ਕੈਬਨਿਟ ਵਿੱਚ ਪਾਸ ਹੋਏ ਫੈਸਲਿਆਂ ਨੂੰ ਲਾਗੂ ਕਰਵਾਉਣ ਵਿੱਚ ਬਾਦਲ ਸਰਕਾਰ ਅਸਮਰੱਥ

ਬਠਿੰਡਾ/ਮਾਨਸਾ, 3 ਨਵੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਬਾਦਲ ਸਰਕਾਰ ਵੱਲੋਂ ਐਨ.ਆਰ.ਐਚ.ਐਮ. ਮੁਲਾਜਮਾਂ ਦੀ ਕੀਤੀ ਜਾ ਰਹੀ ਅਣਦੇਖੀ ਅਤੇ ਪਿਛਲੇ ਲੰਬੇ ਸਮੇਂ ਤੋਂ ਹੁੰਦੇ ਆ ਰਹੇ ਧੱਕੇ ਅਤੇ ਧੋਖੇਬਾਜੀ ਤੋਂ ਤੰਗ ਆ ਕੇ ਹੁਣ ਬਾਦਲ ਸਰਕਾਰ ਵਿਰੁੱਧ ਮੋਰਚਾ ਖੋਲ੍ਹਣ ਦੀ ਤਿਆਰੀ ਕਰ ਚੁੱਕੇ ਹਾਂ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਐਨ.ਆਰ.ਐਚ.ਐਮ. ਮੁਲਾਜਮਾਂ ਵੱਲੋਂ ਸੱਦੀ ਇੱਕ ਸਮੂਹਿਕ ਮੀਟਿੰਗ ਵਿੱਚ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਪਿਛਲੇ ਛੇ-ਸੱਤ ਸਾਲ ਤੋਂ ਮੁੱਖ ਮੰਤਰੀ ਅਤੇ ਵੱਖੋ ਵੱਖ ਸਿਹਤ ਮੰਤਰੀਆਂ ਅਤੇ ਮੌਜੂਦਾ ਸਿਹਤ ਮੰਤਰੀ ਨੇ ਕਈ ਵਾਰ ਮੰਗਾਂ ਮੰਨ ਕੇ ਮੁੱਕਰ ਜਾਂਦੇ ਹਨ, ਜਿਸ ਦਾ ਖਮਿਆਜਾ ਉਹਨਾਂ ਨੂੰ ਹੁਣ ਵੋਟਾਂ ਵਿੱਚ ਭੁਗਤਣਾ ਪਵੇਗਾ ਕਿਉਂਕਿ ਐਨ.ਆਰ.ਐਚ.ਐਮ. ਮੁਲਾਜਮਾਂ ਨੇ ਆਉਣ ਵਾਲੀਆਂ ਚੋਣਾਂ ਵਿੱਚ ਅਕਾਲੀਆਂ ਵਿਰੁੱਧ ਮੁੱਖ ਪ੍ਰਚਾਰਕ ਬਣਕੇ ਆਪਣੀ ਭੂਮਿਕਾ ਨਿਭਾਉਣ ਲਈ ਤਿਆਰ ਹਨ। ਉਹਨਾਂ ਕਿਹਾ ਕਿ ਮੁਲਾਜਮਾਂ ਨਾਲ ਕੀਤੀ ਵਾਅਦਾ ਖਿਲਾਫੀ ਬਾਰੇ ਲੋਕਾਂ ਨੂੰ ਘਰ ਘਰ ਜਾ ਕੇ ਜਾਣੂੰ ਕਰਵਾਇਆ ਜਾਵੇਗਾ। ਆਗੂਆਂ ਨੇ ਕਿਹਾ ਕਿ ਸਰਕਾਰ ਬਹੁਤ ਤਰਾਂ੍ਹ ਦੇ ਖਰਚ ਕਰਦੀ ਹੈ ਅਤੇ ਸਕੀਮਾਂ ਚਲਾਉਂਦੀ ਹੈ ਪਰ ਜਦੋਂ ਐਨ.ਆਰ.ਐਚ.ਐਮ. ਮੁਲਾਜਮਾਂ ਦੀਆਂ ਤਨਖਾਹਾਂ ਦੀ ਵਾਰੀ ਆਉਂਦੀ ਹੈ ਤਾਂ ਟਾਲ-ਮਟੋਲ ਕਰਦੀ ਹੈ ਜਦਕਿ ਬਾਕੀ ਕਈ ਮਹਿਕਮਿਆਂ ਵਿੱਚ ਵੀ ਰੈਗੂਲਰ ਤਨਖਾਹਾਂ ਦਿੱਤੀਆਂ ਜਾਂਦੀਆਂ ਹਨ। ਉਹਨਾਂ ਕਿਹਾ ਕਿ ਕੈਬਨਿਟ ਵਿੱਚ ਮਤਾ ਪਾਸ ਹੋਣ ਦੇ ਬਾਵਜੂਦ ਹਾਲੇ ਤੱਕ ਮੁਲਾਜਮਾਂ ਨੂੰ ਉਹਨਾਂ ਦੇ ਹੱਕ ਤੋਂ ਵਾਂਝਾ ਰੱਖ ਕੇ ਬਾਦਲ ਸਰਕਾਰ ਐਨ.ਆਰ.ਐਚ.ਐਮ. ਮੁਲਾਜਮਾਂ ਦੇ ਹੱਕਾਂ ਦਾ ਕਤਲ ਕਰ ਰਹੀ ਹੈ।
ਨੋਟੀਫਿਕੇਸ਼ਨ ਦੀ ਕਾਪੀ ਜਨਤਕ ਕਰਦਿਆਂ ਆਗੂਆਂ ਨੇ ਕਿਹਾ ਕਿ ਇਸ ਵਿੱਚ ਮੁੱਖ ਸਕੱਤਰ, ਪ੍ਰਮੁੱਖ ਸਕੱਤਰ ਵਿੱਤ, ਪ੍ਰਮੁੱਖ ਸਕੱਤਰ ਸਿਹਤ ਅਤੇ ਸਕੱਤਰ ਪ੍ਰਸੋਨਲ ਦੀ ਇੱਕ ਕਮੇਟੀ ਬਣਾਈ ਗਈ ਜੋ ਰੈਗੂਲਰਾਈਜੇਸ਼ਨ ਦੇ ਮੁੱਦੇ ਨੂੰ ਘੋਖ ਕੇ ਇੱਕ ਰਿਪੋਰਟ ਪੇਸ਼ ਕਰੇਗੀ। ਪ੍ਰੰਤੂ ਇਨਾਂ ਸਮਾਂ ਬੀਤਣ ਉਪਰੰਤ ਵੀ ਕੋਈ ਪੇ ਸਕੇਲ ਲਾਗੂ ਨਹੀਂ ਹੋਏ। ਇਸ ਤੋਂ ਸਾਫ ਜਾਹਿਰ ਹੁੰਦਾ ਹੈ ਕਿ ਜਾਂ ਤਾਂ ਅਧਿਕਾਰੀ ਸਰਕਾਰ ਦੇ ਫੈਸਲਿਆਂ ਨੂੰ ਟਿੱਚ ਸਮਝਦੇ ਹਨ ਜਾਂ ਫਿਰ ਸਰਕਾਰ ਹੀ ਆਪਣੇ ਫੈਸਲਿਆਂ ਉਪਰ ਅਮਲ ਨਹੀਂ ਕਰਦੀ। ਜਿਸ ਨਾਲ ਮੁਲਾਜਮਾਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ। ਇਸ ਲਈ ਮੁਲਾਜਮਾਂ ਨੇ ਬਾਦਲ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਜਲਦ ਤੋਂ ਜਲਦ ਐਨ.ਆਰ.ਐਚ.ਐਮ. ਮੁਲਾਜਮਾਂ ਨੂੰ ਰੈਗੂਲਰ ਨਾ ਕੀਤਾ ਗਿਆ ਤਾਂ ਉਹ ਆਰ-ਪਾਰ ਦੀ ਲੜਾਈ ਲੜਨ ਲਈ ਤਿਆਰ-ਬਰ-ਤਿਆਰ ਹਨ। ਇਸ ਮੌਕੇ ਮੁਲਾਜਮਾਂ ਵਿੱਚ ਚਰਚਾ ਸੀ ਕਿ ਮੰਤਰੀ ਮੰਡਲ ਵਿੱਚ ਸਿਹਤ ਵਿਭਾਗ ਭਾਜਪਾ ਕੋਲ ਹੋਣ ਕਾਰਨ ਐਨ.ਆਰ.ਐਚ.ਐਮ. ਮੁਲਾਜਮਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਰਹੀਆਂ ਗਠਜੋੜ ਦੀ ਆਪਸੀ ਖਿੱਚੋਤਾਣ ਦਾ ਸ਼ਿਕਾਰ ਹੋ ਰਹੇ ਹਨ। ਇਸ ਮੌਕੇ ਮਨਦੀਪ ਕੁਮਾਰ, ਰਵਿੰਦਰ ਕੁਮਾਰ, ਅਵਤਾਰ ਸਿੰਘ, ਤੇਜਿੰਦਰ ਕੁਮਾਰ, ਰੇਨੂੰ, ਰਾਜਵੀਰ ਕੌਰ, ਮੀਨਾਕਸ਼ੀ ਗੋਇਲ, ਸ਼ਰਨਜੀਤ ਕੌਰ, ਧਰਮ ਦਾਸ, ਜਗਦੇਵ ਸਿੰਘ, ਸੰਤੋਸ਼ ਭਾਰਤੀ, ਲਲਿਤ ਕੁਮਾਰ, ਵਰਿੰਦਰ ਮਹਿਤਾ, ਮਨਦੀਪ ਕੁਮਾਰ, ਹਰਜਿੰਦਰ ਸਿੰਘ ਐਨ.ਆਰ.ਐਚ.ਐਮ. ਮੁਲਾਜਮਾਂ ਤੋਂ ਇਲਾਵਾ ਸੰਦੀਪ ਸਿੰਘ ਭਾਈ ਦੇਸਾ, ਸੰਦੀਪ ਕੁਮਾਰ ਸਰਦੂਲਗੜ੍ਹ, ਸਾਧੂ ਰਾਮ, ਗੌਰਵ ਕੁਮਾਰ ਅਤੇ ਸੰਜੀਵ ਕੁਮਾਰ ਸ਼ਰਮਾ ਵੀ ਹੌਸਲਾ ਅਫਜਾਈ ਦੇਣ ਲਈ ਵਿਸ਼ੇਸ਼ ਤੌਰ ‘ਤੇ ਹਾਜਰ ਹੋਏ।
Punjab Post Daily Online Newspaper & Print Media