ਅੰਮ੍ਰਿਤਸਰ, 27 ਜੂਨ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ ਨਸ਼ਾ ਦੇ ਰੋਗ ਵਿਚ ਲੱਗੇ ਨੌਜਵਾਨਾਂ ਨੂੰ ਪ੍ਰੇਰਨਾ ਦੇਣ ਲਈ ਨਸ਼ਾ ਛੱਡ ਚੁੱਕੇ ਨੌਜਵਾਨ ਅਥਲੀਟ ਬਣ ਕੇ ਦੌੜੇ ਅਤੇ ਇਹ ਸੁਨੇਹਾ ਦਿੱਤਾ ਕਿ ਨਸ਼ਾ ਅਜਿਹਾ ਰੋਗ ਨਹੀਂ, ਜਿਸ ਤੋਂ ਮੁਕਤ ਨਾ ਹੋਇਆ ਜਾ ਸਕਦਾ ਹੋਵੇ। ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਦੀ ਪ੍ਰੇਰਨਾ ਸਦਕਾ ਇਹ ਦੌੜ ਥਾਣਾ ਹਵਾਈ ਅੱਡਾ ਅੰਮ੍ਰਿਤਸਰ ਦੇ ਮੁੱਖੀ ਸਬ ਇੰਸਪੈਕਟਰ ਖੁਸ਼ਬੂ ਸ਼ਰਮਾ ਨੇ ਇਲਾਕੇ ਦੇ ਪੰਚਾਂ, ਸਰਪੰਚਾਂ ਅਤੇ ਮੋਹਤਬਰਾਂ ਦੀ ਹਾਜ਼ਰੀ ਵਿਚ ਕਰਵਾਈ।ਉਨਾਂ ਇਸ ਦਿਨ ਨੂੰ ਯਾਦਗਰ ਬਣਾਉਣ ਦੇ ਇਰਾਦੇ ਨਾਲ ਇਲਾਕੇ ਦੇ ਉਨਾਂ ਨੌਜਵਾਨਾਂ ਨੂੰ ਇਕੱਠੇ ਕੀਤੇ, ਜੋ ਕਿ ਸਮਾਜ ਦੇ ਵੱਖ-ਵੱਖ ਖੇਤਰਾਂ ਵਿਚ ਹੁੰਦੇ ਹੋਏ ਗਲਤ ਸੰਗਤ ਵਿੱਚ ਆਉਣ ਨਾਲ ਨਸ਼ੇ ਦੇ ਰਾਹ ਪੈ ਗਏ ਸਨ, ਪਰ ਪੰਜਾਬ ਸਰਕਾਰ ਵੱਲੋਂ ਚਲਾਈ ਨਸ਼ਾ ਵਿਰੋਧੀ ਮੁਹਿੰਮ ਦੀ ਸਹਾਇਤਾ ਲੈ ਕੇ ਓਟ ਕੇਂਦਰਾਂ ਤੋਂ ਇਲਾਜ ਕਰਵਾ ਮੁੜ ਮੁੱਖ ਧਾਰਾ ਵਿਚ ਵਾਪਸ ਆ ਗਏ।ਇਨਾਂ ਨੌਜਵਾਨਾਂ ਨੇ ਦੱਸਿਆ ਕਿ ਉਨਾਂ ਨੂੰ ਨਸ਼ਾ ਛੱਡਣ ਵਿੱਚ ਕੋਈ ਸਰੀਰਕ ਕਸ਼ਟ ਨਹੀਂ ਆਇਆ, ਕਿਉਂਕਿ ਓਟ ਕੇਂਦਰਾਂ ਤੋਂ ਮਿਲਦੀ ਦਵਾਈ ਨਸ਼ੇ ਦਾ ਚੰਗਾ ਬਦਲ ਬਣ ਕੇ ਉਨਾਂ ਲਈ ਉਨੀ ਦੇਰ ਕੰਮ ਕਰਦੀ ਰਹੀ, ਜਿੰਨਾ ਚਿਰ ਉਨਾਂ ਦਾ ਸਰੀਰ ਨਸ਼ਾ ਛੱਡਣ ਲਈ ਤਿਆਰ ਨਹੀਂ ਹੋ ਗਿਆ।ਉਨਾਂ ਨੇ ਗਲਤ ਰਾਹ ਪੈ ਚੁੱਕੇ ਜਵਾਨਾਂ ਨੂੰ ਵੀ ਸੱਦਾ ਦਿੱਤਾ ਕਿ ਉਹ ਬਿਨਾਂ ਕਿਸੇ ਡਰ ਜਾਂ ਝਿਜਕ ਦੇ ਇੰਨਾਂ ਕੇਂਦਰਾਂ ਦਾ ਸਹਾਰਾ ਲੈ ਕੇ ਨਸ਼ਾ ਛੱਡਣ ਤੇ ਨਵੀਂ ਜਿੰਦਗੀ ਸ਼ੁਰੂ ਕਰਨ।
ਇਲਾਕੇ ਦੇ ਪਤਵੰਤੇ ਸੱਜਣਾਂ ਨੇ ਇਸ ਉਦਮ ਦੀ ਸਰਾਹਨਾ ਕਰਦੇ ਕਿਹਾ ਕਿ ਸੱਚਮੁੱਚ ਅਜਿਹੇ ਹੰਭਲੇ ਸਮਾਜ ਵਿਚੋਂ ਨਸ਼ਾ ਖਤਮ ਕਰਨ ਦਾ ਵੱਡਾ ਜ਼ਰੀਏ ਬਣ ਸਕਦੇ ਹਨ।