ਆਪ ਨੇਤਾ ਹਰਪਾਲ ਚੀਮਾ ਦੀ ਅਗਵਾਈ ‘ਚ ਆਪ ਨੇ ਕੀਤਾ ਵਿਧਾਇਕ ਦੇ ਘਰ ਦਾ ਘਿਰਾਓ
ਅੰਮ੍ਰਿਤਸਰ, 29 ਜੂਨ (ਸੁਖਬੀਰ ਸਿੰਘ) – ਪਿਛਲੇ ਲੰਬੇ ਸਮੇਂ ਤੋਂ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਪੰਜਾਬ ਭਰ ਦੇ ਸਫਾਈ ਕਰਮਚਾਰੀਆਂ ਨੂੰ ਪੱਕੇ ਕਰਨ ਦੇ ਮਸਲੇ ‘ਤੇ ਉਨਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਉਂਦਿਆਂ ਆਮ ਆਦਮੀ ਪਾਰਟੀ ਵਲੋਂ ਵਿਧਾਇਕ ਰਾਜ ਕੁਮਾਰ ਵੇਰਕਾ ਦੇ ਘਰ ਨੇ ਘਿਰਾਓ ਕੀਤਾ ਗਿਆ।ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਹੋਰ ਸਾਰੇ ਵਰਗਾਂ ਵਾਂਗ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹਰ ਪਲ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹਿਣ ਵਾਲੇ ਸਫਾਈ ਕਰਮਚਾਰੀਆਂ ਨੂੰ ਵੀ ਗੁੰਮਰਾਹ ਕਰਨ ਦਾ ਯਤਨ ਕਰ ਰਹੀ ਹੈ।
ਚੀਮਾ ਨੇ ਕਿਹਾ ਕਿ ਕੁੱਝ ਦਿਨ ਪਹਿਲਾਂ ਰਾਜ ਕੁਮਾਰ ਵੇਰਕਾ ਵਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਮਿਲ ਕੇ ਸਫਾਈ ਕਰਮਚਾਰੀਆਂ ਨੂੰ ਪੱਕੇ ਕਰਨ ਦਾ ਐਲਾਨ ਕੀਤਾ ਗਿਆ ਸੀ, ਜੋ ਕਿ ਗਲਤ ਸਾਬਿਤ ਹੋਇਆ ਹੈ।ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਨਾ ਤਾਂ ਇਨ੍ਹਾਂ ਕਰਮਚਾਰੀਆਂ ਨੂੰ ਪੱਕਾ ਕਰਨ ਲਈ ਅਜੇ ਕੋਈ ਪਾਲਿਸੀ ਲਿਆਂਦੀ ਹੈ ਤੇ ਨਾ ਹੀ ਪੰਜਾਬ ਦੀ ਕੈਬਨਿਟ ਵਿੱਚ ਇਸ ਨੂੰ ਵਿਚਾਰਿਆ ਗਿਆ ਹੈ।ਅਜਿਹੇ ਹਾਲਾਤਾਂ ਵਿੱਚ ਡਾ. ਰਾਜ ਕੁਮਾਰ ਵੇਰਕਾ ਸਿਰਫ਼ ਵੋਟਾਂ ਦੀ ਰਾਜਨੀਤੀ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਅਲੱਗ ਅਲੱਗ ਵਰਗਾਂ ਨਾਲ ਵੱਡੇ ਵੱਡੇ ਵਾਅਦੇ ਕੀਤੇ ਸਨ, ਪ੍ਰੰਤੂ ਕੋਈ ਵੀ ਵਾਅਦਾ ਹੁਣ ਤੱਕ ਪੂਰਾ ਨਹੀਂ ਹੋਇਆ ਹੈ।ਆਉਂਦੇ ਦਿਨਾਂ ਵਿੱਚ ਆਮ ਆਦਮੀ ਪਾਰਟੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨਾਲ ਕੀਤੇ ਸਾਰੇ ਝੂਠੇ ਵਾਅਦਿਆਂ ਦਾ ਪਰਦਾਫਾਸ਼ ਕਰੇਗੀ।
ਐਸ.ਸੀ ਵਿੰਗ ਦੇ ਸੂਬਾ ਪ੍ਰਧਾਨ ਲਾਲ ਚੰਦ ਕਟਾਰੂਚੱਕ ਨੇ ਬੋਲਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਦਲਿਤ ਸਮੇਤ ਹਰ ਵਰਗ ਨਾਲ ਧੋਖਾ ਕੀਤਾ ਹੈ ਇਸ ਕਾਰਨ ਹੁਣ ਪੰਜਾਬ ਦੇ ਲੋਕ ਕੈਪਟਨ ਸਰਕਾਰ ਨੂੰ ਚਲਦਾ ਕਰਨ ਦਾ ਮਨ ਬਣਾ ਕੇ ਬੈਠੇ ਹਨ।ਕਟਾਰੂਚੱਕ ਨੇ ਕਿਹਾ ਕਿ ਉਹ ਗਰੀਬ ਸਫਾਈ ਸੇਵਕਾਂ ਦੇ ਹੱਕਾਂ ਲਈ ਆਖਰੀ ਦਮ ਤੱਕ ਲੜਦੇ ਰਹਿਣਗੇ ।
ਇਸ ਮੌਕੇ ਪੰਜਾਬ ਜੋਇੰਟ ਸੈਕਟਰੀ ਅਸ਼ੋਕ ਤਲਵਾਰ, ਪੰਜਾਬ ਜੋਇੰਟ ਸੈਕਟਰੀ ਬਲਜੀਤ ਸਿੰਘ ਖਹਿਰਾ, ਸ਼ਹਿਰੀ ਪ੍ਰਧਾਨ ਪਰਮਿੰਦਰ ਸਿੰਘ ਸੇਠੀ, ਦਿਹਾਤੀ ਪ੍ਰਧਾਨ ਹਰਵੰਤ ਸਿੰਘ, ਸ਼ਮਸ਼ੇਰ ਸਿੰਘ, ਟੀਨਾ ਚੌਧਰੀ, ਲਾਲਜੀਤ ਭੁੱਲਰ, ਰਣਜੀਤ ਸਿੰਘ ਚੀਮਾ, ਪ੍ਰੀਤਮ ਸਿੰਘ ਬੱਬੂ, ਡਾ. ਇੰਦਰਬੀਰ ਸਿੰਘ ਨਿੱਜਰ, ਹਰਭਜਨ ਸਿੰਘ, ਦਲਬੀਰ ਸਿੰਘ ਟੌਗ, ਕੁਲਦੀਪ ਧਾਲੀਵਾਲ, ਐਸ.ਸੀ ਵਿੰਗ ਦੇ ਜਿਲ੍ਹਾ ਪ੍ਰਧਾਨ ਡਾ. ਇੰਦਰਪਾਲ, ਐਸ.ਸੀ ਵਿੰਗ ਜਨਰਲ ਸਕੱਤਰ ਰਵਿੰਦਰ ਹੰਸ, ਜਾਇੰਟ ਸਕੱਤਰ ਓਮ ਪ੍ਰਕਾਸ਼ ਗੱਬਰ, ਜਾਇੰਟ ਸਕੱਤਰ ਲਵ ਬਬੋਰੀਆ, ਦਿਹਾਤੀ ਕੋ-ਪ੍ਰਧਾਨ ਮੈਡਮ ਸੀਮਾ ਸੋਢੀ, ਮੈਡਮ ਗੁਰਵਿੰਦਰ ਕੌਰ, ਜਿਲ੍ਹਾ ਮਹਿਲਾ ਵਿੰਗ ਪ੍ਰਧਾਨ ਮੈਡਮ ਸੁਖਬੀਰ ਕੌਰ, ਜਾਇੰਟ ਸੈਕਟਰੀ ਮੋਨਿਕਾ ਲਾਂਬਾ, ਜਯੋਤੀ ਅਰੋੜਾ, ਮੈਡਮ ਕਸ਼ਮੀਰ ਕੌਰ, ਮੈਡਮ ਸੁਨੀਤਾ, ਮੈਡਮ ਰਜਵੰਤ ਕੌਰ ਭੱਟੀ, ਮੈਡਮ ਮਮਤਾ ਰਾਣੀ, ਮੈਡਮ ਪੂਜਾ ਵਰਮਾ, ਮੈਡਮ ਵੀਨਾ ਰਾਣੀ, ਮੈਡਮ ਪ੍ਰਭਾ ਅਤੇ ਮੈਡਮ ਹਰਜਿੰਦਰ ਹਾਜ਼ਰ ਸਨ।