659 ਕਿਲੋ ਹੈਰੋਇਨ, 6 ਕਰੋੜ ਨਸ਼ੇ ਦੀਆਂ ਗੋਲੀਆਂ ਤੇ ਹੋਰ ਨਸ਼ੀਲੇ ਪਦਾਰਥ ਸਾੜੇ
ਅੰਮ੍ਰਿਤਸਰ, 27 ਜੂਨ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਰਾਜ ਨੂੰ ਨਸ਼ਾ ਮੁਕਤ ਕਰਨ ਦੀਆਂ ਕੀਤੀਆਂ ਗਈਆਂ ਕੋਸ਼ਿਸ਼ਾਂ ਤਹਿਤ ਪੰਜਾਬ ਪੁਲਿਸ, ਐਸ.ਟੀ.ਐਫ ਅਤੇ ਹੋਰ ਵਿਭਾਗਾਂ ਨੇ ਬੀਤੇ ਸਾਲ ਵਿਚ ਜੋ ਨਸ਼ਾ ਵੱਖ-ਵੱਖ ਥਾਵਾਂ ਤੋਂ ਬਰਾਮਦ ਕੀਤਾ ਸੀ।ਉਸ ਨੂੰ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ ਅੰਮ੍ਰਿਤਸਰ ਵਿੱਚ ਵਿਗਿਆਨਕ ਢੰਗ ਨਾਲ ਅੱਗ ਦੇ ਹਵਾਲੇ ਕਰ ਦਿੱਤਾ ਗਿਆ।ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਚੰਡੀਗੜ੍ਹ ਤੋਂ ਆਨਲਾਈਨ ਸਮਾਗਮ ਵਿੱਚ ਸ਼ਾਮਿਲ ਹੁੰਦੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਵਿਚ ਲੱਗੀਆਂ ਹਥਿਆਰਬੰਦ ਫੋਰਸਾਂ ਦੇ ਨਾਲ-ਨਾਲ ਸਮਾਜ ਸੇਵੀ ਸੰਸਥਾਵਾਂ, ਡੈਪੋ ਤੇ ਬਡੀ ਗਰੁੱਪਾਂ ਦੇ ਮੈਂਬਰਾਂ ਦਾ ਧੰਨਵਾਦ ਕਰਦੇ ਕਿਹਾ ਕਿ ਅੱਜ ਜੋ ਅਰਬਾਂ ਰੁਪਏ ਦਾ ਨਸ਼ਾ ਸਾੜਿਆ ਜਾ ਰਿਹਾ ਹੈ, ਇਹ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਸੁਹਿਰਦ ਕੋਸ਼ਿਸ਼ਾਂ ਦੀ ਗਵਾਈ ਭਰਦਾ ਹੈ।
ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੇ ਬਰਾਮਦਗੀ ਤੋਂ ਲੈ ਕੇ ਨਸ਼ੇ ਨੂੰ ਨਸ਼ਟ ਕਰਨ ਤੱਕ ਦੀ ਸਾਰੀ ਕਾਨੂੰਨੀ ਪ੍ਰਕਿਰਿਆ ਉਤੇ ਚਾਨਣਾ ਪਾਇਆ।ਗਿਲ ਨੇ ਇਸ ਮੌਕੇ ਸਥਾਨਕ ਪੇਪਰ ਮਿਲ ਵਿੱਚ ਪਹੁੰਚ ਕੇ ਵਿਗਿਆਨਕ ਢੰਗ ਨਾਲ ਨਸ਼ੇ ਨੂੰ ਸਾੜਨ ਦਾ ਮੌਕਾ ਵੀ ਵੇਖਿਆ ਅਤੇ ਖ਼ੁਦ ਨਸ਼ੇ ਦੇ ਪੈਕਟ ਅੱਗ ਵਿਚ ਸੁੱਟ ਕੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਅਹਿਦ ਲਿਆ।ਗਿਲ ਨੇ ਦੱਸਿਆ ਕਿ ਅੱਜ ਅਸੀਂ ਇਥੇ ਜੋ ਨਸ਼ਾ ਨਸ਼ਟ ਕਰ ਰਹੇ ਹਾਂ, ਉਸ ਦੀ ਜੇਕਰ ਕੀਮਤ ਦਾ ਅੰਦਾਜ਼ਾ ਲਗਾਇਆ ਜਾਵੇ ਤਾਂ ਇਹ 1300 ਕਰੋੜ ਰੁਪਏ ਤੋਂ ਵੱਧ ਮੁੱਲ ਦਾ ਬਣਦਾ ਹੈ।ਇਸ ਵਿਚ 659 ਕਿਲੋਗ੍ਰਾਮ ਹੈਰੋਇਨ ਸ਼ਾਮਿਲ ਹੈ, ਜਿਸ ਦੀ ਇਕੱਲੇ ਦੀ ਕੀਮਤ ਹੀ 1318 ਕਰੋੜ ਰੁਪਏ ਬਣਦੀ ਹੈ।ਇਸ ਤੋਂ ਇਲਾਵਾ 5.8 ਕਰੋੜ ਨਸ਼ੇ ਦੀਆਂ ਗੋਲੀਆਂ ਤੇ ਕੈਪਸੂਲ, 3000 ਕਿਲੋਗ੍ਰਾਮ ਭੁੱਕੀ ਅਤੇ ਵੱਡੀ ਮਾਤਰਾ ਵਿਚ ਚਰਸ, ਸਮੈਕ, ਗਾਂਜਾ ਅਤੇ ਹੋਰ ਡਰੱਗਜ਼ ਸ਼ਾਮਿਲ ਹਨ।
ਉਨਾਂ ਦੱਸਿਆ ਕਿ ਇਹ ਉਹ ਨਸ਼ੀਲੇ ਪਦਾਰਥ ਹਨ, ਜਿੰਨਾ ਨੂੰ ਅਦਾਲਤ ਵੱਲੋਂ ਸਾੜਣ ਦੀ ਆਗਿਆ ਦਿੱਤੀ ਜਾ ਚੁੱਕੀ ਹੈ।ਗਿੱਲ ਨੇ ਦੱਸਿਆ ਕਿ ਅੱਜ ਜਿੰਨਾ ਜਿਲਿਆਂ ਵਿੱਚ ਵੱਖ-ਵੱਖ ਸਮੇਂ ਫੜੇ ਗਏ ਨਸ਼ੀਲੇ ਪਦਾਰਥ ਨਸ਼ਟ ਕੀਤੇ ਗਏ ਹਨ, ਉਨਾਂ ਵਿੱਚ ਅੰਮ੍ਰਿਤਸਰ ਸ਼ਹਿਰੀ, ਅੰਮ੍ਰਿਤਸਰ ਦਿਹਾਤੀ, ਬਟਾਲਾ, ਗੁਰਦਾਸਪੁਰ, ਜਲੰਧਰ ਸ਼ਹਿਰੀ, ਫਿਰੋਜ਼ਪੁਰ, ਫਰੀਦਕੋਟ, ਬਰਨਾਲਾ ਅਤੇ ਮਾਨਸਾ ਜਿਲ੍ਹੇ ਸ਼ਾਮਿਲ ਹਨ।ਨਸ਼ਾ ਸਾੜਣ ਦੀ ਇਸ ਮੁਹਿੰਮ ਵਿੱਚ ਡੀ.ਸੀ.ਪੀ ਮੁਖਵਿੰਦਰ ਸਿੰਘ ਭੁੱਲਰ, ਏ.ਸੀ.ਪੀ ਜੁਗਰਾਜ ਸਿੰਘ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਸ਼ਾਮਿਲ ਰਹੇ।
ਇਸ ਤੋਂ ਪਹਿਲਾਂ ਵੀਡੀਓ ਕਾਨਫਰੰਸ ਜ਼ਰੀਏ ਮੁੱਖ ਮੰਤਰੀ ਪੰਜਾਬ ਤੋਂ ਇਲਾਵਾ, ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਡੀ.ਜੀ.ਪੀ ਦਿਨਕਰ ਗੁਪਤਾ, ਵਧੀਕ ਮੁੱਖ ਸਕੱਤਰ ਅਨੁਰਾਗ ਅਗਰਵਾਲ, ਐਂਟੀ ਡਰੱਗ ਮੁਹਿੰਮ ਦੇ ਨੋਡਲ ਅਧਿਕਾਰੀ ਰਾਹੁਲ ਤਿਵਾੜੀ ਅਤੇ ਕਈ ਜਿਲਿਆਂ ਦੇ ਡੈਪੋ ਤੇ ਬੱਡੀ ਮੈਂਬਰ ਵੀ ਗੱਲਬਾਤ ਵਿਚ ਸ਼ਾਮਿਲ ਹੋਏ।
ਇਸ ਮੌਕੇ ਵਿਧਾਇਕ ਸੁਨੀਲ ਦੱਤੀ, ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ, ਵਧੀਕ ਡਿਪਟੀ ਕਮਿਸ਼ਨਰ ਹਿਮਾਸ਼ੂੰ ਅਗਰਵਾਲ, ਐਸ.ਐਸ.ਪੀ ਅੰਮ੍ਰਿਤਸਰ ਗੁਲਨੀਤ ਸਿੰਘ, ਚੇਅਰਮੈਨ ਜੁਗਲ ਕਿਸ਼ੋਰ, ਸਹਾਇਕ ਕਮਿਸ਼ਨਰ ਸ੍ਰੀਮਤੀ ਅਨਮਜੋਤ ਕੌਰ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।