ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਵਿਖੇ ਗਾਇਨੀ ਤੇ ਬੱਚਾ ਵਾਰਡ ਦੇ ਨਵੇਂ ਬਲਾਕ ਦਾ ਰੱਖਿਆ ਨੀਂਹ ਪੱਥਰ
ਅੰਮ੍ਰਿਤਸਰ, 16 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਚੱਲ ਰਹੇ ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਐਂਡ ਰੀਸਰਚ
ਵੱਲ੍ਹਾ ਵਿਖੇ ਗਾਇਨੀ ਅਤੇ ਬੱਚਾ ਵਾਰਡ ਦੇ ਨਵੇਂ ਬਲਾਕ ਦਾ ਨੀਂਹ ਪੱਥਰ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਰੱਖਿਆ ਗਿਆ।
ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਅਤੇ ਵਿਦਿਅਕ ਖੇਤਰ ‘ਚ ਕੀਤੇ ਜਾ ਰਹੇ ਕਾਰਜ਼ਾਂ ਨਾਲ ਮਾਨਵਤਾ ਦੀ ਭਲਾਈ ਲਈ ਸਿਹਤ ਸੇਵਾਵਾਂ ਵੀ ਨਿਭਾਈਆਂ ਜਾ ਰਹੀਆਂ ਹਨ।ਦੇਸ਼ ਦੀਆਂ ਮੋਹਰੀ ਸੰਸਥਾਵਾਂ ਵਿਚ ਸ਼ਾਮਲ ਸ੍ਰੀ ਗੁਰੂ ਰਾਮਦਾਸ ਮੈਡੀਕਲ ਸੰਸਥਾ ‘ਚ ਗਾਇਨੀ ਵਾਰਡ ਦੇ ਨਵੇਂ ਬਲਾਕ ਦੀ ਸਥਾਪਨਾ ਕੀਤੀ ਜਾ ਰਹੀ ਹੈ।ਇਸ ਵਾਰਡ ’ਤੇ ਅੰਦਾਜ਼ਨ 4 ਕਰੋੜ ਰੁਪਏ ਦਾ ਖਰਚਾ ਆਵੇਗਾ । ਇਸ ਤਿੰਨ ਮੰਜ਼ਲਾ ਵਾਰਡ ਵਿਚ 7 ਲੈਕਚਰ ਹਾਲ, ਰੀਹੈਬਿਲਟੇਸ਼ਨ ਵਿਭਾਗ, ਟਰੀਟਮੈਂਟ ਰੂਮ, ਡਾਕਟਰਾਂ ਦੇ ਕਮਰੇ, 10 ਬੈਡਾਂ ਵਾਲਾ ਆਈ.ਸੀ.ਯੂ, 12 ਪ੍ਰਾਈਵੇਟ ਕਮਰੇ, 2 ਵਾਰਡ ਅਤੇ 2 ਲੈਬਾਂ ਦਾ ਪ੍ਰਬੰਧ ਹੋਵੇਗਾ।ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਹਸਪਤਾਲ ਵੱਲੋਂ ਹਮੇਸ਼ਾ ਹੀ ਲੋੜਵੰਦਾਂ ਦੀ ਮਦਦ ਲਈ ਕਾਰਜ਼ ਕੀਤੇ ਜਾਂਦੇ ਹਨ।ਮੁਫ਼ਤ ਜਨੇਪਾ, ਸਸਤੇ ਟੈਸਟ ਅਤੇ ਘੱਟ ਖ਼ਰਚਿਆਂ ’ਤੇ ਮਰੀਜ਼ਾਂ ਦਾ ਇਲਾਜ਼ ਕੀਤਾ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਬੀਤੇ ਸਮੇਂ ਵਿਚ ਕੋਰੋਨਾ ਮਹਾਂਮਾਰੀ ਦੌਰਾਨ ਸ੍ਰੀ ਗੁਰੂ ਰਾਮਦਾਸ ਮੈਡੀਕਲ ਸੰਸਥਾ ਵੱਲੋਂ ਮੁਫ਼ਤ ਕੋਰੋਨਾ ਟੀਕਾਕਰਨ ਲਗਾਤਾਰ ਜਾਰੀ ਹੈ, ਜਿਸ ਤਹਿਤ ਸ੍ਰੀ ਗੁਰੂ ਰਾਮਦਾਸ ਹਸਪਤਾਲ ਦੇ ਨਾਲ-ਨਾਲ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿਚ ਕੈਂਪ ਲਗਾਏ ਗਏ ਹਨ। ਇਸ ਦੇ ਨਾਲ ਹੀ ਕੋਰੋਨਾ ਕੇਅਰ ਕੇਂਦਰ ਖੋਲ੍ਹ ਕੇ ਵੀ ਮਰੀਜ਼ਾਂ ਦਾ ਇਲਾਜ਼ ਕੀਤਾ ਗਿਆ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਭਿੱਟੇਵੱਡ, ਜਨਰਲ ਸਕੱਤਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਸ਼੍ਰੋਮਣੀ ਕਮੇਟੀ ਮੈਂਬਰ ਅਮਰੀਕ ਸਿੰਘ ਵਿਛੋਆ, ਜੋਧ ਸਿੰਘ ਸਮਰਾ, ਸ੍ਰੀ ਗੁਰੂ ਰਾਮਦਾਸ ਮੈਡੀਕਲ ਯੂਨੀਵਰਸਿਟੀ ਦੇ ਵੀਸੀ ਡਾ. ਦਲਜੀਤ ਸਿੰਘ, ਡਾਇਰੈਕਟਰ ਪ੍ਰਿੰਸੀਪਲ ਡਾ. ਮਨਜੀਤ ਸਿੰਘ ਉੱਪਲ, ਡੀਨ ਡਾ. ਏ.ਪੀ ਸਿੰਘ, ਡੀਨ ਅਕੈਡਮਿਕ ਡਾ. ਸ਼ੌਕੀਨ ਸਿੰਘ, ਡਾ. ਪੰਕਜ਼, ਮੀਤ ਸਕੱਤਰ ਕੁਲਵਿੰਦਰ ਸਿੰਘ ਰਮਦਾਸ, ਓ.ਐਸ.ਡੀ ਡਾ. ਸੁਖਬੀਰ ਸਿੰਘ, ਡਾ. ਅਮਰੀਕ ਸਿੰਘ ਲਤੀਫਪੁਰ ਆਦਿ ਮੌਜ਼ੂਦ ਸਨ।
Check Also
ਯੂਨੀਵਰਸਿਟੀ ਵੱਲੋਂ ‘ਸੰਗੀਤ ਤੇ ਖੇਤੀਬਾੜੀ ਦਾ ਅੰਤਰਵਿਸ਼ਾ ਦ੍ਰਿਸ਼ਟੀਕੋਣ’ ਵਿਸ਼ੇ ‘ਤੇ ਤਿੰਨ ਦਿਨਾਂ ਵਰਕਸ਼ਾਪ
ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਐਂਡ ਪਰਫਾਰਮਿੰਗ …
Punjab Post Daily Online Newspaper & Print Media