Wednesday, April 8, 2026

ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਸੰਗਰੂਰ ਵਿਖੇ ਧਰਨਾ 266ਵੇਂ ਦਿਨ ‘ਚ ਦਾਖ਼ਲ

ਸੰਗਰੂਰ, 24 ਜੂਨ (ਜਗਸੀਰ ਲੌਂਗੋਵਾਲ) – ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਅਧੀਨ ਸੰਗਰੂਰ ਵਿੱਚ ਚੱਲ ਰਿਹਾ ਕਿਸਾਨ ਧਰਨਾ ਅੱਜ 266ਵੇਂ ਦਿਨ ਵਿੱਚ ਦਾਖ਼ਲ ਹੋ ਗਿਆ।ਅੱਜ ਇਸ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਮੱਘਰ ਸਿੰਘ ਉਭਾਵਾਲ ਨੇ ਕਿਹਾ ਕਿ ਕੇਂਦਰ ਦੇ ਨਾਲ-ਨਾਲ ਪੰਜਾਬ ਸਰਕਾਰ ਵੀ ਨੈਤਿਕ ਗਿਰਾਵਟ ਦੀਆਂ ਸਭ ਹੱਦਾਂ ਟੱਪ ਚੁੱਕੀ ਹੈ।ਸੂਬੇ ਅੰਦਰ ਕਿਸਾਨਾਂ ਦੇ ਬੇਰੁਜ਼਼ਗਾਰ ਧੀਆਂ ਪੁੱਤਰ ਰੁਜ਼ਗਾਰ ਦੀ ਮੰਗ ਲਈ ਨਿੱਤ ਧਰਨੇ ਪ੍ਰਦਰਸ਼ਨ ਕਰ ਰਹੇ ਹਨ।ਪਰ ਰਾਜ ਸਰਕਾਰ ਆਪਣੇ ਚਹੇਤਿਆਂ ਨੂੰ ਤਰਸ ਆਧਾਰਿਤ ਨੌਕਰੀਆਂ ਵੰਡ ਰਹੀ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ਵਿਖੇ ਨਜ਼ਾਇਜ ਸ਼ਰਾਬ ਫੈਕਟਰੀ ਚੱਲਣਾ ਸਰਕਾਰ ਦੀ ਮਿਲੀਭੁਗਤ ਅਤੇ ਨਲਾਇਕੀ ਦਾ ਸ਼ਿਖਰ ਹੈ।ਪੰਜਾਬ ਸਰਕਾਰ ਨਸ਼ਿਆਂ ਦੇ ਕਾਰੋਬਾਰ ਨੂੰ ਨੱਥ ਪਾਉਣ ਦੀ ਜਗ੍ਹਾ ਹਿੱਸਾ ਪੱਤੀ ਵਧਾ ਕੇ ਜਵਾਨੀ ਨਾਲ ਧ੍ਰੋਹ ਕਮਾ ਰਹੀ ਹੈ।
                    ਕਿਸਾਨ ਯੂਨੀਅਨ ਦੇ ਇਕਾਈ ਪ੍ਰਧਾਨ ਸੁਖਦੇਵ ਸਿੰਘ ਨੇ ਆਪਣੇ ਸੰਬੋਧਨ ਕਿਹਾ ਕਿ ਨਿੱਤ ਵਧ ਰਹੀ ਮਹਿੰਗਾਈ ਆਮ ਲੋਕਾਈ ਦਾ ਗਲਾ ਘੁੱਟ ਰਹੀ ਹੈ।ਸਰਕਾਰਾਂ ਦਾ ਕਾਰਪੋਰੇਟੀ ਮਾਡਲ ਇਸ ਵਰਤਾਰੇ ਲਈ ਜਿੰਮੇਵਾਰ ਹੈ।ਅੱਜ ਆਮ ਵਿਅਕਤੀ ਨੂੰ ਖਾਣ ਪੀਣ ਦੀਆਂ ਵਸਤਾਂ ਮਿਲਾਵਟੀ ਅਤੇ ਮਹਿੰਗੀਆਂ ਦਰਾਂ ਤੇ ਮਿਲ ਰਹੀਆਂ ਹਨ।ਜਿਸ ਦਾ ਸਿੱਧਾ ਸਿੱਧਾ ਅਸਰ ਪਬਲਿਕ ਦੀ ਜੇਬ ਅਤੇ ਸਿਹਤ ਤੇ ਪੈ ਰਿਹਾ ਹੈ।ਇਸ ਸਮੇਂ ਵੱਖ ਵੱਖ ਆਗੂਆਂ ਨੇ ਇਹ ਜਾਣਕਾਰੀ ਸਾਂਝੀ ਕੀਤੀ ਕਿ 26 ਜੂਨ ਨੂੰ ਪੰਜਾਬ ਦੇ ਰਾਜਪਾਲ ਦੇ ਨਾਲ ਚੰਡੀਗੜ੍ਹ ਵਿਖੇ ਮੀਟਿੰਗ ਮੌਕੇ ਤਿੰਨੋਂ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਭੇਜਿਆ ਜਾਵੇਗਾ ਅਤੇ ਪੰਜਾਬ ਦੀ ਬੇਰੁਜ਼ਗਾਰ ਜਵਾਨੀ ਲਈ ਰੁਜ਼ਗਾਰ ਦੇਣ ਦੀ ਆਵਾਜ਼ ਉਠਾਈ ਜਾਵੇਗੀ।
                    ਇਸ ਮੌਕੇ ਜਰਨੈਲ ਜਹਾਂਗੀਰ, ਰੋਹੀ ਮੰਗਵਾਲ, ਰਘਵੀਰ ਸੰਗਰੂਰ, ਦਰਬਾਰਾ ਨਾਗਰਾ, ਗੁਰਚਰਨ ਭਿੰਡਰਾਂ, ਮਹਿੰਦਰ ਸੰਗਰੂਰ, ਜੋਗਿੰਦਰ ਸਿੰਘ, ਸੀਤਲ ਕਲੌਦੀ, ਜਗਰੂਪ ਹੇੜ੍ਹੀਕੇ, ਗੱਜਣ ਲੱਡੀ, ਸੁਖਦੇਵ ਸੰਗਰੂਰ, ਕੁਲਦੀਪ ਸੰਗਰੂਰ ਅਤੇ ਸਮਾਜ ਸੇਵੀ ਡਾ. ਅਮਨਦੀਪ ਗੋਂਸਲ ਆਦਿ ਨੇ ਵੀ ਸ਼ਮੂਲੀਅਤ ਕੀਤੀ।

Check Also

ਖਾਲਸਾ ਮੈਨੇਜਮੈਂਟ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 7 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਨੌਵੀਂ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ …