ਫੈਡਰੇਸ਼ਨ ਮਹਿਤਾ ਦੇ ਵਫਦ ਨਾਲ ਏ.ਡੀ.ਸੀ.ਪੀ ਨੂੰ ਮਿਲ ਕੇ- ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਕੀਤੀ ਮੰਗ
ਫੋਟੋ ਕੈਪਸ਼ਨ- ਏ.ਡੀ.ਸੀ.ਪੀ. ਪਰਮਪਾਲ ਸਿੰਘ ਅਤੇ ਹੋਰ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਹੋਏ ਫੈਡਰੇਸ਼ਨ ਦੇ ਪ੍ਰਧਾਨ ਅਮਰਬੀਰ ਸਿੰਘ ਢੋਟ ਨਾਲ ਪੀੜ੍ਹਿਤ ਨੌਜਵਾਨ ਜਸਮੀਤ ਸਿੰਘ, ਮਨਦੀਪ ਸਿੰਘ ਖਾਲਸਾ, ਯੁਵਰਾਜ ਸਿੰਘ ਚੌਹਾਨ ਅਤੇ ਹੋਰ।
ਅੰਮ੍ਰਿਤਸਰ 15 ਮਾਰਚ (ਪੰਜਾਬ ਪੋਸਟ ਬਿਊਰੋ)- ਰਾਮ ਤੀਰਥ ਦੇ ਮੁੱਦੇ ਨੂੰ ਲੈ ਕੇ ਪੰਜਾਬ ਸਰਕਾਰ ਵਿਰੁੱਧ ਭੰਡਾਰੀ ਪੁੱਲ ‘ਤੇ ਦਿੱਤੇ ਜਾ ਰਹੇ ਧਰਨੇ ਦੌਰਾਨ ਵਾਲਮੀਕੀ ਭਾਈਚਾਰੇ ਦੇ ਕੁੱਝ ਵਿਅਕਤੀਆਂ ਵਲੋਂ ਜਸਮੀਤ ਸਿੰਘ ਨਾਮੀ ਅੰਮ੍ਰਿਤਧਾਰੀ ਸਿੱਖ ਨੌਜਵਾਨ ਦੀ ਜ਼ਬਰਦਸਤੀ ਰੋਕਣ ਉਪਰੰਤ ਦਸਤਾਰ ਲਾਹ ਕੇ ਕੇਸਾਂ ਦੀ ਕੀਤੀ ਬੇਅਦਬੀ ਅਤੇ ਨਜਾਇਜ਼ ਕੁੱਟ ਮਾਰ ਨੂੰ ਨਾ-ਕਾਬਲੇ ਬਰਦਾਸ਼ਤ ਕਰਾਰ ਦਿੰਦਿਆਂ ਸਿੱਖ ਸਟੂਡੈਂਟ ਫੈਡਰੇਸ਼ਨ (ਮਹਿਤਾ) ਦੇ ਜ਼ਿਲ੍ਹਾ ਪ੍ਰਧਾਨ ਅਤੇ ਕੌਂਸਲਰ ਅਮਰਬੀਰ ਸਿੰਘ ਢੋਟ ਨੇ ਇਸ ਘਟਨਾ ਦੀ ਜੋਰਦਾਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।
ਇਸ ਮੰਦਭਾਗੀ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਅਮਰਬੀਰ ਸਿੰਘ ਢੋਟ ਨੇ ਦੱਸਿਆ ਕਿ ਘਟਨਾ ਦਾ ਪਤਾ ਲੱਗਣ ‘ਤੇ ਜਦ ਉਹ ਫੈਡਰੇਸ਼ਨ ਵਰਕਰਾਂ ਸਮੇਤ ਮੌਕੇ ‘ਤੇ ਪੁੱਜੇ ਤਾਂ ਸਿੱਖ ਨੌਜਵਾਨ ਦੀ ਕੁੱਟਮਾਰ ਕਰਨ ਵਾਲੇ ਸ਼ਰਾਰਤੀ ਅਨਸਰਾਂ ਦਾ ਹਜ਼ੂਮ ਉਥੋਂ ਜਾ ਚੁੱਕਾ ਸੀ।ਇਸ ਲਈ ਉਨਾਂ ਨੇ ਮੋਬਾਇਲ ‘ਤੇ ਪੁਲਿਸ ਕਮਿਸ਼ਨਰ ਨਾਲ ਸੰਪਰਕ ਕੀਤਾ ਅਤੇ ਘਟਨਾ ਦੇ ਜਿੰਮੇਵਾਰ ਦੋਸ਼ੀਆਂ ਖਿਲਾਫ ਤੁਰੰਤ ਕਾਰਵਾਈ ਮੰਗ ਕੀਤੀ।ਇਸ ਉਪਰੰਤ ਪੀੜ੍ਹਤ ਨੌਜਵਾਨ ਨੂੰ ਨਾਲ ਲੈ ਕੇ ਥਾਣਾ ਸਿਵਲ ਲਾਈਨ ਪਹੁੰਚੇ, ਜਿਥੇ ਪੁਲਿਸ ਕਮਿਸ਼ਨਰ ਤਰਫੋਂ ਏ.ਡੀ.ਸੀ.ਪੀ. ਪਰਮਪਾਲ ਸਿੰਘ, ਏ.ਸੀ.ਪੀ ਬਲਕਾਰ ਸਿੰਘ ਅਤੇ ਥਾਣਾ ਸਿਵਲ ਲਾਇਨ ਦੇ ਐਸ.ਐਚ.ਓ ਸੁਖਵਿੰਦਰ ਸਿੰਘ ਰੰਧਾਵਾ ਮੌਜੂਦ ਸਨ।ਢੋਟ ਨੇ ਪਰਮਪਾਲ ਸਿੱਧੂ ਅਤੇ ਹੋਰ ਅਧਿਕਾਰੀਆਂ ਨੂੰ ਕਿਹਾ ਕਿ ਭੰਡਾਰੀ ਪੁੱਲ ਤੇ ਘਟਨਾ ਦੌਰਾਨ ਭਾਰੀ ਗਿਣਤੀ ਵਿਚ ਪੁਲਿਸ ਮੁਲਾਜ਼ਮ ਮੌਜ਼ੂਦ ਹੋਣ ਦੇ ਬਾਵਜੂਦ ਉਨਾਂ ਵਲੋਂ ਸਿੱਖ ਨੌਜਵਾਨ ਜਸਮੀਤ ਸਿੰਘ ਨੂੰ ਬਚਾਉਣ ਦੀ ਕੋਈ ਕਾਰਵਾਈ ਨਾ ਕੀਤੇ ਜਾਣ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ ।
ਢੋਟ ਦੱਸਿਆ ਕਿ ਉਨਾਂ ਨੇ ਪੁਲਿਸ ਅਧਿਕਾਰੀਆਂ ਨੂੰ ਕਿਹਾ ਕਿ ਅਸੀਂ ਹਰ ਧਰਮ ਦਾ ਸਤਿਕਾਰ ਕਰਦੇ ਹਾਂ ਪਰ ਕੋਈ ਸਿੱਖ ਧਰਮ ਅਤੇ ਨੌਜਵਾਨ ਨਾਲ ਇਸ ਤਰ੍ਹਾਂ ਦੀ ਕੋਝੀ ਹਰਕਤ ਕਰੇ, ਉਹ ਬਰਦਾਸ਼ਤ ਤੋਂ ਬਾਹਰ ਹੈ।ਉਨਾਂ ਦੋ ਟੁੱਕ ਸ਼ਬਦਾਂ ਵਿਚ ਕਿਹਾ ਕਿ ਦੋਸ਼ੀਆਂ ਦੀ ਭਾਲ ਕਰਕੇ ਉਨਾਂ ਤੁਰੰਤ ਗ੍ਰਿਫਤਾਰ ਕਰਕੇ ਠੋਸ ਕਾਰਵਾਈ ਕਰਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਕਿ ਗੁਰਸਿੱਖ ਜਸਮੀਤ ਸਿੰਘ ਨਾਲ ਵਾਪਰੀ ਅਜਿਹੀ ਹਰਕਤ ਕਰਨ ਦੀ ਦੁਬਾਰਾ ਕੋਈ ਹਿਮੰਤ ਨਾ ਕਰ ਸਕੇ। ਉਨਾਂ ਨੇ ਜਿਲਾ ਤੇ ਪੁਲਿਸ ਪ੍ਰਸ਼ਾਸ਼ਨ ਨੂੰ ਅਪੀਲ ਕੀਤੀ ਕਿ ਜੇ ਬਾਕੀ ਦੋਸ਼ੀਆਂ ਨੂੰ ਫੜ੍ਹਨ ਵਿਚ ਕੋਈ ਕੁਤਾਹੀ ਵਰਤੀ ਗਈ ਤਾਂ ਫੈਡਰੇਸ਼ਨ ਮਹਿਤਾ ਨੂੰ ਮਜ਼ਬੂਰ ਹੋ ਕੇ ਸਮੂਹ ਜਥੇਬੰਦੀਆਂ ਨੂੰ ਨਾਲ ਲੈ ਕੇ ਨੌਜਵਾਨ ਨੂੰ ਇਨਸਾਫ ਦਿਵਾਉਣ ਲਈ ਸੰਘਰਸ਼ ਵਿੱਢਣਾ ਪਵੇਗਾ।
ਇਸ ਮੌਕੇ ਫੈਡਰੇਸ਼ਨ ਮਹਿਤਾ ਦੇ ਸੀਨੀਅਰ ਮੀਤ ਪ੍ਰਧਾਨ ਮਨਦੀਪ ਸਿੰਘ ਖਾਲਸਾ, ਯੁਵਰਾਜ ਸਿੰਘ ਚੌਹਾਨ, ਚਰਨਜੀਤ ਸਿੰਘ ਧਾਲੀਵਾਲ, ਮਨਜੀਤ ਸਿੰਘ ਬੂਟਾ ਮੀਤ ਪ੍ਰਧਾਨ, ਨਵਤੇਜ਼ ਸਿੰਘ ਕੱਲਕਤਾ, ਨਵਦੀਪ ਸਿੰਘ ਲਵਲੀ, ਸਰਬਜੀਤ ਸਿੰਘ ਛੱਬਾ, ਜਰਨਲ ਸਕੱਤਰ ਬਲਜੀਤ ਸਿੰਘ ਸੱਗੂ, ਸਾਹਿਬ ਸਿੰਘ, ਰਮਨਪ੍ਰੀਤ ਸਿੰਘ ਤੁੰਗ, ਅਮਰਜੀਤ ਸਿੰਘ ਲਾਡੀ ਆਦਿ ਫੈਡਰੇਸ਼ਨ ਆਗੂ ਵੀ ਹਾਜ਼ਰ ਸਨ।