ਕੌਮੀ ਡੇਂਗੂ ਦਿਵਸ ਸੰਬੰਧੀ ਕਰਵਾਇਆ ਜਾਗਰੂਕਤਾ ਪ੍ਰੋਗਰਾਮ
ਕਪੂਰਥਲਾ, 16 ਮਈ (ਪੰਜਾਬ ਪੋਸਟ ਬਿਊਰੋ) – ਸਿਹਤ ਵਿਭਾਗ ਕਪੂਰਥਲਾ ਵਲੋਂ ਸਿਵਲ ਸਰਜਨ ਡਾ. ਪਰਮਿੰਦਰ ਕੌਰ ਦੀ ਰਹਿਨੁਮਾਈ ਹੇਠ ਕੌਮੀ ਡੇਂਗੂ ਦਿਵਸ
ਦੇ ਸੰਬੰਧ ਵਿੱਚ ਇੱਕ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ।
ਸਿਵਲ ਸਰਜਨ ਡਾ. ਪਰਮਿੰਦਰ ਕੌਰ ਨੇ ਕਿਹਾ ਕਿ ਕੋਵਿਡ ਦੇ ਇਸ ਦੌਰ ‘ਚ ਅਸਾਂ ਸਭਨਾਂ ਨੇ ਕੋਵਿਡ ਤੋਂ ਤਾਂ ਬਚਾਅ ਕਰਨਾ ਹੀ ਹੈ ਨਾਲ ਹੀ ਡੇਂਗੂ ਨਾਲ ਵੀ ਨਿਪਟਣਾ ਹੈ।ਉਨ੍ਹਾਂ ਕਿਹਾ ਕਿ ਡੇਂਗੂ ਤੋਂ ਬਚਾਅ ਲਈ ਜਰੂਰੀ ਹੈ ਕਿ ਇਸ ਦੇ ਮੱਛਰ ਨੂੰ ਹੀ ਪੈਦਾ ਹੋਣ ਤੋਂ ਰੋਕਿਆ ਜਾਏ।ਉਨ੍ਹਾਂ ਹਰ ਸ਼ੁਕਰਵਾਰ ਡ੍ਰਾਈ ਡੇਅ ਨੂੰ ਆਪਣੀ ਆਦਤਾਂ ਵਿਚ ਸ਼ੁਮਾਰ ਕਰ ਲੈਣਾ ਚਾਹੀਦਾ ਹੈ ਤਾਂ ਜੋ ਘਰ ਵਿਚ ਅਤੇ ਘਰਾਂ ਦੇ ਆਸ ਪਾਸ ਕਿਤੇ ਵੀ ਸਾਫ ਪਾਣੀ ਦਾ ਠਹਰਾਅ ਹੀ ਨਾ ਹੋ ਸਕੇ।
ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਾਰਿਕਾ ਦੁੱਗਲ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਫੀਲਡ ਵਿੱਚ ਜਾ ਕੇ ਚੈਕਿੰਗ ਕੀਤੀ ਜਾਂਦੀ ਹੈ ਤੇ ਲਾਰਵਾ ਨਸ਼ਟ ਕੀਤਾ ਜਾਂਦਾ ਹੈ ਤਾਂ ਜੋ ਮੱਛਰਾਂ ਦੀ ਪੈਦਾਵਾਰ ਨੂੰ ਰੋਕਿਆ ਜਾ ਸਕੇ।ਉਨ੍ਹਾਂ ਇਹ ਵੀ ਕਿਹਾ ਕਿ ਡੇਂਗੂ ਨੂੰ ਰੋਕਣ ਦੀ ਸ਼ੁਰੂਆਤ ਘਰ ਤੋਂ ਹੀ ਹੋਣੀ ਚਾਹੀਦੀ ਹੈ ਤੇ ਲੋਕਾਂ ਨੂੰ ਇਸ ਪ੍ਰਤੀ ਸਚੇਤ ਰਹਿਣਾ ਚਾਹੀਦਾ ਹੈ।
ਸੀਨੀਅਰ ਮੈਡੀਕਲ ਅਫਸਰ ਡਾ. ਸੰਦੀਪ ਧਵਨ ਨੇ ਦੱਸਿਆ ਕਿ ਡੇਂਗੂ ਬੁਖਾਰ ਏਡੀਜ਼ ਏਜੀਪਟੀ ਮੱਛਰ ਦੇ ਕੱਟਣ ਨਾਲ ਹੁੰਦਾ ਹੈ, ਜੋ ਕਿ ਦਿਨ ਵੇਲੇ ਕੱਟਦਾ ਹੈ।ਉਨ੍ਹਾਂ ਦੱਸਿਆ ਕਿ ਤੇਜ਼ ਬੁਖਾਰ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ, ਚਮੜੀ ਤੇ ਦਾਨੇ, ਮਸੂੜਿਆਂ ਵਿੱਚ ਖੂਨ ਆਉਣਾ ਇਸ ਦੇ ਲੱਛਣ ਹਨ।ਡੇਂਗੂ ਬੁਖਾਰ ਹੋਣ ਦੀ ਸੂਰਤ ‘ਚ ਪੈਰਾਸੀਟਾਮੋਲ ਹੀ ਲਈ ਜਾਏ ਤੇ ਬਰੂਫਨ ਤੇ ਐਸਪਰਿਨ ਦਾ ਸੇਵਨ ਬਿਲਕੁੱਲ ਨਾ ਕੀਤਾ ਜਾਏ ਤੇ ਸੈਲਫ ਮੈਡੀਕੇਸ਼ਨ ਤੋਂ ਬਚਿਆ ਜਾਏ।
ਜਿਲਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਨੇ ਕਿਹਾ ਕਿ ਫਰਿੱਜ਼ਾਂ ਦੀਆਂ ਟ੍ਰੇਆਂ, ਕੂਲਰਾਂ ਦੀਆਂ ਟਰੇਆਂ ਨੂੰ ਹਰ ਸ਼ੁੱਕਰਵਾਰ ਚੰਗੀ ਤਰ੍ਹਾਂ ਸਾਫ ਕਰ ਕੇ ਸੁਕਾਇਆ ਜਾਏ।ਉਨਾਂ ਘਰਾਂ ਦੀਆਂ ਛੱਤਾਂ ਉੱਪਰ ਪਈਆਂ ਟੈਂਕੀਆਂ ਨੂੰ ਢੱਕ ਕੇ ਰੱਖਣ, ਛੱਤਾਂ ‘ਤੇ ਪਏ ਕਬਾੜ ਨੂੰ ਸੁਟਣ ਲਈ ਕਿਹਾ ਤਾਂ ਜੋ ਬਰਸਾਤ ਦਾ ਪਾਣੀ ਉਨ੍ਹਾਂ ਵਿੱਚ ਇਕੱਠਾ ਨਾ ਹੋਵੇ ਤੇ ਡੇਂਗੂ ਮੱਛਰ ਪੈਦਾ ਨਾ ਸਕੇ।
ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਅਨੂ ਸ਼ਰਮਾ, ਜਿਲਾ ਸਿਹਤ ਅਫਸਰ ਡਾ. ਕੁਲਜੀਤ ਸਿੰਘ, ਜਿਲਾ ਪਰਿਵਾਰ ਭਲਾਈ ਅਫਸਰ ਡਾ. ਰਾਜ ਕਰਨੀ, ਜਿਲਾ ਐਪੀਡੀਮੋਲੋਜਿਸਟ ਡਾ. ਨਵਪ੍ਰੀਤ ਕੌਰ, ਡਾ. ਸ਼ੁਭਰਾ ਸਿੰਘ, ਰਵਿੰਦਰ ਜੱਸਲ, ਹਰਕੰਵਲ ਸਿੰਘ, ਗੁਰਬੀਰ ਸਿੰਘ, ਦਵਿੰਦਰ ਸਿੰਘ, ਕੰਵਰ ਬਲਰਾਜ ਸਿੰਘ ਆਦਿ ਹਾਜ਼ਰ ਸਨ।
Punjab Post Daily Online Newspaper & Print Media