ਅੰਮ੍ਰਿਤਸਰ, 10 ਮਈ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਦੱਸਿਆ ਹੈ ਕਿ ਸ਼੍ਰੋਮਣੀ ਕਮੇਟੀ ਅਮਰੀਕਾ ਤੋਂ ਫਾਈਜ਼ਰ ਵੈਕਸੀਨ ਦੀ ਵੱਡੀ ਮਾਤਰਾ ਲਿਆਉਣ ਦੇ ਤੇਜ਼ ਯਤਨ ਕਰ ਰਹੀ ਹੈ ਅਤੇ ਆਸ ਹੈ ਕਿ ਜਲਦ ਹੀ ਇਸ ਵਿਚ ਸਫ਼ਲਤਾ ਮਿਲੇਗੀ।ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਿਹਤ ਮੰਤਰੀ ਹਰਸ਼ ਵਰਧਨ ਨੂੰ ਪੱਤਰ ਲਿਖਿਆ ਗਿਆ ਹੈ ਅਤੇ ਪ੍ਰਵਾਨਗੀ ਮਿਲਣ ਮਗਰੋਂ ਇਹ ਵੈਕਸੀਨ ਕੋਰੋਨਾ ਤੋਂ ਰਾਹਤ ਲਈ ਵੱਡੀ ਮੱਦਦਗਾਰ ਹੋਵੇਗੀ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਆਕਸੀਜਨ ਪਲਾਂਟ ਵੀ ਸਥਾਪਿਤ ਕੀਤਾ ਗਿਆ ਹੈ, ਜਿਸ ਨਾਲ ਸ਼੍ਰੋਮਣੀ ਕਮੇਟੀ ਦੇ ਹਸਪਤਾਲਾਂ ਵਿਚ ਦਾਖ਼ਲ ਹੋਣ ਵਾਲੇ ਮਰੀਜ਼ਾਂ ਨੂੰ ਪ੍ਰੇਸ਼ਾਨੀ ਨਹੀਂ ਆਵੇਗੀ।ਫਿਲਹਾਲ ਇਸ ਲਈ ਤਰਲ ਆਕਸੀਜਨ ਦੀ ਆਮਦ ਵਿੱਚ ਸਮੱਸਿਆ ਬਣੀ ਹੋਈ ਹੈ, ਜਿਸ ਲਈ ਭਾਰਤ ਸਰਕਾਰ ਨੂੰ ਪੱਤਰ ਲਿਖਿਆ ਹੈ। ਜਦੋਂ ਹੀ ਇਸ ਸਬੰਧੀ ਪ੍ਰਵਾਨਗੀ ਪ੍ਰਾਪਤ ਹੁੰਦੀ ਹੈ, ਤਾਂ ਇਹ ਮਰੀਜ਼ਾਂ ਲਈ ਵੱਡਾ ਸਹਾਰਾ ਬਣੇਗੀ। ਉਨ੍ਹਾਂ ਇਹ ਦੱਸਿਆ ਕਿ ਜਲਦ ਹੀ ਵੱਡੀ ਮਾਤਰਾ ਵਿਚ ਹੋਰ ਆਕਸੀਜਨ ਕੰਸਨਟਰੇਟਰ ਮੰਗਵਾਏ ਜਾ ਰਹੇ ਹਨ, ਜਿਨ੍ਹਾਂ ਲਈ ਵਿਦੇਸ਼ਾਂ ਦੀਆਂ ਸੰਗਤਾਂ ਦਾ ਭਰਵਾਂ ਸਹਿਯੋਗ ਹੈ।ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਕੋਰੋਨਾ ਤੋਂ ਬਚਾਅ ਲਈ ਨਿਰਥਾਰਤ ਨਿਯਮਾਂ ਅਤੇ ਸਾਵਧਾਨੀਆਂ ਦਾ ਪਾਲਣ ਕਰਨ।ਉਨ੍ਹਾਂ ਕਿਹਾ ਕਿ ਸਮੂਹਿਕ ਯਤਨਾਂ ਨਾਲ ਹੀ ਇਸ ਮਹਾਂਮਾਰੀ ਤੋਂ ਉਭਰਿਆ ਜਾ ਸਕਦਾ ਹੈ।
ਪ੍ਰਧਾਨ ਬੀਬੀ ਜਗੀਰ ਕੌਰ ਨੇ ਕੋਰੋਨਾ ਮਰੀਜ਼ਾਂ ਦੇ ਇਲਾਜ਼ ਲਈ ਸ਼੍ਰੋਮਣੀ ਕਮੇਟੀ ਵੱਲੋਂ ਸੇਵਾਵਾਂ ਸਬੰਧੀ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ, ਮੈਡੀਕਲ ਕਾਲਜ ਤੇ ਹਸਪਤਾਲ ਦੇ ਡਾਕਟਰਾਂ ਨਾਲ ਬੈਠਕ ਕਰਕੇ ਕੋਰੋਨਾ ਦੇ ਮੌਜੂਦਾ ਹਾਲਾਤ ਦੀ ਸਮੀਖਿਆ ਵੀ ਕੀਤੀ।ਉਨਾਂ ਨੇ ਜ਼ਰੂਰਤ ਅਨੁਸਾਰ ਹੋਰ ਥਾਵਾਂ ’ਤੇ ਮੈਡੀਕਲ ਸਹਾਇਤਾ ਕੇਂਦਰ ਖੋਲ੍ਹਣ ਸਬੰਧੀ ਵੀ ਵਿਚਾਰ-ਵਟਾਂਦਰਾ ਕਰਦਿਆਂ ਮੈਡੀਕਲ ਸਟਾਫ਼ ਨੂੰ ਹਰ ਤਰ੍ਹਾਂ ਕੋਰੋਨਾ ਮਰੀਜ਼ਾਂ ਦੀ ਦੇਖਭਾਲ ਲਈ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ।
ਇਸ ਬੈਠਕ ਦੌਰਾਨ ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਭਿੱਟੇਵੱਡ, ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਦੇ ਵੀ.ਸੀ ਡਾ. ਦਲਜੀਤ ਸਿੰਘ, ਡਾਇਰੈਕਟਰ ਪ੍ਰਿੰਸੀਪਲ ਡਾ. ਮਨਜੀਤ ਸਿੰਘ ਉੱਪਲ, ਡੀਨ ਡਾ. ਏ.ਪੀ ਸਿੰਘ ਤੇ ਡਾ. ਸ਼ੌਕੀਨ ਸਿੰਘ, ਰਜਿਸਟਰਾਰ ਡਾ. ਬਲਜੀਤ ਸਿੰਘ, ਡਾ. ਪੰਕਜ਼ ਗੁਪਤਾ, ਸੁਨੀਲ ਕੁਮਾਰ ਸੀ.ਐਫ.ਓ, ਡਾ. ਸੁਖਬੀਰ ਸਿੰਘ ਆਦਿ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …