Saturday, September 26, 2026

ਸਿਹਤ ਵਿਭਾਗ ਨੇ ਕੋਰੋਨਾ ਤੋਂ ਸਿਹਤਯਾਬ ਹੋ ਚੁੱਕੇ ਮਰੀਜ਼ਾਂ ਕੋਲੋਂ ਮੰਗਿਆ ਸਹਿਯੋਗ

ਨੇੜਲੇ ਸਿਹਤ ਕੇਂਦਰਾਂ ‘ਚ ਜਮ੍ਹਾਂ ਕਰਵਾਇਆ ਜਾਵੇ ‘ਪਲਸ ਆਕਸੀਮੀਟਰ’- ਸਿਵਲ ਸਰਜਨ
ਨਵਾਂਸ਼ਹਿਰ, 14 ਮਈ (ਪੰਜਾਬ ਪੋਸਟ ਬਿਊਰੋ) – ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਕੋਰੋਨਾ ਮਹਾਂਮਾਰੀ ਵਿਰੁੱਧ ਜੰਗ ਲੜ ਰਹੇ ਸਿਹਤ ਵਿਭਾਗ ਨੇ ਸਿਹਤਯਾਬ ਹੋ ਚੁੱਕੇ ਕੋਵਿਡ-19 ਪਾਜ਼ਟਿਵ ਮਰੀਜ਼ਾਂ ਕੋਲੋਂ ਸਹਿਯੋਗ ਮੰਗਿਆ ਹੈ।
                  ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਵਿਚਾਲੇ ਤੇਜ਼ੀ ਨਾਲ ਵਧ ਰਹੇ ਕੋਰੋਨਾ ਮਰੀਜ਼ਾਂ ਨੂੰ ਪਲਸ ਆਕਸੀਮੀਟਰ ਮੁਹੱਈਆ ਕਰਵਾਉਣ ਵਿਚ ਦਿੱਕਤਾਂ ਪੇਸ਼ ਆ ਰਹੀਆਂ ਹਨ, ਜਿਸ ਦੀ ਮਦਦ ਨਾਲ ਮਰੀਜ਼ਾਂ ਦੀ ਸਿਹਤ ਨੂੰ ਗੰਭੀਰ ਹੋਣ ਤੋਂ ਪਹਿਲਾਂ ਸੰਭਾਲਿਆ ਜਾ ਸਕਦਾ ਹੈ।
             ਡਾ. ਕਪੂਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲ ਕੋਵਿਡ-19 ਤੋਂ ਪੀੜ੍ਹਤ ਹਰ ਮਰੀਜ਼ ਨੂੰ ਅਸਰਦਾਰ ਡਾਕਟਰੀ ਦੇਖਭਾਲ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਕੋਰੋਨਾ ਫ਼ਤਹਿ ਕਿੱਟ ਮੁਹੱਈਆ ਕਰਵਾਉਣ ਦੀ ਪਹਿਲ ਕੀਤੀ ਗਈ ਸੀ, ਜਿਸ ਵਿਚ ਪਲਸ ਆਕਸੀਮੀਟਰ ਸਮੇਤ ਸਟੀਮਰ, ਡਿਜੀਟਲ ਥਰਮਾਮੀਟਰ, ਦਵਾਈਆਂ ਤੇ ਮਾਸਕ ਤੋਂ ਇਲਾਵਾ ਕੋਵਿਡ-19 ਨਾਲ ਸਬੰਧਤ ਜਾਗਰੂਕਤਾ ਸਮੱਗਰੀ ਸ਼ਾਮਲ ਸੀ।ਹੁਣ ਸੂਬੇ ਵਿਚ ਕੋਵਿਡ-19 ਕੇਸਾਂ ਵਿਚ ਤੇਜ਼ੀ ਨਾਲ ਹੋਏ ਵਾਧੇ ਕਾਰਨ ਨਵੇਂ ਪਲਸ ਆਕਸੀਮੀਟਰਾਂ ਦੀ ਉਪਲੱਬਧਤਾ ਵਿੱਚ ਕਮੀ ਆਈ ਹੈ।
                     ਡਾ. ਕਪੂਰ ਨੇ ਕੋਰੋਨਾ ਮਹਾਂਮਾਰੀ ਦੀ ਅਣਸੁਖਾਵੀਂ ਗੰਭੀਰ ਸਥਿਤੀ ਦੇ ਮੱਦੇਨਜ਼ਰ ਅਪੀਲ ਕਰਦੇ ਹੋਏ ਕਿਹਾ ਕਿ ਜਿਨ੍ਹਾਂ ਕੋਵਿਡ-19 ਪਾਜਟਿਵ ਮਰੀਜ਼ਾਂ ਨੇ ਪਹਿਲਾਂ ਇਹ ਪਲਸ ਆਕਸੀਮੀਟਰ ਪ੍ਰਾਪਤ ਕੀਤੇ ਸਨ ਤੇ ਹੁਣ ਕੋਵਿਡ ਤੋਂ ਪੂਰੀ ਤਰ੍ਹਾਂ ਸਿਹਤਯਾਬ ਹੋ ਚੁੱਕੇ ਹਨ, ਉਹ ਪਲਸ ਆਕਸੀਮੀਟਰਾਂ ਨੂੰ ਆਪਣੇ ਨਜ਼ਦੀਕੀ ਸਰਕਾਰੀ ਸਿਹਤ ਸੰਸਥਾ ਵਿਚ ਜਮ੍ਹਾਂ ਕਰਵਾ ਦੇਣ ਤਾਂ ਜੋ ਇਹ ਬਿਹਤਰ ਦੇਖਭਾਲ ਲਈ ਕਿਸੇ ਹੋਰ ਕੋਰੋਨਾ ਮਰੀਜ਼ ਨੂੰ ਦਿੱਤਾ ਜਾ ਸਕੇ।

Check Also

2109 ਪੈਨਸ਼ਨਰਾਂ ਦੀ ਮੌਤ ਅਤੇ 876 ਫੈਮਿਲੀ ਪੈਨਸ਼ਨਰਾਂ ਦੀ ਜਨਮ ਮਿਤੀ ਦਾ ਰਿਕਾਰਡ ਕੀਤਾ ਜਾਵੇਗਾ ਅਪਡੇਟ

ਅੰਮ੍ਰਿਤਸਰ, 25 ਸਤੰਬਰ (ਜਗਦੀਪ ਸਿੰਘ) – ਇੰਜ: ਸੁਰਿੰਦਰ ਕੁਮਾਰ ਬੈਂਸ ਵੰਡ ਬਾਰਡਰ ਜੋਨ ਅੰਮ੍ਰਿਤਸਰ ਵਲੋਂ …