ-ਵੱਖ ਹਸਪਤਾਲਾਂ ਵਿਚ ਪਹੁੰਚਾਇਆ ਗਿਆ ਹੈ।
ਇਸੇ ਤਰ੍ਹਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਵੀ 50 ਦੇ ਕਰੀਬ ਮਰੀਜ਼ ਦਾਖਲ ਹੋਏ ਹਨ।ਉਨ੍ਹਾਂ ਦੱਸਿਆ ਕਿ ਇਨ੍ਹਾਂ ਕੇਂਦਰਾਂ ਵਿਚ ਸ੍ਰੀ ਗੁਰੂ ਰਾਮਦਾਸ ਹਸਪਤਾਲ ਸ੍ਰੀ ਅੰਮ੍ਰਿਤਸਰ ਅਤੇ ਬਾਬਾ ਬੁੱਢਾ ਜੀ ਚੈਰੀਟੇਬਲ ਹਸਪਤਾਲ ਬੀੜ ਸਾਹਿਬ ਦਾ ਸਟਾਫ਼ ਕਾਰਜਸ਼ੀਲ ਹੈ।ਆਲਮਗੀਰ ਲੁਧਿਆਣਾ ਵਿਖੇ ਡਾਕਟਰ ਨਰਿੰਦਰਜੀਤ ਸਿੰਘ ਕੰਗ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਡਾ. ਹਿਮਾਂਕ ਗਾਂਧੀ ਦੀ ਅਗਵਾਈ ਵਿਚ ਮੈਡੀਕਲ ਸਟਾਫ਼ ਮਰੀਜ਼ਾਂ ਦੀ ਸੇਵਾ ਵਿਚ ਲੱਗਾ ਹੋਇਆ ਹੈ।ਇਹ ਮੈਡੀਕਲ ਸਟਾਫ਼ ਤਿੰਨ ਸਿਫ਼ਟਾਂ ਵਿਚ ਡਿਊਟੀ ਕਰ ਰਿਹਾ ਹੈ।ਇਨ੍ਹਾਂ ਕੇਂਦਰਾਂ ਵਿਚ ਦਵਾਈਆਂ ਸਮੇਤ ਮੈਡੀਕਲ ਸੇਵਾਵਾਂ ਬਿਲਕੁੱਲ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ।ਲੰਗਰ ਦਾ ਵੀ ਉਚਿਤ ਪ੍ਰਬੰਧ ਕੀਤਾ ਗਿਆ ਹੈ।
ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਹਰ ਔਖੇ ਸਮੇਂ ਮਾਨਵਤਾ ਦੀ ਸੇਵਾ ਵਿਚ ਅੱਗੇ ਰਹਿੰਦੀ ਹੈ।ਇਸ ਸੰਕਟਮਈ ਸਮੇਂ ਵਿਚ ਸ਼੍ਰੋਮਣੀ ਕਮੇਟੀ ਦੇ ਸ੍ਰੀ ਗੁਰੂ ਰਾਮਦਾਸ ਹਸਪਤਾਲ ਸ੍ਰੀ ਅੰਮ੍ਰਿਤਸਰ ਨੂੰ ਮੁਕੰਮਲ ਰੂਪ ਵਿਚ ਕੋਰੋਨਾ ਮਰੀਜ਼ਾਂ ਨੂੰ ਸਮਰਪਿਤ ਕੀਤਾ ਹੋਇਆ ਹੈ।ਇਥੇ 100 ਬੈਡਾਂ ਦੀ ਵਿਵਸਥਾ ਹੈ ਅਤੇ ਲੋੜੀਂਦੇ ਵੈਂਟੀਲੇਟਰ ਦਾ ਵੀ ਪ੍ਰਬੰਧ ਹੈ।ਹੁਣ ਤੱਕ ਸੈਂਕੜੇ ਕੋਰੋਨਾ ਮਰੀਜ਼ ਠੀਕ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ।
Check Also
ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ
ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …
Punjab Post Daily Online Newspaper & Print Media