Tuesday, March 3, 2026

ਪੰਜਾਬ ਵਿੱਚ 73 ਲੱਖ ਦੇ ਕਰੀਬ ਹੋਏ ਕਰੋਨਾ ਦੇ ਟੈਸਟ – ਸੋਨੀ

ਗੁਰੂ ਨਾਨਕ ਦੇਵ ਹਸਪਤਾਲ ਵਿਖੇ ਬਲੈਕ ਫੰਗਸ ਦੇ 11 ਮਰੀਜ਼ ਦਾਖਲ

ਅੰਮ੍ਰਿਤਸਰ, 8 ਜੂਨ (ਸੁਖਬੀਰ ਸਿੰਘ) – ਕਰੋਨਾ ਦੀ ਮੌਜੂਦਾ ਸਥਿਤੀ ਨੂੰ ਲੈ ਕੇ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਵਲੋ ਸਥਾਨਕ ਸਰਕਟ ਹਾਊਸ ਵਿਖੇ ਰੀਵਿਊ ਮੀਟਿੰਗ ਕੀਤੀ ਗਈ।ਜਿਸ ਵਿਚ ਮੇਅਰ ਕਰਮਜੀਤ ਸਿੰਘ ਰਿੰਟੂ, ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ, ਪੁਲਿਸ ਕਮਿਸ਼ਨਰ ਡਾ: ਸੁਖਚੈਨ ਸਿੰਘ ਗਿੱਲ, ਕਮਿਸ਼ਨਰ ਨਗਰ ਨਿਗਮ ਮੈਡਮ ਕੋਮਲ ਮਿੱਤਲ, ਸਿਵਲ ਸਰਜਨ ਡਾ: ਚਰਨਜੀਤ ਸਿੰਘ, ਪ੍ਰਿੰਸੀਪਲ ਮੈਡੀਕਲ ਕਾਲਜ ਰਜੀਵ ਦੇਵਗਨ ਤੇ ਹੋਰ ਅਧਿਕਾਰੀ ਹਾਜ਼ਰ ਸਨ।
                 ਮੀਟਿੰਗ ਨੂੰ ਸੰਬੋਧਨ ਕਰਦਿਆਂ ਸੋਨੀ ਨੇ ਕਿਹਾ ਕਿ ਕਰੋਨਾ ਲਹਿਰ ਦੇ ਤੀਜ਼ੇ ਖਦਸ਼ੇ ਨੂੰ ਦੇਖਦਿਆਂ ਹੋਇਆਂ ਪ੍ਰਸਾਸ਼ਨ ਵੱਲੋਂ ਪੂਰੇ ਇੰਤਜ਼ਾਮ ਕਰ ਕੇ ਬੱਚਿਆਂ ਲਈ ਵੱਖਰੇ ਵਾਰਡ ਵੀ ਸਥਾਪਤ ਕੀਤੇ ਗਏ ਹਨ।ਇਨ੍ਹਾਂ ਵਾਰਡਾਂ ਨੂੰ ਪੂਰੀ ਤਰ੍ਹਾਂ ਮੈਡੀਕਲ ਉਪਕਰਨਾਂ ਨਾਲ ਲੈਸ ਕੀਤਾ ਗਿਆ ਹੈ।ਸੋਨੀ ਨੇ ਕਿਹਾ ਕਿ ਪ੍ਰਮਾਤਮਾ ਕਰੇ ਕਿ ਤੀਜ਼ੀ ਲਹਿਰ ਨਾ ਹੀ ਆਵੇ।ਕਰੋਨਾ ਦੀ ਮੌਜ਼ੂਦਾ ਸਥਿਤੀ ਦਾ ਜਾਇਜ਼ਾ ਲੈਂਦਿਆਂ ਉਨਾਂ ਦੱਸਿਆ ਕਿ ਕਰੋਨਾ ਦੇ ਕੇਸ 50 ਫੀਸਦੀ ਤੋਂ ਜਿਆਦਾ ਘੱਟ ਗਏ ਹਨ ਅਤੇ ਮੌਤ ਦਰ ਵਿੱਚ ਵੀ ਕਾਫੀ ਕਮੀ ਆਈ ਹੈ।ਜਿਥੇ ਪਹਿਲਾਂ ਗੁਰੂ ਨਾਨਕ ਦੇਵ ਹਸਪਤਾਲ ਵਿਖੇ 1100 ਦੇ ਕਰੀਬ ਕਰੋਨਾ ਦੇ ਮਰੀਜ਼ ਦਾਖਲ ਸਨ, ਉਹ ਘੱਟ ਕੇ ਕੇਵਲ 325 ਰਹਿ ਗਏ ਹਨ।ਮੌਜ਼ੂਦਾ ਸਮੇਂ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਬਲੈਕ ਫੰਗਜ ਦੇ 11 ਮਰੀਜ਼ ਦਾਖਲ ਹਨ ਅਤੇ ਉਨ੍ਹਾਂ ਦਾ ਇਲਾਜ਼ ਕੀਤਾ ਜਾ ਰਿਹਾ ਹੈ।ਸੋਨੀ ਨੇ ਸਿਵਲ ਸਰਜਨ ਨੂੰ ਨਿਰਦੇਸ਼ ਦਿੱਤੇ ਕਿ ਜਿਲੇ੍ਹ ਵਿੱਚ ਕਰੋਨਾ ਦੀ ਟੈਸਟਿੰਗ ਵਧਾਈ ਜਾਵੇ।
                ਸੋਨੀ ਨੇ ਦੱਸਿਆ ਕਿ ਪੂਰੇ ਪੰਜਾਬ ਵਿੱਚ ਹੁਣ ਤੱਕ ਤਿੰਨ ਮੈਡੀਕਲ ਕਾਲਜਾਂ ਅਤੇ 4 ਸਰਕਾਰੀ ਲੈਬਾਰਟਰੀਆਂ ਵਿੱਚ 7260286 ਕਰੋਨਾ ਦੇ ਟੈਸਟ ਹੋ ਚੁੱਕੇ ਹਨ ਜਿੰਨਾਂ ਵਿੱਚੋਂ ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ 2033178, ਪਟਿਆਲਾ ਮੈਡੀਕਲ ਕਾਲਜ 2395518, ਫਰੀਦਕੋਟ 1875827, ਲੁਧਿਆਣਾ 312321, ਜਲੰਧਰ 214199, ਐਫ:ਐਸ:ਐਲ ਮੁਹਾਲੀ 221022 ਅਤੇ ਪੀ.ਬੀ.ਟੀ ਮੁਹਾਲੀ ਵਿਖੇ 208221 ਟੈਸਟ ਕੀਤੇ ਗਏ ਹਨ, ਜਿੰਨਾਂ ਵਿਚੋਂ 324147 ਕੇਸ ਪਾਜ਼ਟਿਵ ਪਾਏ ਗਏ ਹਨ ਅਤੇ ਹੁਣ ਤੱਕ 5030 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।
                  ਇਕ ਹੋਰ ਸਵਾਲ ਦੇ ਜਵਾਬ ਵਿੱਚ ਸੋਨੀ ਨੇ ਦੱਸਿਆ ਕਿ ਬਲੈਕ ਫੰਗਸ ਦੇ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਲੋੜ ਮੁਤਾਬਿਕ ਉਨ੍ਹਾਂ ਨੂੰ ਵੈਕਸੀਨ ਵੀ ਸਰਕਾਰ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਹੈ।ਕੇਂਦਰ ਸਰਕਾਰ ਵੱਲੋਂ ਕਰੋਨਾ ਦੀ ਜਿੰਨੀ ਵੀ ਵੈਕਸੀਨ ਭੇਜੀ ਜਾ ਰਹੀ ਹੈ ਉਹ ਸਾਰੇ ਸਰਕਾਰੀ ਹਸਪਤਾਲਾਂ ਅਤੇ ਵੱਖ-ਵੱਖ ਥਾਂਵਾਂ ‘ਤੇ ਕੈਂਪ ਲਗਾ ਕੇ ਲੋਕਾਂ ਨੂੰ ਲਗਾਈ ਜਾ ਰਹੀ ਹੈ।ਸਰਕਾਰ ਵੱਲੋਂ ਜਿਹੜੀ ਵੀ ਵੈਕਸੀਨ ਪ੍ਰਾਈਵੇਟ ਹਸਪਤਾਲਾਂ ਨੂੰ ਦਿੱਤੀ ਗਈ ਸੀ ਉਹ ਵਾਪਸ ਲੈ ਲਈ ਗਈ ਹੈ।ਸੋਨੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …