ਸ੍ਰੀ ਦਰਬਾਰ ਸਾਹਿਬ ਵਿਖੇ ਕਾਰਸੇਵਾ ਦੌਰਾਨ ਮਿਲੀ ਇਮਾਰਤ ਦਾ ਮਾਮਲਾ
ਅੰਮ੍ਰਿਤਸਰ 16 ਜੁਲਾਈ (ਜਗਦੀਪ ਸਿੰਘ) – ਸ੍ਰੀ ਦਰਬਾਰ ਸਾਹਿਬ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਨੇੜੇ ਚੱਲ ਰਹੀ ਜੋੜਾ ਘਰ ਦੇ ਨਿਰਮਾਣ ਦੀ ਸੇਵਾ
ਦੌਰਾਨ ਖੁਦਾਈ ਕਰਦਿਆਂ ਸਾਹਮਣੇ ਆਏ ਇਮਾਰਤ ਦੇ ਪੁਰਾਣੇ ਢਾਂਚੇ ਬਾਰੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਜੇਕਰ ਇਹ ਇਮਾਰਤੀ ਢਾਂਚਾ ਇਤਿਹਾਸ ਅਤੇ ਵਿਰਾਸਤ ਨਾਲ ਸਬੰਧਤ ਹੋਇਆ ਤਾਂ ਇਸ ਨੂੰ ਜਰੂਰ ਸੁਰੱਖਿਅਤ ਰੱਖਿਆ ਜਾਵੇਗਾ।ਉਨ੍ਹਾਂ ਕਿਹਾ ਕਿ ਬੀਤੇ ਦਿਨ ਖੁਦਾਈ ਕਰਦਿਆਂ ਪੁਰਾਤਨ ਦਿੱਖ ਵਾਲੇ ਕੁੱਝ ਕਮਰੇ ਸਾਹਮਣੇ ਆਏ ਹਨ, ਜੋ ਨਿੱਕੀ ਇੱਟ ਦੇ ਬਣੇ ਹੋਏ ਹਨ।ਉਨ੍ਹਾਂ ਕਿਹਾ ਕਿ ਇਸ ਦੀ ਪੁਰਾਤਨਤਾ ਅਤੇ ਇਤਿਹਾਸਕਤਾ ਸਬੰਧੀ ਮਾਹਿਰਾਂ ਦੀ ਰਾਇ ਲਈ ਜਾ ਰਹੀ ਹੈ।ਸ਼੍ਰੋਮਣੀ ਕਮੇਟੀ ਵੱਲੋਂ ਇਸ ਬਾਰੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਮਾਹਿਰਾਂ ਨਾਲ ਗੱਲਬਾਤ ਕੀਤੀ ਗਈ ਹੈ ਅਤੇ ਹੋਰ ਮਾਹਿਰਾਂ ਤੇ ਇਤਿਹਾਸਕਾਰਾਂ ਦੀਆਂ ਵੀ ਸੇਵਾਵਾਂ ਲਈਆਂ ਜਾ ਰਹੀਆਂ ਹਨ।ਇਸ ਦੇ ਨਾਲ ਹੀ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਪੁਰਾਤਤਵ ਵਿਭਾਗ ਰਾਹੀਂ ਪਤਾ ਲਗਾਉਣ ਲਈ ਵੀ ਕਿਹਾ ਗਿਆ ਹੈ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਕਾਰਸੇਵਾ ਦੌਰਾਨ ਸਾਹਮਣੇ ਆਈ ਇਮਾਰਤ ਦੇ ਢਾਂਚੇ ਨੂੰ ਕੁੱਝ ਲੋਕ ਜਾਣਬੁੱਝ ਕੇ ਮੁੱਦਾ ਬਣਾ ਰਹੇ ਹਨ। ਉਨ੍ਹਾਂ ਆਖਿਆ ਕਿ ਜੇਕਰ ਕਾਰਸੇਵਾ ਦੌਰਾਨ ਕੋਈ ਪੁਰਾਣੀ ਇਮਾਰਤ ਦਿਖਾਈ ਦਿੱਤੀ ਹੈ ਤਾਂ ਇਸ ਦਾ ਮੰਤਵ ਹਰਗਿਜ਼ ਇਹ ਨਹੀਂ ਹੈ ਕਿ ਉਸ ਨੂੰ ਢਾਹ ਦਿੱਤਾ ਜਾਵੇਗਾ।ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਉਹ ਗੁੰਮਰਾਹਕੁੰਨ ਪ੍ਰਚਾਰ ਤੋਂ ਸੁਚੇਤ ਰਹਿਣ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਭਿੱਟੇਵੱਡ, ਜਨਰਲ ਸਕੱਤਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਸ਼੍ਰੋਮਣੀ ਕਮੇਟੀ ਮੈਂਬਰ ਅਮਰੀਕ ਸਿੰਘ ਵਿਛੋਆ, ਜੋਧ ਸਿੰਘ ਸਮਰਾ, ਮੀਤ ਸਕੱਤਰ ਕੁਲਵਿੰਦਰ ਸਿੰਘ ਰਮਦਾਸ, ਓ.ਐਸ.ਡੀ ਡਾ. ਸੁਖਬੀਰ ਸਿੰਘ, ਡਾ. ਅਮਰੀਕ ਸਿੰਘ ਲਤੀਫਪੁਰ ਤੇ ਹੋਰ ਮੌਜੂਦ ਸਨ।
Punjab Post Daily Online Newspaper & Print Media