10 ਜੂਨ ਜਾਰੀ ਤੱਕ ਰਹਿਣਗੀਆਂ ਬਾਕੀ ਪਾਬੰਦੀਆਂ – ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 29 ਮਈ (ਸੁਖਬੀਰ ਸਿੰਘ) – ਵਪਾਰੀਆਂ ਦੇ ਹਿੱਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਅੰਮ੍ਰਿਤਸਰ ਦੀਆਂ ਸਾਰੀਆਂ ਦੁਕਾਨਾਂ ਸੋਮਵਾਰ ਤੋ ਸ਼ੁਕਰਵਾਰ ਤੱਕ
ਸਵੇਰੇ 9 ਤੋ 5 ਵਜੇ ਤੱਕ ਖੁਲਣਗੀਆਂ ਅਤੇ ਬਾਕੀ ਪਾਬੰਦੀਆਂ ਉਸੇ ਤਰਾਂ੍ਹ ਹੀ 10 ਜੂਨ ਤੱਕ ਲਾਗੂ ਰਹਿਣਗੀਆਂ।ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਨੇ ਇਹ ਐਲਾਨ ਸਰਕਟ ਹਾਊਸ ਵਿਖੇ ਵਪਾਰੀਆਂ ਨਾਲ ਮੀਟਿੰਗ ਕਰਨ ਪਿਛੋਂ ਕੀਤਾ।
ਸੋਨੀ ਨੇ ਕਿਹਾ ਕਿ ਸ਼ਨੀਵਾਰ ਅਤੇ ਐਤਵਾਰ ਵਾਲੇ ਦਿਨ ਲਾਕਡਾਊਨ ਜਾਰੀ ਰਹੇਗਾ ਅਤੇ ਪਹਿਲਾਂ ਦੀ ਤਰ੍ਹਾਂ ਹੀ ਜਿਮ, ਸਪਾ ਸੈਂਟਰ, ਕੋਚਿੰਗ ਸੈਂਟਰ, ਹੋਟਲ/ ਰੈਸਟੋਰੈਂਟ ਆਦਿ ਬੰਦ ਰਹਿਣਗੇ।
ਸੋਨੀ ਨੇ ਵਪਾਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀਆਂ ਦੁਕਾਨਾਂ ਅੰਦਰ ਉਸੇ ਹੀ ਗਾਹਕ ਨੂੰ ਦਾਖਲ ਹੋਣ ਦੇਣ ਜਿਸ ਨੇ ਮਾਸਕ ਪਾਇਆ ਹੋਵੇ ਅਤੇ ਨਾਲ ਹੀ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਦੁਕਾਨਦਾਰ ਨੇ ਵੀ ਮਾਸਕ ਪਾਇਆ ਹੋਇਆ ਹੈ।
ਉਨਾਂ ਕਿਹਾ ਕਿ ਸਰਕਾਰ ਹਮੇਸ਼ਾ ਹੀ ਵਾਪਰੀਆਂ ਦੇ ਨਾਲ ਖੜ੍ਹੀ ਹੈ, ਪ੍ਰੰਤੂ ਕਰੋਨਾ ਦੇ ਵਧਦੇ ਕੇਸਾਂ ਕਰਕੇ ਅਤੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਲਾਕਡਾਊਨ ਨੂੰ ਲਗਾਇਆ ਗਿਆ ਸੀ।ਉਨ੍ਹਾਂ ਕਿਹਾ ਕਿ ਮਾਹਿਰ ਡਾਕਟਰਾਂ ਵੱਲੋਂ ਤੀਜ਼ੀ ਲਹਿਰ ਸਬੰਧੀ ਦਿੱਤੇ ਗਏ ਖਦਸ਼ੇ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਇਸ ਲਹਿਰ ਨਾਲ ਨਿਪਟਣ ਲਈ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ।ਬੱਚਿਆਂ ਲਈ ਵਿਸ਼ੇਸ਼ ਵਾਰਡ ਵੀ ਸਥਾਪਿਤ ਕੀਤੇ ਗਏ ਹਨ।ਸੋਨੀ ਨੇ ਵਪਾਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਕਰੋਨਾ ਦਾ ਟੈਸਟ ਜਰੂਰ ਕਰਵਾਉਣ ਅਤੇ ਆਉਣ ਵਾਲੇ ਗਾਹਕਾਂ ਨੂੰ ਟੈਸਟ ਕਰਵਾਉਣ ਸਬੰਧੀ ਵੀ ਪ੍ਰੇਰਿਤ ਕਰਨ।
ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਕਿਹਾ ਕਿ ਹੁਣ ਦੋਨੋਂ ਸਾਈਡਾਂ ਦੀਆਂ ਦੁਕਾਨਾਂ ਸੋਮਵਾਰ ਤੋਂ ਸ਼ੁਕਰਵਾਰ ਤੱਕ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲੀਆਂ ਰਹਿਣਗੀਆਂ ਅਤੇ ਬਾਕੀ ਪਾਬੰਦੀਆਂ ਪਹਿਲਾਂ ਦੀ ਤਰ੍ਹਾਂ 10 ਜੂਨ ਤੱਕ ਜਾਰੀ ਰਹਿਣਗੀਆਂ।ਪੁਲਿਸ ਕਮਿਸ਼ਨਰ ਡਾ: ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਸ਼ਾਮ 5 ਵਜੇ ਤੋਂ ਬਾਅਦ ਖੁੱਲਣ ਵਾਲੀਆਂ ਦੁਕਾਨਾਂ ਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਵਪਾਰ ਮੰਡਲ ਦੇ ਪ੍ਰਧਾਨ ਪਿਆਰਾ ਲਾਲ ਸੇਠ, ਸਮੀਰ ਜੈਨ, ਜਤਿੰਦਰ ਸਿੰਘ ਮੋਤੀ ਭਾਟੀਆ ਕੌਂਸਲਰ, ਵਜੀਰ ਚੰਦ, ਸੁਰਿੰਦਰ ਦੁੱਗਲ ਆਦਿ ਹਾਜ਼ਰ ਸਨ।
Punjab Post Daily Online Newspaper & Print Media