Wednesday, April 29, 2026

ਸੈਂਕੜੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਰੋਸ ਧਰਨਾ ਦੇ ਕੇ ਸਰਕਾਰ ਵਿਰੁੱਧ ਰੋਸ ਪ੍ਰਗਟਾਇਆ

20 ਅਗਸਤ ਨੂੰ ਜ਼ਿਲ੍ਹਾ ਪੱਧਰੀ ਧਰਨੇ ਮਾਰ ਕੇ ਕੀਤੇ ਜਾਣਗੇੇ ਰੋਸ ਪ੍ਰਦਰਸ਼ਨ – ਪ੍ਰੇਮ ਸਾਗਰ ਸ਼ਰਮਾ

ਸਮਰਾਲਾ, 14 ਅਗਸਤ (ਇੰਦਰਜੀਤ ਸਿੰਘ ਕੰਗ) – 6ਵੇਂ ਪੰਜਾਬ ਤਨਖਾਹ ਕਮਿਸ਼ਨ ਨੂੰ ਪਿਛਲੇ ਤਨਖਾਹ ਕਮਿਸ਼ਨ ਮੁਤਾਬਿਕ ਮੁਲਾਜਮਾਂ ਅਤੇ ਪੈਨਸ਼ਨਰਾਂ ਦੀਆਂ ਹੱਕੀ ਅਤੇ ਜਾਇਜ ਮੰਗਾਂ ਨੂੰ ਲਾਗੂ ਕਰਵਾਉਣ ਲਈ ਪੰਜਾਬ ਸਰਕਾਰ ਵਲੋਂ ਗਠਿਤ ਅਫਸਰ ਕਮੇਟੀ ਅਤੇ ਕੈਬਨਿਟ ਸਬ ਕਮੇਟੀ ਨਾਲ 30 ਜੁਲਾਈ, 3 ਅਗਸਤ, 4 ਅਗਸਤ ਅਤੇ 11 ਅਗਸਤ ਨੂੰ ਪੰਜਾਬ ਭਵਨ ਚੰਡੀਗੜ੍ਹ ਵਿਖੇ ਹੋਈਆਂ ਮੀਟਿੰਗਾਂ ਵਿਸਥਾਰ ਨਾਲ ਵਿਚਾਰ ਚਰਚਾ ਕੀਤੀ ਗਈ।ਸਰਕਾਰ ਦੇ ਅੜੀਅਲ ਅਤੇ ਨਾ ਪੱਖੀ ਵਤੀਰੇ ਕਾਰਨ ਮੀਟਿੰਗਾਂ ਬੇਸਿੱਟਾ ਰਹੀਆਂ।ਅੱਜ ਇਥੇ ਪੰਜਾਬ-ਯੂ.ਟੀ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਦੇ ਕਨਵੀਨਰ ਪ੍ਰੇਮ ਸਾਗਰ ਸ਼ਰਮਾ ਜੋ ਕਿ ਸਾਰੀਆਂ ਮੀਟਿੰਗਾਂ ਵਿੱਚ ਸ਼ਾਮਲ ਹਨ ਨੇ ਦੱਸਿਆ ਕਿ ਸਰਕਾਰ 31 ਦਸੰਬਰ 2015 ਨੂੰ ਬਣਦਾ ਮਹਿੰਗਾਈ ਭੱਤਾ 119 ਪ੍ਰਤੀਸ਼ਤ ਦੀ ਬਜਾਏ 1-1-15 ਦਾ 113 ਪ੍ਰਤੀਸ਼ਤ ਦੇ ਕੇ ਗੁਣਾਂਕ ਬਣਾ ਰਹੀ ਹੈ ਜੋ ਕਿ ਘੋਰ ਅਨਿਆਏ ਹੈ।ਉਨਾਂ ਨੇ 01-01-2016 ਨੂੰ 125 ਪ੍ਰਤੀਸ਼ਤ ਮਹਿੰਗਾਈ ਭੱਤਾ ਨਾਲ ਗੁਣਾਂਕ ਬਣਾ ਕੇ ਪੱਤਰ ਜਾਰੀ ਕਰਨ ਲਈ ਜੋਰਦਾਰ ਮੰਗ ਕੀਤੀ ਹੈ।1-01-2019 ਤੋਂ ਪਿੱਛੋਂ ਮਹਿੰਗਾਈ ਭੱਤਾ ਦੇ ਕੇ ਬਣਦੇ ਬਕਾਇਆਂ ਦੀ ਅਦਾਇਗੀ ਯਕਮੁਸ਼ਤ ਕਰਨ ਲਈ ਆਖਿਆ ਗਿਆ।ਸ਼ਰਮਾ ਨੇ ਕਿਹਾ ਕਿ ਸਾਬਕਾ ਫੌਜੀਆਂ ਵਾਂਗ ਕੈਸ਼ਲੈਸ ਸਿਸਟਮ ਆਫ ਟਰੀਟਮੈਂਟ ਸੋਧ ਕੇ ਦੁਬਾਰਾ ਲਾਗੂ ਕਰਨ, ਤਲਾਕ ਸ਼ੁਦਾ, ਵਿਧਵਾ ਬੇਟੀਆਂ ਨੂੰ ਫੈਮਲੀ ਪੈਨਸ਼ਨ ਬਹਾਲ ਕਰਨ, ਮੈਡੀਕਲ ਪ੍ਰਤੀ ਪੂਰਤੀ ਬਿੱਲਾਂ ਦੀ ਅਦਾਇਗੀ ਤੁਰੰਤ ਕਰਨ, ਬੱਝਵਾਂ ਮਹਿੰਗਾਈ ਭੱਤਾ 2000 ਰੁਪਏ ਪ੍ਰਤੀ ਮਹੀਨਾ ਕਰਨ, ਡੈਂਚਰ, ਸੁਨਣ ਮਸ਼ੀਨਾਂ, ਅੱਖਾਂ ਦੇ ਲੈਂਜ਼ ਅਤੇ ਐਨਕਾਂ ਦੀਆਂ ਕੀਮਤਾਂ ਮੌਜ਼ੂਦਾ ਰੇਟਾਂ ਮੁਤਾਬਿਕ ਸੋਧ ਕੇ ਹੁਕਮ ਜਾਰੀ ਕਰਨ, ਬੁੱਢਾਪਾ ਭੱਤਾ ਮੁੱਢਲੀ ਪੈਨਸ਼ਨ ਵਿੱਚ ਜੋੜ ਕੇ ਯਾਤਰੀ ਭੱਤਾ ਦੇਣ, ਗੁਣਾਂਕ 2.72 ਕਰਨ ਉਪਰੰਤ ਇਨਸਾਫ ਦੇਣ ਲਈ ਉਨਾਂ ਨੇ ਪੁਰਜ਼ੋਰ ਬਹਿਸ ਕੀਤੀ। ਪੰਜਾਬ ਦੇ ਮੁੁਲਾਜਮ ਅਤੇ ਪੈਨਸ਼ਨਰਜ਼ ਲੰਬੇ ਸਮੇਂ ਤੋਂ ਤਨਖਾਹ ਕਮਿਸ਼ਨ ਵਿੱਚ ਤਰਕ ਸੰਗਤ ਸੋਧਾਂ ਕਰਵਾਉਣ, ਸਮੂਹ ਕੱਚੇ ਤੇ ਠੇਕਾ ਮੁਲਾਜਮਾਂ ਨੂੰ ਵਿਭਾਗੀ ਪੋਸਟਾਂ ਤੇ ਰੈਗੂਲਰ ਕਰਵਾਉਣ, ਵੱਖ ਵੱਖ ਵਿਭਾਗਾਂ ਵਿੱਚ ਕੰਮ ਕਰਦੇ ਮਾਣ ਭੱਤਾ ਵਰਕਰਾਂ ਤੇ ਘੱਟੋ ਘੱਟ ਉਜਰਤਾਂ ਕਨੂੰਨ ਲਾਗੂ ਕਰਵਾਉਣ, ਐਨ.ਪੀ.ਐਸ ਮੁਲਾਜਮਾਂ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਵਾਉਣ, 17 ਜੁਲਾਈ 2020 ਤੋਂ ਪਿਛੋਂ ਵਾਲੇ ਮੁਲਾਜ਼ਮਾਂ ਤੇ ਕੇਂਦਰੀ ਤਨਖਾਹ ਸਕੇਲਾਂ ਦੀ ਬਜ਼ਾਏ ਪੰਜਾਬ ਦੇ ਸਕੇਲ ਲਾਗੂ ਕਰਵਾਉਣ ਅਤੇ ਪੁਨਰ ਗਠਨ ਦੇ ਨਾਂ ਤੇ ਵੱਖ ਵੱਖ ਵਿਭਾਗਾਂ ‘ਚ ਕੀਤੇ ਜਾ ਰਹੇ ਅਸਾਮੀਆਂ ਦੇ ਖਾਤਮੇ ਨੂੰ ਰੁਕਵਾਉਣ ਲਈ ਸੰਘਰਸ਼ ਵੀ ਕੀਤਾ ਗਿਆ।
                ਇਸ ਮੌਕੇ ਸੰਬੋਧਨ ਕਰਦਿਆਂ ਪਾਵਰਕਾਮ ਦੇ ਪ੍ਰਧਾਨ ਸਿਕੰਦਰ ਸਿੰਘ, ਪ੍ਰਧਾਨ ਪ੍ਰੇਮ ਸਿੰਘ ਮਾਛੀਵਾੜਾ, ਰਾਮ ਸਿੰਘ ਕਾਲੜਾ, ਕੁਲਵੰਤ ਸਿੰਘ ਤਰਕ, ਜੁਗਲ ਕਿਸ਼ੋਰ ਸਾਹਨੀ, ਪ੍ਰੇਮ ਨਾਥ, ਕੁਲਵੰਤ ਰਾਏ ਕੈਸ਼ੀਅਰ, ਸੁਰਜੀਤ ਸਿੰਘ ਉਪਲ ਅਤੇ ਹੋਰ ਪਤਵੰਤੇ ਬੁਲਾਰਿਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ 6ਵੇਂ ਤਨਖਾਹ ਕਮਿਸ਼ਨ ਦੇ ਹੁਕਮ ਜਥੇਬੰਦੀਆਂ ਦੇ ਆਗੂਆਂ ਵੱਲੋਂ ਤਰਕ ਸੰਗਤ ਸੁਝਾਵਾਂ ਅਨੁਸਾਰ ਨਾ ਜਾਰੀ ਕੀਤੇ ਤਾਂ 20 ਅਗਸਤ ਨੂੰ ਜ਼ਿਲ੍ਹਾ ਪੱਧਰੀ ਧਰਨੇ ਮਾਰ ਕੇ ਰੋਸ ਪ੍ਰਦਰਸ਼ਨ ਕੀਤੇ ਜਾਣਗੇੇ ਅਤੇ ਵਿਧਾਇਕਾਂ ਅਤੇ ਮੰਤਰੀਆਂ ਦੇ ਘਰਾਂ ਦਾ ਘਿਰਾਓ ਕੀਤਾ ਜਾਵੇਗਾ। ਇਸ ਉਪਰੰਤ ਸਾਂਝੇ ਫਰੰਟ ਵੱਲੋਂ ਐਲਾਨੇ ਸੰਘਰਸ਼ ਹੋਰ ਤਿੱਖੇ ਕੀਤੇ ਜਾਣਗੇ ਅਤੇ ਸਰਕਾਰ ਨੂੰ ਹੱਕੀ ਮੰਗਾਂ ਮੰਨਣ ਲਈ ਮਜ਼ਬੂਰ ਹੋਣਾ ਪਵੇਗਾ।ਹੁਸ਼ਿਆਰ ਸਿੰਘ ਖਹਿਰਾ ਅਤੇ ਗੁਰਚਰਨ ਸਿੰਘ ਨਾਗਰਾ ਨੇ ਪੈਨਸ਼ਨਰਾਂ ਪਾਸੋਂ ਕੁਲੈਕਸ਼ਨ ਕਰਕੇ ਮਾਇਕ ਰੂਪ ਵਿੱਚ ਸਹਾਇਤਾ ਕੀਤੀ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …