Tuesday, October 13, 2026

ਵਿਧਾਨ ਸਭਾ ਕਮੇਟੀ ਵਲੋਂ ਕਿਸਾਨ ਅੰਦੋਲਨ ਦੌਰਾਨ ਤਸ਼ੱਦਦ ਦਾ ਸ਼ਿਕਾਰ ਹੋਏ ਕਿਸਾਨਾਂ ਨਾਲ ਮੁਲਾਕਾਤ

ਜਖਮੀ ਕਿਸਾਨਾਂ ਤੇ ਹੋਰਾਂ ਦੇ ਦਰਜ਼ ਕੀਤੇ ਬਿਆਨ, 31 ਜੁਲਾਈ ਤੱਕ ਸੌਂਪੇਗੀ ਰਿਪੋਰਟ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਪੰਜਾਬ ਵਲੋਂ ਗਠਿਤ ਕੀਤੀ ਗਈ ਵਿਧਾਨ ਸਭਾ ਕਮੇਟੀ ਵਿੱਚ ਸ਼ਾਮਲ ਸਾਰੀਆਂ ਪਾਰਟੀਆਂ ਦੇ ਵਿਧਾਇਕਾਂ ਵਲੋਂ ਜਿਲ੍ਹਿਆਂ ਵਿੱਚ ਜਾ ਕੇ ਤਿੰਨ ਕਾਲੇ ਕਾਨੂੰਨਾਂ ਦੌਰਾਨ ਅੰਦੋਲਨ ਸਮੇਂ ਜਖਮੀ ਹੋਏ ਅਤੇ ਦਿੱਲੀ ਪੁਲਿਸ ਦੇ ਤਸ਼ੱਦਦ ਦਾ ਸ਼ਿਕਾਰ ਹੋਏ ਕਿਸਾਨਾਂ ਦੇ ਬਿਆਨ ਦਰਜ਼ ਕੀਤੇ ਜਾ ਰਹੇ ਹਨ।
                ਵਿਧਾਨ ਸਭਾ ਕਮੇਟੀ ਦੇ ਚੇਅਰਮੈਨ ਅਤੇ ਹਲਕਾ ਗਿੱਲ ਦੇ ਵਿਧਾਇਕ ਕੁਲਦੀਪ ਸਿੰਘ ਵੈਦ ਦੀ ਅਗਵਾਈ ਵਾਲੀ ਕਮੇਟੀ ਵਿੱਚ ਫਤਿਹ ਜੰਗ ਸਿੰਘ ਬਾਜਵਾ, ਕੁਲਦੀਪ ਸਿੰਘ ਜ਼ੀਰਾ (ਦੋਵੇਂ ਅੱਜ ਦੀ ਮੀਟਿੰਗ ਵਿੱਚ ਹਾਜ਼ਰ ਨਹੀਂ ਸਨ), ਸ੍ਰੀਮਤੀ ਸਰਬਜੀਤ ਕੌਰ ਮਾਨੂੰਕੇ ਅਤੇ ਹਰਿੰਦਰਪਾਲ ਸਿੰਘ ਚੰਦੂਮਾਜ਼ਰਾ ਨੇ ਦੀ ਕਮੇਟੀ ਨੇ ਜਖਮੀ ਕਿਸਾਨਾਂ ਜਾਂ ਕਥਿਤ ਤੌਰ ਤੇ ਕੇਂਦਰ ਸਰਕਾਰ ਦੁਆਰਾ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਪੁਲਿਸ ਤਸ਼ੱਦਦ ਦਾ ਸ਼ਿਕਾਰ ਹੋਏ ਹੋਰਾਂ ਵਿਅਕਤੀਆਂ ਦੇ ਬਿਆਨ ਦਰਜ਼ ਕੀਤੇ।
                 ਵੈਦ ਨੇ ਕਿਹਾ ਕਿ ਕਮੇਟੀ ਸਰਕਾਰ ਨੂੰ ਤਜਵੀਜ਼ ਪੇਸ਼ ਕਰੇਗੀ ਕਿ ਇਨ੍ਹਾਂ ਕਿਸਾਨਾਂ ਨੂੰ ਕਾਨੂੰਨੀ ਮਦਦ ਦੇ ਨਾਲ ਨਾਲ ਆਰਥਿਕ ਸਹਾਇਤਾ ਵੀ ਮੁਹੱਈਆ ਕਰਵਾਈ ਜਾਵੇ।ਉਨ੍ਹਾਂ ਕਿਹਾ ਕਿ ਇਸ ਸਬੰਧੀ ਕਮੇਟੀ ਵਲੋਂ ਇਹ ਵੀ ਤਜਵੀਜ਼ ਪੇਸ਼ ਕੀਤੀ ਜਾਵੇਗੀ ਕਿ ਇਹ ਸਾਰਾ ਮਸਲਾ ਦਿੱਲੀ ਪੁਲਿਸ ਅਤੇ ਦਿੱਲੀ ਸਰਕਾਰ ਨਾਲ ਉਠਾਇਆ ਜਾਵੇ ਤਾਂ ਜੋ ਬੇਗੁਨਾਹ ਕਿਸਾਨਾਂ/ਨੌਜਵਾਨਾਂ ਤੇ ਹੋਏ ਕੇਸਾਂ ਨੂੰ ਰੱਦ ਕਰਵਾਇਆ ਜਾ ਸਕੇ।
                     ਚੇਅਰਮੈਨ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਦਿੱਲੀ ਪੁਲਿਸ ਵਲੋਂ ਕਾਲੇ ਕਾਨੂੰਨਾਂ ਦਾ ਸ਼ਾਂਤਮਈ ਢੰਗ ਨਾਲ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਤੇ ਤਸ਼ੱਦਦ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਕਮੇਟੀ ਦੇ ਧਿਆਨ ਵਿੱਚ ਆਇਆ ਹੈ ਕਿ ਕੁੱਝ ਨੌਜਵਾਨਾਂ ਨੂੰ ਬਿਨਾਂ ਹੀ ਕਿਸੇ ਦੇਸ਼ ਤੇ ਜੇਲਾਂ ਵਿੱਚ ਬੰਦ ਕਰਕੇ ਉਨ੍ਹਾਂ ‘ਤੇੇ ਪਰਚੇ ਦਰਜ਼ ਕੀਤੇ ਗਏ ਹਨ, ਜੋ ਕਿ ਗੈਰ ਕਾਨੂੰਨੀ ਹੈ।ਇਸ ਸਬੰਧੀ ਜਲਦ ਹੀ ਇਕ ਵਿਸਥਾਰਤ ਰਿਪੋਰਟ ਬਣਾ ਕੇ ਸਰਕਾਰ ਨੂੰ ਪੇਸ਼ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਜਿਹੜਾ ਵੀ ਵਿਅਕਤੀ ਪੁਲਿਸ ਹੱਥੋਂ ਹੋਏ ਜ਼ੁਲਮ ਬਾਰੇ ਆਪਣੇ ਬਿਆਨ ਦਰਜ਼ ਕਰਵਾਉਣਾ ਚਾਹੁੰਦਾ ਹੈ ਉਹ ਇਸ ਕਮੇਟੀ ਦੇ ਸਨਮੁੱਖ ਪੇਸ਼ ਹੋ ਸਕਦਾ ਹੈ।ਇਸ ਦੌਰਾਨ ਪੀੜਤਾਂ ਨੇ ਕਮੇਟੀ ਵਲੋਂ ਉਨ੍ਹਾਂ ਦੀਆਂ ਮੁਸ਼ਕਲਾਂ ਸੁਣਨ ਦੀ ਸ਼ਲਾਘਾ ਵੀ ਕੀਤੀ।
                 ਇਸ ਮੌਕੇ ਸ੍ਰੀਮਤੀ ਬਲਦੀਪ ਕੌਰ, ਵਧੀਕ ਸਕੱਤਰ ਗ੍ਰਹਿ ਮਾਮਲੇ ਵਿਭਾਗ ਚੰਡੀਗੜ੍ਹ, ਮੈਡਮ ਸੁਰਿੰਦਰਜੀਤ ਕੌਰ ਏ.ਆਈ.ਜੀ ਕਰਾਇਮ ਤੋਂ ਇਲਾਵਾ ਤਸ਼ੱਦਦ ਦਾ ਸ਼ਿਕਾਰ ਹੋਏ ਕਿਸਾਨ ਵੀ ਹਾਜ਼ਰ ਸਨ।

Check Also

ਖਾਲਸਾ ਯੂਨੀਵਰਸਿਟੀ ਵਿਖੇ ਔਰਥੋ ਰਿਊਮੈਟੋਲੋਜੀ ਦਿਵਸ ਮਨਾਇਆ ਗਿਆ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਫੈਕਲਟੀ ਆਫ਼ ਆਰਟਸ ਐਂਡ ਸੋਸ਼ਲ …