Monday, December 23, 2024

ਵਿਧਾਇਕ ਅੰਗਦ ਸਿੰਘ ਨੇ ਸਿੰਘੂ ਬਾਰਡਰ ’ਤੇ ਡਟੇ ਕਿਸਾਨਾਂ ਦੀ ਕੀਤੀ ਹੌਸਲਾ ਅਫ਼ਜ਼ਾਈ

ਕਿਸਾਨਾਂ ਲਈ ਲੰਗਰ ਸੇਵਾ ’ਚ ਜੁੱਟੀਆਂ ਇਲਾਕੇ ਦੀਆਂ ਸ਼ਖਸੀਅਤਾਂ ਦੀ ਕੀਤੀ ਸ਼ਲਾਘਾ

ਨਵਾਂਸ਼ਹਿਰ, 4 ਜੂਨ (ਪੰਜਾਬ ਪੋਸਟ ਬਿਊਰੋ) – ਵਿਧਾਇਕ ਨਵਾਂਸ਼ਹਿਰ ਅੰਗਦ ਸਿੰਘ ਨੇ ਅੱਜ ਦਿੱਲੀ ਤੋਂ ਵਾਪਸ ਪਰਤਦਿਆਂ ਰਸਤੇ ਵਿਚ ਸਿੰਘੂ ਬਾਰਡਰ ’ਤੇ ਰੁਕ ਕੇ ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿਛਲੇ 6 ਮਹੀਨਿਆਂ ਤੋਂ ਉਥੇ ਡਟੇ ਕਿਸਾਨਾਂ ਦੀ ਹੌਸਲਾ ਅਫ਼ਜ਼ਾਈ ਕੀਤੀ।
ਉਨ੍ਹਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਦੇਸ਼ ਦਾ ਅੰਨਦਾਤਾ ਇੰਨੇ ਲੰਬੇ ਸਮੇਂ ਤੋਂ ਕੜਾਕੇ ਦੀ ਠੰਢ ਅਤੇ ਅੱਤ ਦੀ ਗਰਮੀ ਵਿਚ ਸੜਕਾਂ ’ਤੇ ਰਹਿਣ ਲਈ ਮਜ਼ਬੂਰ ਹੈ।ਇਸ ਅੰਦੋਲਨ ਵਿਚ ਬਹੁਤ ਸਾਰੇ ਕਿਸਾਨ ਵੀਰ ਆਪਣੀਆਂ ਜਾਨਾਂ ਵੀ ਗਵਾ ਚੁੱਕੇ ਹਨ, ਪਰੰਤੂ ਕੇਂਦਰ ਦੀ ਨਿਰਦਈ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ ਅਤੇ ਉਸ ਦਾ ਅੜੀਅਲ ਰਵੱਈਆ ਉਸੇ ਤਰ੍ਹਾਂ ਜਾਰੀ ਹੈ।ਉਨ੍ਹਾਂ ਕਿਹਾ ਕਿ ਇਹ ਸਪੱਸ਼ਟ ਹੋ ਚੁੱਕਾ ਹੈ ਕਿ ਕੇਂਦਰ ਸਰਕਾਰ ਜਾਣਬੁੱਝ ਕੇ ਕਿਸਾਨੀ ਨੂੰ ਤਬਾਹ ਕਰਨ ’ਤੇ ਤੁਲੀ ਹੋਈ ਹੈ, ਲੇਕਿਨ ਉਸ ਦੇ ਅਜਿਹੇ ਮਨਸੂਬੇ ਕਾਮਯਾਬ ਨਹੀਂ ਹੋਣਗੇ।
                     ਇਸ ਦੌਰਾਨ ਉਹ ਕਿਸਾਨਾਂ ਲਈ ਲੰਗਰ ਸੇਵਾ ਵਿੱਚ ਜੁੱਟੀਆਂ ਇਲਾਕੇ ਦੀਆਂ ਸ਼ਖਸੀਅਤਾਂ ਨੂੰ ਵੀ ਮਿਲੇ ਅਤੇ ਉਨ੍ਹਾਂ ਵੱਲੋਂ ਇਸ ਅੰਦੋਲਨ ਵਿਚ ਪਾਏ ਜਾ ਰਹੇ ਅਹਿਮ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਸ ਅੰਦੋਲਨ ਵਿਚ ਵੱਖ-ਵੱਖ ਸੰਸਥਾਵਾਂ ਅਤੇ ਸ਼ਖਸੀਅਤਾਂ ਵੱਲੋਂ ਜਿਸ ਸੇਵਾ ਭਾਵਨਾ ਨਾਲ ਸ਼ਿਰਕਤ ਕੀਤੀ ਜਾ ਰਹੀ ਹੈ, ਉਹ ਲਾਮਿਸਾਲ ਹੈ।ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੀ ਚੜ੍ਹਦੀ ਕਲਾ ਇਹ ਦਰਸਾਉਂਦੀ ਹੈ ਕਿ ਜਿੱਤ ਜਲਦ ਹੀ ਉਨ੍ਹਾਂ ਦੇ ਕਦਮ ਚੁੰਮੇਗੀ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …