Saturday, April 18, 2026

ਆਯੂਸ਼ਮਾਨ ਸਿਹਤ ਬੀਮਾ ਯੋਜਨਾ ‘ਚ ਦਿੱਤੇ 88 ਕਰੋੜ ਤੋਂ ਵੱਧ ਦੇ ਕਲੇਮ -ਡਿਪਟੀ ਕਮਿਸ਼ਨਰ

ਹਰੇਕ ਸਰਕਾਰੀ ਹਸਪਤਾਲ ‘ਚ ਇਲਾਜ ਸਬੰਧੀ ਸਹੂਲਤਾਂ ਦਰਸਾਉਂਦੀ ਐਲ.ਈ.ਡੀ ਲਾਉਣ ਦੀ ਹਦਾਇਤ
ਅੰਮ੍ਰਿਤਸਰ, 26 ਜੂਨ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਆਯੂਸ਼ਮਾਨ ਭਾਰਤ ਸਰਬਤ ਸਿਹਤ ਬੀਮਾ ਯੋਜਨਾ ਦੀ ਪ੍ਰਗਤੀ ਰਿਪੋਰਟ ਦੀ ਸਮੀਖਿਆ ਕਰਦੇ ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੂੰ ਹਦਾਇਤ ਕੀਤੀ ਕਿ ਉਹ ਹਰੇਕ ਸਰਕਾਰੀ ਹਸਪਤਾਲ ਵਿੱਚ ਇਲਾਜ਼ ਸਬੰਧੀ ਸਹੂਲਤਾਂ ਦੀ ਜਾਣਕਾਰੀ ਦੇਣ ਲਈ ਐਲ.ਈ.ਡੀ ਲਗਾਉਣ, ਤਾਂ ਜੋ ਹਸਪਤਾਲ ਆਉਣ ਵਾਲੇ ਲੋਕਾਂ ਨੂੰ ਖੱਲ ਨਾ ਹੋਣਾ ਪਵੇ।ਖਹਿਰਾ ਨੇ ਕਿਹਾ ਕਿ ਸਰਕਾਰ ਦੀ ਇਹ ਸਕੀਮ ਆਮ ਲੋਕਾਂ ਲਈ ਵੱਡੀ ਰਾਹਤ ਹੈ, ਜਿਸ ਨਾਲ ਰਜਿਸਟਰਡ ਕੀਤੇ ਪਰਿਵਾਰਾਂ ਦਾ ਇਲਾਜ਼ ਬਿਨਾਂ ਕਿਸੇ ਖਰਚੇ ਦੇ ਕੀਤਾ ਜਾਂਦਾ ਹੈ।ਉਨਾਂ ਕਿਹਾ ਕਿ ਭਾਵੇਂ ਸਾਡੇ ਜਿਲ੍ਹੇ ਵਿਚ ਇਸ ਸਕੀਮ ਅਧੀਨ 88 ਕਰੋੜ ਰੁਪਏ ਤੋਂ ਵੱਧ ਦੇ ਕਲੇਮ ਦਰਜ਼ ਕੀਤੇ ਗਏ ਹਨ, ਪਰ ਇਸ ਵਿਚ ਹੋਰ ਵਾਧਾ ਕਰਨ ਦੀ ਲੋੜ ਹੈ।ਖਹਿਰਾ ਨੇ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਹੁਣ ਕਿਸੇ ਵੀ ਤਰਾਂ ਦੀ ਕਮੀ ਨਹੀਂ, ਪਰ ਲੋਕਾਂ ਨੂੰ ਇਨਾਂ ਪ੍ਰਤੀ ਖਿੱਚਣ ਲਈ ਜ਼ਰੂਰੀ ਹੈ ਕਿ ਸਟਾਫ ਦਾ ਵਿਵਹਾਰ ਆਏ ਮਰੀਜ਼ਾਂ ਨਾਲ ਹਮਦਰਦੀ ਵਾਲਾ ਹੋਵੇ।
               ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਜਿਲ੍ਹੇ ਵਿੱਚ 3 ਲੱਖ 28 ਹਜ਼ਾਰ 459 ਪਰਿਵਾਰਾਂ ਦੇ ਕਾਰਡ ਇਸ ਸਕੀਮ ਅਧੀਨ ਬਣਾਏ ਗਏ ਹਨ, ਜਿੰਨਾਂ ਵਿੱਚ 288103 ਰਾਸ਼ਨ ਕਾਰਡ ਹੋਲਡਰ, ਉਸਾਰੀ ਕਿਰਤੀਆਂ ਦੇ 12060, ਜੇ ਫਾਰਮ ਲੈਣ ਵਾਲੇ ਕਿਸਾਨਾਂ ਦੇ 25632, ਛੋਟੇ ਵਪਾਰੀਆਂ ਦੇ 2381 ਅਤੇ ਪ੍ਰੈਸ ਰਿਪੋਰਟਰ ਦੇ 283 ਕਾਰਡ ਬਣੇ ਹਨ।ਅੱਜ ਤੱਕ 2 ਲੱਖ 41 ਹਜ਼ਾਰ ਪਰਿਵਾਰ ਇਸ ਸਕੀਮ ਦਾ ਲਾਭ ਲੈ ਚੁੱਕੇ ਹਨ ਅਤੇ ਉਨਾਂ ਵੱਖ-ਵੱਖ ਸਰਕਾਰੀ ਤੇ ਗੈਰ ਸਰਕਾਰੀ ਹਸਪਤਾਲਾਂ ਵਿਚੋਂ ਮੁਫ਼ਤ ਇਲਾਜ਼ ਕਰਵਾਇਆ ਹੈ। ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਕੁੱਲ 105 ਹਸਪਤਾਲਾਂ ਨੂੰ ਇਸ ਸਕੀਮ ਅਧੀਨ ਇਲਾਜ਼ ਦੇਣ ਵਾਲੇ ਰਜਿਸਟਰਡ ਕੀਤਾ ਗਿਆ ਹੈ, ਜਿਸ ਵਿਚ 10 ਸਰਕਾਰੀ ਅਤੇ 95 ਗੈਰ ਸਰਕਾਰੀ ਹਸਪਤਾਲ ਸ਼ਾਮਿਲ ਹਨ। ਸਿਵਲ ਸਰਜਨ ਨੇ ਦੱਸਿਆ ਕਿ ਇਸ ਸਕੀਮ ਅਧੀਨ 1469 ਬਿਮਾਰੀਆਂ ਦਾ ਇਲਾਜ਼ ਕੀਤਾ ਜਾ ਰਿਹਾ ਹੈ, ਜਿਸ ਵਿਚੋਂ 180 ਬਿਮਾਰੀਆਂ ਦਾ ਇਲਾਜ਼ ਕੇਵਲ ਸਰਕਾਰੀ ਹਸਪਤਾਲਾਂ ਵਿਚੋਂ ਹੀ ਕਰਵਾਇਆ ਜਾ ਸਕਦਾ ਹੈ। ਉਨਾਂ ਕਿਹਾ ਕਿ ਜੇਕਰ ਕਿਸੇ ਕਾਰਨ ਉਕਤ ਬਿਮਾਰੀ ਦਾ ਡਾਕਟਰ ਸਬੰਧਤ ਸਰਕਾਰੀ ਹਸਪਤਾਲ ਵਿਚ ਨਾ ਹੋਵੇ ਤਾਂ ਸਰਕਾਰੀ ਹਸਪਤਾਲ ਤੋਂ ਰੈਫਰ ਕਰਵਾ ਕੇ ਇਹ ਇਲਾਜ਼ ਨਿੱਜੀ ਹਸਪਤਾਲ ਵਿਚੋਂ ਵੀ ਇਸ ਸਕੀਮ ਅਧੀਨ ਮੁਫਤ ਕਰਵਾਇਆ ਜਾ ਸਕਦਾ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਕੀਮ ਦਾ ਲਾਭ ਲੈਣ ਅਤੇ ਰਜਿਸਟਰਡ ਹਸਪਤਾਲਾਂ ਵਿੱਚ ਹੀ ਪਹੁੰਚ ਕਰਨ।
                ਇਸ ਮੌਕੇ ਸਹਾਇਕ ਕਮਿਸ਼ਨਰ ਸ੍ਰੀਮਤੀ ਅਲਕਾ ਕਾਲੀਆ ਤੇ ਸ੍ਰੀਮਤੀ ਅਨਮਜੋਤ ਕੌਰ, ਡਿਪਟੀ ਮੈਡੀਕਲ ਕਮਿਸ਼ਨਰ ਗੁਰਮੀਤ ਕੌਰ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

Check Also

ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ

ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …