ਯੂਨੀਵਰਸਿਟੀ ਵੱਲੋਂ ਵਣ-ਮਹਾਉਤਸਵ 2021 `ਤੇ ਰਾਸ਼ਟਰੀ ਵੈਬੀਨਾਰ ਦਾ ਆਯੋਜਨ
ਅੰਮ੍ਰਿਤਸਰ, 8 ਜੁਲਾਈ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਈਰੌਕਸ ਕਲੱਬ ਅਤੇ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਦੀ ਐਨਵਿਸ ਹੱਬ ਵੱਲੋਂ ਸਾਂਝੇ ਤੌਰ `ਤੇ ਵਣ-ਮਹਾਉਤਸਵ 2021 `ਤੇ ਰਾਸ਼ਟਰੀ ਵੈਬੀਨਾਰ ਦਾ ਆਯੋਜਨ ਕੀਤਾ ਗਿਆ।ਇਸ ਦਾ ਆਯੋਜਨ ਵਾਤਾਵਰਣ, ਜੰਗਲ ਅਤੇ ਬਦਲ ਰਹੇ ਵਾਤਾਵਰਣ ਮੰਤਰਾਲੇ ਦੇ ਸਹਿਯੋਗ ਨਾਲ ਕਰਵਾਇਆ ਗਿਆ।ਇਸ ਵੈਬੀਨਾਰ ਵਿਚ ਵੱਡੀ ਗਿਣਤੀ ਵਿਚ ਵਿਦਿਆਥੀਆਂ ਅਤੇ ਵਾਤਾਵਰਣ ਬੁੱਧੀਜੀਵੀਆਂ ਅਤੇ ਵਾਤਾਵਰਣ ਪ੍ਰੇਮੀਆਂ ਨੇ ਆਨਲਾਈਨ ਭਾਗ ਲਿਆ ਜਿਸਦਾ ਉਦੇਸ਼ ਭਾਰਤ ਵਿਚ ਮੌਜੂਦਾ ਵਣਾਂ ਦੀ ਸਥਿਤੀ ਅਤੇ ਜ਼ਰੂਰਤਾਂ ਬਾਰੇ ਨਿੱਠ ਕੇ ਵਿਚਾਰ ਚਰਚਾ ਕਰਨਾ ਸੀ।
ਵੈਬੀਨਾਰ ਦਾ ਉਦਘਾਟਨ ਕਰਦਿਆਂ ਯੂਨੀਵਰਸਿਟੀ ਦੇ ਡੀਨ ਵਿਦਿਆਰਥੀ ਭਲਾਈ, ਪ੍ਰੋ. ਅਨੀਸ਼ ਦੂਆ ਨੇ ਬਨਸਪਤੀ ਦਾ ਸਾਡੀ ਜ਼ਿੰਦਗੀ ਵਿਚ ਸਥਾਨ ਬਾਰੇ ਦੱਸਦਿਆਂ ਕਿਹਾ ਕਿ ਧਰਤੀ ਵਸਨੀਕਾਂ ਦੀ ਜ਼ਿੰਦਗੀ ਬਨਸਪਤੀ ਉਪਰ ਨਿਰਭਰ ਕਰਦੀ ਹੈ।ਉਨ੍ਹਾਂ ਕਿਹਾ ਕਿ ਜਿਥੇ ਮਨੁੱਖ ਜੰਗਲ ਬਨਸਪਤੀ ਦਾ ਲਾਭ ਲੈਂਦਾ ਹੈ ਤਾਂ ਉਥੇ ਮਨੁੱਖ ਦੀ ਉਨ੍ਹਾਂ ਦੀ ਸੰਭਾਲ ਪ੍ਰਤੀ ਵੀ ਜ਼ਿੰਮੇਵਾਰੀ ਬਣਦੀ ਹੈ ਜਿਸ ਪ੍ਰਤੀ ਅਵੇਸਲਾਪਨ ਵਿਖਾਇਆ ਜਾਂਦਾ ਹੈ। ਇਸ ਲਈ ਸਾਨੂੰ ਸਾਰਿਆਂ ਵਾਤਾਵਰਣ ਨੂੰ ਚੰਗੇਰਾ ਬਣਾਉਣ ਅਤੇ ਆਲਾ ਦੁਆਲਾ ਹਰਿਆ ਭਰਿਆ ਰੱਖਣ ਲਈ ਨਿੱਠ ਕੇ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਹਰਿਆ ਭਰਿਆ ਵਾਤਾਵਰਣ ਜਿਥੇ ਸਾਡੀਆਂ ਲੋੜਾਂ ਪੂਰੀਆਂ ਕਰਦੇ ਹਨ ਉਥੇ ਆਤਮਕ ਉਚਾਈ ਦਾ ਪੱਧਰ ਉਚੇਰਾ ਕਰਨ ਵਿਚ ਵੀ ਸਹਾਈ ਹੁੰਦਾ ਹੈ।
ਫੌਰੈਸਟ ਰੀਸਰਚ ਇੰਸਟੀਚਿਊਟ ਦੇਹਰਾਦੂਨ ਤੋਂ ਡਾ. ਮਨੋਜ ਕੁਮਾਰ ਨੇ ਭਾਰਤ ਵਿਚ ਵਣ ਪ੍ਰਬੰਧਨ ਨੂੰ ਦਰਪੇਸ਼ ਚੁਣੌਤੀਆਂ ਬਾਰੇ ਦਸਦਿਆਂ ਇਸ ਦਾ ਮਹੱਤਵ ਅਤੇ ਭਵਿੱਖਮੁਖੀ ਲੋੜਾਂ ਵਿਸ਼ੇ `ਤੇ ਜਾਣਕਾਰੀ ਦਿੱਤੀ।ਉਨ੍ਹਾਂ ਕਿਹਾ ਕਿ ਵਣ ਪ੍ਰਿਥਵੀ ਨੂੰ ਹਰਾ ਭਰਾ ਬਣਾਉਣ ਤੋਂ ਇਲਾਵਾ ਮਨੁੱਖ ਦੀ ਹੋਂਦ ਲਈ ਬਹੁਤ ਜ਼ਰੂਰੀ ਹਨ।ਉਨ੍ਹਾਂ ਕਿਹਾ ਕਿ ਇਨ੍ਹਾਂ ਤੋਂ ਖਾਦ ਸਮੱਗਰੀ, ਰਹਿਣ ਸਹਿਣ ਦੀਆਂ ਲੋੜਾਂ ਪੂਰੀਆਂ ਕਰਨ ਵਾਲੀਆਂ ਵਸਤਾਂ ਅਤੇ ਸਾਹ ਲੈਣ ਲਈ ਚੰਗਾ ਵਾਤਾਵਰਣ ਮਿਲਦਾ ਹੈ ਅਤੇ ਜੇਕਰ ਭਾਰਤ ਵਿਚ ਜੰਗਲਾਂ ਦੀ ਸੰਭਾਲ ਨਾਲ ਕੀਤੀ ਗਈ ਤਾਂ ਇਸ ਖਮਿਆਜ਼ਾ ਸਾਨੂੰ ਜਲਦ ਦੀ ਭੁਗਤਣਾ ਪੈ ਸਕਦਾ ਹੈ।
ਬਿਟਸ ਪਿਲਾਨੀ ਗੋਆ ਕੈਂਪਸ ਦੇ ਡਾ. ਰਾਜੀਵ ਚਤੁਰਵੇਦੀ ਨੇ ਕਿਹਾ ਕਿ ਜੰਗਲਾਂ ਦੀ ਸੰਭਾਲ ਅਤੇ ਵਿਕਾਸ ਲਈ ਭਾਰਤ ਵਿਚ ਕਾਨੂੰਨਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਜੇਕਰ ਕੋਈ ਜੰਗਲ ਨਾਲ ਛੇੜਛਾੜ ਕਰਦਾ ਹੈ ਤਾਂ ਉਸ ਪ੍ਰਤੀ ਭਾਰਤੀ ਕਾਨੂੰਨ ਅਨੁਸਾਰ ਉਸ ਸਜ਼ਾ ਦਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਬਦਲ ਰਹੇ ਵਾਤਾਵਰਣ ਕਰਕੇ ਜੰਗਲ ਅਤੇ ਜੰਗਲਾਂ ਦੇ ਵਸਨੀਕ ਜਾਨਵਰਾਂ ਅਤੇ ਕਬੀਲਿਆਂ ਉਪਰ ਮਾਰੂ ਪ੍ਰਭਾਵ ਪੈ ਰਿਹਾ ਹੈ ਅਤੇ ਕਿਸੇ ਹਦ ਤਕ ਉਨਾਂ ਦੀ ਹੋਂਦ `ਤੇ ਖਤਰਾ ਮੰਡਰਾ ਰਿਹਾ ਹੈ।ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਹੋਂਦ ਨੂੰ ਖਤਰਾ ਅਸਲ ਵਿਚ ਮਨੁੱਖ ਜਾਤੀ ਦੀ ਹੋਂਦ ਨੂੰ ਖਤਰਾ ਹੀ ਸਮਝਿਆ ਜਾਣਾ ਚਾਹੀਦਾ ਹੈ।
ਸਾਇਰੈਕਸ ਦੇ ਕਨਵੀਨਰ ਡਾ. ਬਿੰਦੀਆ ਅਰੋੜਾ ਅਤੇ ਐਨਵਿਸ ਹਬ ਦੇ ਸੀਨੀਅਰ ਪ੍ਰੋਗਰਾਮ ਅਫਸਰ ਰਵਲੀਨ ਸਿੰਘ ਨੇ ਸਾਰਿਆਂ ਦਾ ਵੈਬੀਨਾਰ ਵਿਚ ਭਾਗ ਲੈਣ ਲਈ ਧੰਨਵਾਦ ਕਰਦਿਆਂ ਜੰਗਲਾਂ ਦੀ ਸੰਭਾਲ ਦਾ ਸੁਨੇਹਾ ਦਿੱਤਾ।ਸਾਇਰੈਕਸ ਦੇ ਵਿਦਿਆਰਥੀ ਪ੍ਰਧਾਨ ਯਤਿਨ ਬੱਤਰਾ ਨੇ ਕਲੱਬ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ।