Sunday, March 22, 2026

ਨਸ਼ਿਆਂ ਖਿਲਾਫ਼ ਬਿਹਤਰੀਨ ਕਾਰਗੁਜ਼ਾਰੀ ਸਦਕਾ ਸ਼ਹੀਦ ਭਗਤ ਸਿੰਘ ਨਗਰ ਨੇ ਬਣਾਈ ਕੌਮੀ ਪਛਾਣ- ਦੀਪਜੋਤ ਕੌਰ

ਨਵਾਂਸ਼ਹਿਰ, 27 ਜੂਨ (ਪੰਜਾਬ ਪੋਸਟ ਬਿਊਰੋ) – ਨਸ਼ਾਖ਼ੋਰੀ ਅਤੇ ਤਸਕਰੀ ਵਿਰੁੱਧ ਕੌਮਾਂਤਰੀ ਦਿਵਸ ਮੌਕੇ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅੱਜ ਜ਼ਿਲ੍ਹੇ ਭਰ ਵਿਚ ਵੱਖ-ਵੱਖ ਵਿਭਾਗਾਂ ਅਤੇ ਸੰਸਥਾਵਾਂ ਵੱਲੋਂ ਜਾਗਰੂਕਤਾ ਸਮਾਗਮ ਕਰਵਾਏ ਗਏ।ਇਨ੍ਹਾਂ ਸਮਾਗਮਾਂ ਨੂੰ ਸੂਬਾ ਪੱਧਰੀ ਵਰਚੁਅਲ ਸਮਾਗਮ ਨਾਲ ਆਨਲਾਈਨ ਜੋੜਿਆ ਗਿਆ, ਜਿਸ ਦੌਰਾਨ ਪੁਲਿਸ, ਸਿਹਤ ਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ, ਪਿੰਡਾਂ ਅਤੇ ਸ਼ਹਿਰਾਂ ਦੇ ਪਤਵੰਤਿਆਂ, ਅਧਿਆਪਕਾਂ, ਵਿਦਿਆਰਥੀਆਂ ਅਤੇ ਆਮ ਲੋਕਾਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ।ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਖੇ ਸਹਾਇਕ ਕਮਿਸ਼ਨਰ ਦੀਪਜੋਤ ਕੌਰ ਅਤੇ ਹੋਰਨਾਂ ਅਧਿਕਾਰੀਆਂ ਨੇ ਸੂਬਾ ਪੱਧਰੀ ਸਮਾਗਮ ਵਿਚ ਆਨਲਾਈਨ ਸ਼ਿਰਕਤ ਕੀਤੀ, ਜਿਸ ਦੌਰਾਨ ਮੁੱਖ ਮੰਤਰੀ ਵੱਲੋਂ ਜ਼ਬਤ ਨਸ਼ਿਆਂ ਨੂੰ ਵਿਗਿਆਨਕ ਢੰਗ ਨਾਲ ਨਸ਼ਟ ਕਰਨ ਅਤੇ ਸੂਬੇ ਭਰ ਵਿਚ ਨਸ਼ਿਆਂ ਖਿਲਾਫ਼ ਇਕ ਹਫ਼ਤੇ ਦੀ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ।
                 ਸਹਾਇਕ ਕਮਿਸ਼ਨਰ ਦੀਪਜੋਤ ਕੌਰ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਦੀ ਅਗਵਾਈ ਹੇਠ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ ਨਸ਼ਿਆਂ ਖਿਲਾਫ਼ ਆਪਣੀ ਬਿਹਤਰੀਨ ਕਾਰਗੁਜ਼ਾਰੀ ਅਤੇ ਨਿਵੇਕਲੀਆਂ ਜਾਗਰੂਕਤਾ ਗਤੀਵਿਧੀਆਂ ਸਦਕਾ ਕੌਮੀ ਪੱਧਰ ’ਤੇ ਆਪਣੀ ਪਛਾਣ ਬਣਾਉਣ ਵਿਚ ਸਫਲ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਤਹਿਤ ਐਕਸ਼ਨ ਪਲਾਨ ਬਣਾ ਕੇ ਵੱਖ-ਵੱਖ ਪਲੇਟਫਾਰਮਾਂ, ਜਿਵੇਂ ਸਿੱਖਿਆ ਸੰਸਥਾਵਾਂ, ਕਿੱਤਾਕਾਰੀ ਟ੍ਰੇਨਿੰਗ ਸੰਸਥਾਵਾਂ, ਪੁਲਿਸ ਵਿਭਾਗ ਅਤੇ ਸਮਾਜ ਸੇਵੀ ਸੰਸਥਾਵਾਂ ਰਾਹੀਂ ਵੱਡੀ ਪੱਧਰ ’ਤੇ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ, ਜਿਨ੍ਹਾਂ ਦਾ ਮੁੱਖ ਉਦੇਸ਼ ਨੌਜਵਾਨ ਵਰਗ ਨੂੰ ਨਸ਼ੇ ਦੀ ਆਦਤ ਤੋਂ ਬਚਾਉਣਾ ਅਤੇ ਰਚਨਾਤਮਕ ਕੰਮਾਂ ਲਈ ਪ੍ਰੇਰਿਤ ਕਰਨਾ ਹੈ।ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਜਿਥੇ ਬਡੀ ਅਤੇ ਡੈਪੋ ਨਸ਼ਿਆਂ ਖਿਲਾਫ਼ ਜਾਗਰੂਕਤਾ ਵਿਚ ਮਹੱਤਵਪੂਰਨ ਭੂਮਿਕਾ ਨਿਭਾਅ ਰਹੇ ਹਨ, ਉਥੇ ਓਟ ਕਲੀਨਿਕਾਂ ਵੱਲੋਂ ਵੀ ਕਿਸੇ ਕਾਰਨ ਨਸ਼ੇ ਦਾ ਸ਼ਿਕਾਰ ਹੋਏ ਨੌਜਵਾਨਾਂ ਨੂੰ ਨਵੀਂ ਜ਼ਿੰਦਗੀ ਪ੍ਰਦਾਨ ਕਰਨ ਵਿਚ ਬਿਹਤਰੀਨ ਯੋਗਦਾਨ ਪਾਇਆ ਜਾ ਰਿਹਾ ਹੈ।ਇਸੇ ਤਰ੍ਹਾਂ ਜ਼ਿਲ੍ਹੇ ਦਾ ਪੁਲਿਸ ਵਿਭਾਗ ਵੀ ਨਸ਼ਾ ਤਸਕਰਾਂ ਨੂੰ ਨੱਥ ਪਾ ਕੇ ਨਸ਼ਿਆਂ ਦੀ ਸਪਲਾਈ ਲਾਈਨ ਨੂੰ ਤੋੜਨ ਵਿਚ ਸਫਲ ਹੋਇਆ ਹੈ।ਉਨ੍ਹਾਂ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਨਸ਼ਿਆਂ ਖਿਲਾਫ਼ ਮੁਹਿੰਮ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ।
                     ਇਸ ਮੌਕੇ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਹਰਦੇਵ ਸਿੰਘ ਆਸੀ, ਲੈਕਚਰਾਰ ਹਰਮਨਪ੍ਰੀਤ ਕੌਰ, ਲੈਕਚਰਾਰ ਸੋਨੀਆ ਅੰਗਰੀਸ਼ ਅਤੇ ਹੋਰ ਹਾਜ਼ਰ ਸਨ।

Check Also

ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …