ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਚ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਬਣੇਗਾ ਹੋਸਟਲ
ਅੰਮ੍ਰਿਤਸਰ, 3 ਜੁਲਾਈ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਸੈਨੇਟ ਸਿੰਡੀਕੇਟ ਦੀਆਂ ਇਕੱਤਰਤਾਵਾਂ ਅੱਜ ਇਥੇ ਅਹਿਮ ਮੈਂਬਰਾਂ ਦੀ ਹਾਜ਼ਰੀ ਵਿਚ ਹਾਈਬ੍ਰਿਡ ਮੋਡ ਵਿਚ ਕਰਵਾਈ ਗਈ।ਕੈਬਨਿਟ ਮਨਿਸਟਰ ਸੁਖਜਿੰਦਰ ਸਿੰਘ ਰੰਧਾਵਾ, ਯੂ.ਜੀ.ਸੀ ਦੇ ਸਾਬਕਾ ਚੇਅਰਮੈਨ ਪ੍ਰੋ. ਵੇਦ ਪ੍ਰਕਾਸ਼, ਸੈਂਟਰ ਯੂਨੀਵਰਸਿਟੀ ਆਫ ਪੰਜਾਬ ਦੇ ਸਾਬਕਾ ਚਾਂਸਲਰ, ਪ੍ਰੋ. ਐਸ.ਐਸ ਜੌਹਲ, ਸੈਂਟਰਲ ਯੂਨੀਵਰਸਿਟੀ ਆਫ ਓਡੀਸਾ ਦੇ ਸਾਬਕਾ ਵਾਈਸ ਚਾਂਸਲਰ ਪ੍ਰੋ. ਮੁਹੰਮਦ ਮੀਆਂ, ਪੰਜਾਬ ਸਰਕਾਰ ਦੇ ਵਿਸ਼ੇਸ਼ ਸਕੱਤਰ, ਪਰਮਜੀਤ ਸਿੰਘ ਆਈ.ਏ.ਐਸ, ਭਗਵੰਤ ਪਾਲ ਸਿੰਘ ਨੇ ਇਨ੍ਹਾਂ ਇਕੱਤਰਤਾਵਾਂ ਵਿਚ ਆਫਲਾਈਨ ਤੇ ਆਨਲਾਈਨ ਮੋਡ ਰਾਹੀਂ ਸ਼ਿਰਕਤ ਕੀਤੀ।
ਯੂ.ਜੀ.ਸੀ ਦੇ ਸਾਬਕਾ ਚੇਅਰਮੈਨ ਅਤੇ ਐਨ.ਈ.ਯੂ.ਪੀ.ਏ ਦੇ ਸਾਬਕਾ ਵਾਈਸ ਚਾਂਸਲਰ, ਪ੍ਰੋ. ਵੇਦ ਪ੍ਰਕਾਸ਼ ਅਤੇ ਸੈਂਟਰ ਯੂਨੀਵਰਸਿਟੀ ਆਫ ਓਡੀਸਾ ਦੇ ਸਾਬਕਾ ਵਾਈਸ ਚਾਂਸਲਰ ਅਤੇ ਯੂ.ਜੀ.ਸੀ ਦੇ ਸਾਬਕਾ ਮੈਂਬਰ ਪ੍ਰੋ. ਮੁਹੰਮਦ ਮੀਆਂ ਜਿਹੇ ਬੁਧੀਜੀਵੀ ਤੇ ਅਕਾਦਮਿਕ ਮਾਹਰ ਸੈਨੇਟ ਤੋਂ ਸਿੰਡੀਕੇਟ ਦੇ ਮੈਂਬਰ ਬਣੇ।
ਸਿੰਡੀਕੇਟ ਤੇ ਸੈਨੇਟ ਦੇ ਫੈਸਲਿਆਂ ਅਨੁਸਾਰ ਯੂਨੀਵਰਸਿਟੀ ਵਿਖੇ ਪੀ.ਐਚ.ਡੀ ਕਰਨ ਲਈ ਮੋਨੋਗ੍ਰਾਫੀ ਦੇ ਨਾਲ ਪਬਲੀਕੇਸ਼ਨ ਆਧਾਰ ਨੂੰ ਵੀ ਮਾਨਤਾ ਦੇ ਦਿੱਤੀ ਹੈ।ਇਸ ਨਾਲ ਖੋਜ਼ ਨੂੰ ਉਤਸ਼ਾਹ ਮਿਲੇੇਗਾ ਅਤੇ ਖੋਜਾਰਥੀ ਖੋਜ ਪਬਲੀਕੇਸ਼ਨ ਜ਼ਰੀਏ ਆਪਣੀ ਪੀ.ਐਚ.ਡੀ ਕਰ ਸਕਣਗੇ।ਇਥੇ ਇਹ ਵਰਣਨਯੋਗ ਹੈ ਕਿ ਯੂਨੀਵਰਸਿਟੀ ਦਾ ਖੋਜ ਨਾਲ ਸਬੰਧਤ ਐਚ-ਇੰਡੈਕਸ 2017 ਵਿਚ 64 ਸੀ ਜਦੋਂਕਿ ਹੁਣ 113 ਹੋ ਗਿਆ ਹੈ।ਇਹ ਇੰਡੈਕਸ ਇਸ ਖੇਤਰ ਦੇ ਹੋਰਨਾਂ ਵਿਦਿਅਕ ਅਦਾਰਿਆਂ ਦੇ ਮੁਕਾਬਲੇ ਕਾਫੀ ਵੱਧ ਹੈ ਅਤੇ ਆਸ ਕੀਤੀ ਜਾਂਦੀ ਹੈ ਕਿ ਭਵਿੱਖ ਵਿਚ ਇਸ ਇੰਡੈਕਸ ਕਰਕੇ ਯੂਨੀਵਰਸਿਟੀ ਨੂੰ ਖੋਜ ਕਰਨ ਦੇ ਲਈ ਵੱਧ ਤੋਂ ਵੱਧ ਗ੍ਰਾਂਟਾਂ ਪ੍ਰਾਪਤ ਹੋਣਗੀਆਂ।
ਯੂਨੀਵਰਸਿਟੀਆਂ ਦੀਆਂ ਪ੍ਰਾਪਤੀਆਂ ਸਦਕਾ ਬਹੁਤ ਸਾਰੇ ਅੰਤਰਰਾਸ਼ਟਰੀ ਵਿਦਿਆਰਥੀ ਅਫਗਾਨਿਸਤਾਨ, ਅਫਰੀਕਨ ਮੁਲਕ, ਨੇਪਾਲ, ਸ੍ਰੀ ਲੰਕਾ ਅਤੇ ਮਾਲਦੀਵ ਦੇਸ਼ਾਂ ਤੋਂ ਯੂਨੀਵਰਸਿਟੀ ਵਿਚ ਦਾਖਲੇ ਲੈਣ ਲਈ ਉਤਾਵਲੇ ਹੋਏ ਹਨ। ਇਸ ਵਰ੍ਹੇ ਬੀਤੇ ਸਾਲਾਂ ਦੇ ਮੁਕਾਬਲੇ 300 ਤੋਂ ਵੱਧ ਵਿਦਿਆਰਥੀਆਂ ਦੇ ਦਾਖਲਾ ਲੈਣ ਦੀ ਸੰਭਾਵਨਾ ਹੈ ਜੋ ਕਿ ਖੇਤਰ ਦੇ ਬਾਕੀ ਵਿਦਿਅਕ ਅਦਾਰਿਆਂ ਤੋਂ ਕਾਫੀ ਵੱਧ ਹੈ।ਇਨ੍ਹਾਂ ਵਿਦਿਆਰਥੀਆਂ ਦੀ ਆਮਦ ਅਤੇ ਉਨ੍ਹਾਂ ਦੇ ਰਹਿਣ ਸਹਿਣ ਨੂੰ ਧਿਆਨ ਵਿਚ ਰੱਖਦੇ ਹੋਏ ਯੂਨੀਵਰਸਿਟੀ ਵੱਲੋਂ ਅੰਤਰਰਾਸ਼ਟਰੀ ਅਕਾਦਮਿਕ ਮਿਆਰਾਂ ਨੂੰ ਧਿਆਨ ਵਿਚ ਰਖਦੇ ਹੋਏ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਇਕ ਵਿਸ਼ੇਸ਼ ਹੋਸਟਲ ਦੇ ਨਿਰਮਾਣ ਨੂੰ ਵੀ ਦੋਵੇਂ ਸਦਨਾਂ ਨੇ ਪ੍ਰਵਾਨਗੀ ਦੇ ਦਿੱਤੀ ਹੈ।
ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਨੇ ਦੋਵਾਂ ਸਦਨਾਂ ਦੀ ਪ੍ਰਧਾਨਗੀ ਕਰਦਿਆਂ ਯੂਨੀਵਰਸਿਟੀ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ।ਦੋਵਾਂ ਇਕੱਤਰਤਾਵਾਂ ਵਿਚ ਰਜਿਸਟਰਾਰ ਪ੍ਰੋਫੈਸਰ ਡਾ. ਕੇ.ਐਸ ਕਾਹਲੋਂ ਵੱਲੋਂ ਏਜੰਡੇ ਪੇਸ਼ ਕੀਤੇ ਗਏ।ਆਨਲਾਈਨ ਤੇ ਆਫਲਾਈਨ ਹਾਜ਼ਰ ਸਿੰਡੀਕੇਟ ਮੈਂਬਰਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਚੁਣੌਤੀਪੂਰਨ ਹਲਾਤਾਂ ਵਿਚ ਕੀਤੇ ਜਾ ਰਹੇ ਕੰਮਾਂ ਲਈ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਦੀ ਪ੍ਰਸੰਸਾ ਕੀਤੀ ਅਤੇ ਉਨ੍ਹਾਂ ਵੱਲੋਂ ਆਪਣੇ ਸੁਝਾਅ ਸੁਝਾਏ ਗਏ।ਸੈਨੇਟ ਦੀ ਮੀਟਿੰਗ ਦੌਰਾਨ ਡੀਨ ਵਿਦਿਅਕ ਮਾਮਲੇ ਡਾ. ਹਰਦੀਪ ਸਿੰਘ ਵੱਲੋਂ ਯੂਨੀਵਰਸਿਟੀਆਂ ਦੀਆਂ ਪ੍ਰਾਪਤੀਆਂ `ਤੇ ਆਈ.ਕਿਊ ਏ.ਸੀ. ਸੈਲ ਵੱਲੋਂ ਬਣਾਈ ਗਈ ਰਿਪੋਰਟ ਪੇਸ਼ ਕੀਤੀ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਇਕ ਹੋਰ ਅਹਿਮ ਉਪਲਬਧੀ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਦੇਸ਼ਾਂ ਵਿਦੇਸ਼ਾਂ ਵਿਚ ਵਸਦੇ ਪੰਜਾਬੀ ਭਾਈ ਚਾਰੇ ਦੇ ਲੋਕਾਂ ਦੀ ਉਸ ਮੰਗ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਅਮਲੀ ਰੂਪ ਵਿਚ ਲੈ ਆਂਦਾ ਹੈ ਜਿਸ ਤਹਿਤ ਹੁੁਣ ਉਹ ਪੰਜਾਬੀ ਭਾਸ਼ਾ ਦੇ ਵੱਖ ਵੱਖ ਕੋਰਸ ਆਨਲਾਈਨ ਕਰ ਸਕਦੇ ਹਨ।ਉਨ੍ਹਾਂ ਕਿਹਾ ਕਿ ਇਸ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਈ ਗਈ ਨਿੱਜੀ ਦਿਲਚਸਪੀ ਦੇ ਕਾਰਨ ਦੇਸ਼ ਦੀਆਂ ਉਚ ਚੋਟੀ ਦੀਆਂ ਯੂਨੀਵਰਸਿਟੀਆਂ ਵਿਚੋਂ ਯੂ.ਜੀ.ਸੀ ਵੱਲੋਂ ਅਜਿਹੇ ਕੋਰਸ ਕਰਵਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ।ਉਨ੍ਹਾਂ ਕਿਹਾ ਕਿ ਇਸ ਦੇ ਲਈ ਵਿਦਿਆਰਥੀਆਂ ਨੇ ਰਜਿਸਟਰੇਸ਼ਨ ਕਰਵਾਉਣੀ ਵੀ ਸ਼ੁਰੂ ਕਰ ਦਿੱਤੀ ਹੈ।ਸੈਂਟਰ ਫਾਰ ਨਿਊ ਇਕਨਾਮਿਕ ਡਿਪਲੋਮੇਸੀ ਐਟ ਅਬਜ਼ਰਵਰ ਰੀਸਰਚ ਫਾਉਂਡੇਸ਼ ਨਵੀਂ ਦਿੱਲੀ ਦੇ ਫੈਲੋ ਤੇ ਡਾਇਰੈਕਟਰ ਅਤੇ ਉਘੇ ਨਾਵਲਕਾਰ ਨਾਨਕ ਸਿੰਘ ਦੇ ਪੋਤਰੇ ਡਾ. ਨਵਦੀਪ ਸਿੰਘ ਸੂਰੀ ਦੀ ਪ੍ਰੋਫੈਸਰ ਆਫ ਐਮੀਨੈਂਸ ਵਜੋਂ ਨਿਯੁਕਤੀ ਨੂੰ ਵੀ ਸਿੰਡੀਕੇਟ ਨੇ ਪ੍ਰਵਾਨਗੀ ਦੇ ਦਿੱਤੀ।
ਪੰਜਾਬ ਸਰਕਾਰ ਦੀਆਂ ਹਦਾਇਤਾਂ ਵਿਚ ਜਿਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਟੀਕਾਕਰਨ ਦੇ ਲਈ ਹੈਲਪ ਸੈਂਟਰ ਸਥਾਪਤ ਕਰ ਦਿੱਤਾ ਗਿਆ ਹੈ ਉਥੇ ਗੁਰੂ ਗੋਬਿੰਦ ਸਿੰਘ ਕਾਲਜ ਜੰਡਿਆਲਾ (ਜਲੰਧਰ) ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅਧੀਨ ਚੱਲਣ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਗਈ ਹੈ ਅਤੇ ਪੰਜਾਬ ਸਰਕਾਰ ਵੱਲੋਂ ਇਸ ਸਬੰਧੀ ਗ੍ਰਾਂਟ ਵੀ ਜਾਰੀ ਕਰ ਦਿੱਤੀ ਗਈ ਹੈ।ਕੈਮਿਸਟਰੀ ਵਿਭਾਗ ਦੇ ਪ੍ਰੋਫੈਸਰ ਡਾ. ਸੁਮਨਜੀਤ ਕੌਰ ਅਤੇ ਯੂਨੀਵਰਸਿਟੀ ਦਰਮਿਆਨ ਹੋਏ ਸਮਝੌਤੇ ਦੀ ਜਾਣਕਾਰੀ ਦਿੰਦਿਆਂ ਡਾ. ਸੰਧੂ ਨੇ ਕਿਹਾ ਕਿ ਹਰ ਸਾਲ ਡਾ. ਪਰਮਜੀਤ ਸਿੰਘ ਮਹੂਰਾ ਦੀ ਯਾਦ ਵਿਚ ਬੈਸਟ ਆਰਕੀਟੈਕਟ ਐਵਾਰਡ ਦਿਆ ਕਰੇਗੀ। ਸੈਂਟਰ ਫਾਰ ਇੰਟਰਪਨਿਓਰਸ਼ਿਪ ਐਂਡ ਇਨੋਵੇਸ਼ਨ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਇੰਡੀਗ੍ਰਾਂਮ ਲੈਬ ਫਾਉਂਡੇਸ਼ਨ ਨਵੀਂ ਦਿੱਲੀ ਨਾਲ ਹੋਏ ਸਮਝੌਤਿਆਂ ਬਾਰੇ ਵੀ ਜਾਣਕਾਰੀ ਦਿੱਤੀ ਜਿਸ ਅਧੀਨ ਖੇਤੀਬਾੜੀ ਅਤੇ ਫੂਡ ਪ੍ਰੋਸੈਸਿੰਗ ਸਬੰਧੀ ਖੋਜ ਕਾਰਜ਼ ਨੂੰ ਉਤਸਾਹਿਤ ਕੀਤਾ ਜਾਵੇਗਾ। ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਮਾਨਯੋਗ ਮੁੱਖ ਮੰਤਰੀ ਵੱਲੋਂ ਘੋਸ਼ਿਤ ਕੀਤੀ ਭਗਤ ਕਬੀਰ ਚੇਅਰ ਦੀ ਸਥਾਪਨਾ ਨੂੰ ਵੀ ਸਿੰਡੀਕੇਟ ਵੱਲੋਂ ਪ੍ਰਵਾਨ ਕਰ ਲਿਆ ਗਿਆ ਹੈ।
ਪ੍ਰੋ. ਸੰਧੂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਕਾਸ ਲਈ ਆਪਣੇ ਕੀਮਤੀ ਸੁਝਾਅ ਦੇਣ ਲਈ ਸੈਨੇਟ ਤੇ ਸਿੰਡੀਕੇਟ ਮੈਂਬਰਾਂ ਦਾ ਉਚੇਚੇ ਤੌਰ `ਤੇ ਧੰਨਵਾਦ ਕਰਦਿਆਂ ਕਿਹਾ ਕਿ ਉਹ ਅੱਗੇ ਤੋਂ ਵੀ ਯੂਨੀਵਰਸਿਟੀ ਨੂੰ ਆਧੁਨਿਕ ਲੋੜਾਂ ਦੇ ਅਨੁਸਾਰ ਆਪਣੇ ਸੁਝਾਅ ਦਿੰਦੇ ਰਹਿਣ।ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਮੈਂਬਰਾਂ ਵੱਲੋਂ ਜੋ ਕੀਮਤੀ ਸੁਝਾਅ ਅੱਜ ਦਿੱਤੇ ਗਏ ਹਨ ਉਨ੍ਹਾਂ `ਤੇ ਵੀ ਅਮਲ ਕੀਤਾ ਜਾਵੇਗਾ।
ਇਸ ਮੌਕੇ ਮੈਂਬਰਾਂ ਨੇ ਵੱਖ-ਵੱਖ ਸੁਝਾਵਾਂ ਤੋਂ ਇਲਾਵਾ ਉਚੇਰੀ ਸਿਖਿਆ ਦੇ ਖੇਤਰ ਵਿਚ ਮਾਰੀਆਂ ਗਈਆਂ ਮੱਲਾਂ ਦੇ ਲਈ ਵਾਈਸ ਚਾਂਸਲਰ ਪ੍ਰੋ. ਸੰਧੂ ਨੂੰ ਵਧਾਈ ਦੇਣਾ ਨਹੀਂ ਭੁੱਲੇ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …