4 ਹਜ਼ਾਰ ਹੈਕਟੇਅਰ ਰਕਬੇ ਵਿੱਚ ਮੱਕੀ ਦੀ ਵੀ ਹੋਵੇਗੀ ਕਾਸ਼ਤ
ਕਪੂਰਥਲਾ, 4 ਜੂਨ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਕਿਹਾ ਹੈ ਕਿ ਜਿਲ੍ਹੇ ਕਪੂਰਥਲਾ ਅੰਦਰ ਝੋਨੇ ਦੇ ਸੀਜ਼ਨ ਦੌਰਾਨ
ਜ਼ਮੀਨ ਹੇਠਲੇ ਪਾਣੀ ਨੂੰ ਬਚਾਉਣ ਸਿੱਧੀ ਬਿਜ਼ਾਈ ਹੇਠ 35 ਹਜ਼ਾਰ ਹੈਕਟੇਅਰ ਰਕਬੇ ਵਿਚ ਕਾਸ਼ਤ ਕਰਨ ਦਾ ਟੀਚਾ ਹੈ।ਇਸ ਤੋਂ ਇਲਾਵਾ 4000 ਹੈਕਟੇਅਰ ਰਕਬੇ ਵਿੱਚ ਸਾਉਣੀ ਦੀ ਮੱਕੀ ਦੀ ਬਿਜ਼ਾਈ ਦਾ ਵੀ ਟੀਚਾ ਹੈ ਤਾਂ ਜੋ ਝੋਨੇ ਹੇਠ ਰਕਬੇ ਨੂੰ ਘੱਟ ਕੀਤਾ ਜਾ ਸਕੇ।
ਪੰਜਾਬ ਸਰਕਾਰ ਵਲੋਂ ਝੋਨੇ ਦੀ ਸਿੱਧੀ ਬਿਜ਼ਾਈ ਦੀ ਆਗਿਆ ਪਹਿਲੀ ਜੂਨ ਤੋਂ ਦਿੱਤੀ ਹੋਈ ਹੈ, ਜਿਸ ਤਹਿਤ ਸਮੁੱਚੇ ਜਿਲ੍ਹੇ ਦੀਆਂ ਸਾਰੀਆਂ ਸਬ ਡਿਵੀਜ਼ਨਾਂ ਅੰਦਰ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨ ਤੇ ਕਿਸਾਨਾਂ ਨੂੰ ਇਸ ਦੇ ਲਾਭਾਂ ਬਾਰੇ ਜਾਣੂ ਕਰਵਾਉਣ ਦੇ ਮਕਸਦ ਨਾਲ ਕਲੱਸਟਰ ਪ੍ਰਦਰਸ਼ਨੀਆਂ ਵੀ ਲਾਈਆਂ ਜਾ ਰਹੀਆਂ ਹਨ।ਉਨ੍ਹਾਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਫੀਲਡ ਵਿਚ ਜਾ ਕੇ ਕਿਸਾਨਾਂ ਨਾਲ ਸਿੱਧਾ ਰਾਬਤਾ ਕਾਇਮ ਕਰਨ ਤਾਂ ਜੋ ਕਿਸਾਨਾਂ ਨੂੰ ਸਿੱਧੀ ਬਿਜ਼ਾਈ ਲਈ ਪ੍ਰੇਰਿਤ ਕੀਤਾ ਜਾ ਸਕੇ।
ਜਿਲ੍ਹੇ ਅੰਦਰ ਪਿਛਲੇ ਸੀਜ਼ਨ ਦੌਰਾਨ ਵੀ ਸਿੱਧੀ ਬਿਜ਼ਾਈ ਵੱਲ ਕਿਸਾਨਾਂ ਨੇੇ ਵੱਡਾ ਉਤਸ਼ਾਹ ਦਿਖਾਇਆ ਸੀ, ਜਿਸ ਕਰਕੇ 24 ਹਜ਼ਾਰ ਹੈਕਟੇਅਰ ਰਕਬੇ ਵਿਚ ਸਿੱਧੀ ਬਿਜ਼ਾਈ ਹੋਈ ਸੀ।
ਇਸ ਤੋਂ ਇਲਾਵਾ ਮੱਕੀ ਦੀ ਫਸਲ ਲਈ ਕਲੱਸਟਰ ਪ੍ਰਦਰਸ਼ਨੀ 10 ਹੈਕਟੇਅਰ ਰਕਬੇ ਵਿਚ ਹੋਵੇਗੀ, ਜਿਸ ਸਬੰਧੀ ਕਿਸਾਨ ਮੱਕੀ ਦਾ ਬੀਜ਼ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਕ੍ਰਿਸ਼ੀ ਵਿਗਿਆਨ ਕੇਂਦਰ ਤੇ ਪ੍ਰਾਈਵੇਟ ਡੀਲਰਾਂ ਤੋਂ ਖਰੀਦ ਕਰ ਸਕਦੇ ਹਨ।
ਇਸ ਤੋਂ ਇਲਾਵਾ ਕਰੀਟੀਕਲ ਇਨਪੁਟਸ ਜਿਵੇਂ ਕਿ ਸੁਧਰੇ ਬੀਜ਼, ਪਲਾਂਟ ਪ੍ਰੋਟੈਕਸ਼ਨ ਕੈਮੀਕਲਜ਼ (ਨਦੀਨਨਾਸ਼ਕ, ਕੀਟਨਾਸ਼ਕ, ਜਿੰਕ ਫਾਸਫੇਟ) ਆਦਿ ਦੀ ਸਹਾਇਤਾ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਦਿੱਤੀ ਜਾਵੇਗੀ।
ਇਸ ਮੌਕੇ ਜਿਲ੍ਹਾ ਖੇਤੀਬਾੜੀ ਅਫਸਰ ਡਾ. ਸ਼ੁਸ਼ੀਲ ਕੁਮਾਰ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਦੇ ਬਲਾਕ ਪੱਧਰੀ ਅਧਿਕਾਰੀਆਂ ਵਲੋਂ ਵਿਸ਼ੇਸ਼ ਟੀਮਾਂ ਬਣਾ ਕੇ ਫੀਲਡ ਦਾ ਦੌਰਾ ਕੀਤਾ ਜਾ ਰਿਹਾ ਹੈ।ਇਸ ਤੋਂ ਇਲਾਵਾ ਕਿਸਾਨਾਂ ਨੂੰ ਵਟਸ ਐਪ ਗਰੁੱਪਾਂ ਰਾਹੀਂ ਵੀ ਤਕਨੀਕੀ ਜਾਣਕਾਰੀ, ਸਿੱਧੀ ਬਿਜ਼ਾਈ ਦੇ ਤਰੀਕੇ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਕੋਵਿਡ ਕਾਰਨ ਲੇਬਰ ਦੀ ਕਮੀ ਦੇ ਮੱਦੇਨੇਜ਼ਰ ਵੀ ਸਿੱਧੀ ਬਿਜ਼ਾਈ ਬਹੁਤ ਲਾਹੇਵੰਦ ਹੈ ਕਿਉਂ ਜੋ ਇਸ ਨਾਲ ਕਾਸ਼ਤ ਲਾਗਤ ਘੱਟ ਹੁੰਦੀ ਹੈ।
Punjab Post Daily Online Newspaper & Print Media