ਜਿਲ੍ਹੇ ਦੇ 1267 ਬੇਜ਼ਮੀਨੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਮਿਲੀ 1 ਕਰੋੜ 98 ਲੱਖ ਦੀ ਕਰਜ਼ਾ ਰਾਹਤ
ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ) -ਬੇਜ਼ਮੀਨੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦਾ ਸਹਿਕਾਰੀ ਸਭਾਵਾਂ ਦਾ ਕਰਜ਼ਾ ਪੰਜਾਬ ਸਰਕਾਰ ਵਲੋਂ ਮੁਆਫ ਕਰਨ ਦੀ
ਯੋਜਨਾ ਜਿਲ੍ਹਾ ਅੰਮ੍ਰਿਤਸਰ ਵਿੱਚ ਸ਼ੁਰੂ ਹੋ ਗਈ ਹੈ।ਜਿਸ ਤਹਿਤ ਜਿਲ੍ਹੇ ਦੀਆਂ 41 ਸੁਸਾਇਟੀਆਂ ਦੇ 1267 ਬੇਜ਼ਮੀਨੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ 1 ਕਰੋੜ 98 ਲੱਖ ਰੁਪੈ ਦੀ ਕਰਜ਼ਾ ਰਾਹਤ ਮਿਲੀ ਹੈ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਰੋਪੜ ਵਿਖੇ ਰਾਜ ਪੱਧਰੀ ਸਮਾਗਮ ਦੌਰਾਨ ਵਰਚੁਅਲ ਤਰੀਕੇ ਨਾਲ ਬੇਜ਼ਮੀਨੇ ਕਿਸਾਨ ਅਤੇ ਖੇਤ ਮਜ਼ਦੂਰਾਂ ਨੂੰ 520 ਕਰੋੜ ਕਰਜ਼ੇ ਦੀ ਰਾਹਤ ਦਿੱਤੀ ਗਈ ਹੈ।ਜਿਸ ਤਹਿਤ ਸੂਬੇ ਦੇ 2.85 ਲੱਖ ਕਿਸਾਨਾਂ ਫਾਇਦਾ ਪੁੱਜਾ ਹੈ।
ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਰਚੁਅਲ ਸਮਾਗਮ ਵਿਖੇ ਹਿੱਸਾ ਲੈਂਦਿਆਂ ਅੱਜ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਇਸ ਪਹਿਲ ਕਦਮੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸ਼ੁਰੂ ਕੀਤੀ ਗਈ ਕਰਜ਼ਾ ਰਾਹਤ ਯੋਜਨਾ ਸੂਬੇ ਦੇ ਕਿਸਾਨਾਂ ਲਈ ਲਾਭਕਾਰੀ ਰਹੀ ਹੈ।ਇਸ ਨਾਲ ਕਿਸਾਨ ਭਾਈਚਾਰੇ ਦੀਆਂ ਮੁਸ਼ਕਿਲਾਂ ਨੂੰ ਦੂਰ ਕੀਤਾ ਜਾ ਸਕੇਗਾ।
ਕੈਬਨਿਟ ਮੰਤਰੀ ਸਰਕਾਰੀਆ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ 41 ਸੁਸਾਇਟੀਆਂ ਦੇ 1267 ਬੇਜ਼ਮੀਨੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ 1 ਕਰੋੜ 98 ਲੱਖ 39 ਹਜ਼ਾਰ ਰੁਪਏ ਦੀ ਰਾਹਤ ਮਿਲੀ ਹੈ।ਉਨਾਂ ਦਸਿਆ ਕਿ ਅਜਨਾਲਾ ਦੀਆਂ 16 ਕੋਆਪ੍ਰੇਟਿਵ ਸੁਸਾਇਟੀਆਂ ਦੇ 394 ਕਿਸਾਨਾਂ ਨੂੰ 72.88 ਲੱਖ, ਅੰਮਿ੍ਰਤਸਰ ਪੂਰਬੀ ਦੀ ਇਕ ਸੁਸਾਇਟੀ ਦੇ 45 ਕਿਸਾਨਾਂ ਨੂੰ 4.13 ਲੱਖ ਰੁਪਏ, ਅੰਮ੍ਰਿਤਸਰ ਦੱਖਣੀ ਦੇ ਇਕ ਸੁਸਾਇਟੀ ਦੇ 38 ਕਿਸਾਨਾਂ ਨੂੰ 3.02 ਲੱਖ ਰੁਪਏ, ਅਟਾਰੀ ਦੀਆਂ 4 ਸੁਸਾਇਟੀਆਂ ਦੇ 103 ਕਿਸਾਨਾਂ ਨੂੰ 9.61 ਲੱਖ ਰੁਪਏ, ਜੰਡਿਆਲਾ ਦੀਆਂ 9 ਸੁਸਾਇਟੀਆਂ ਦੇ 318 ਕਿਸਾਨਾਂ ਨੂੰ 37.7 ਲੱਖ ਰੁਪਏ, ਮਜੀਠਾ ਦੇ ਇਕ ਕੋਆਪ੍ਰੇਟਿਵ ਸੁਸਾਇਟੀ ਦੇ 7 ਕਿਸਾਨਾਂ ਨੂੰ 0.26 ਲੱਖ ਰੁਪਏ ਅਤੇ ਰਾਜਾਸਾਂਸੀ ਦੇ 9 ਕੋਆਪ੍ਰੇਟਿਵ ਸੁਸਾਇਟੀਆਂ ਦੇ 362 ਕਿਸਾਨਾਂ ਨੂੰ 70.79 ਲੱਖ ਰੁਪਏ ਲਾਭਪਾਤਰੀਆਂ ਨੂੰ ਇਸ ਪੰਜਵੇ ਪੜਾਅ ਤਹਿਤ ਲਾਭ ਦਿੱਤਾ ਗਿਆ ਹੈ।
ਹਲਕਾ ਵਿਧਾਇਕ ਅਟਾਰੀ ਤਰਸੇਮ ਸਿੰਘ ਡੀ.ਸੀ, ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ, ਜ਼ਿਲਾ ਪ੍ਰੀਸ਼ਦ ਦੇ ਚੇਅਰਮੈਨ ਦਿਲਰਾਜ ਸਿੰਘ ਸਰਕਾਰੀਆ ਅਤੇ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ ਡਾ. ਭੁਪਿੰਦਰ ਸਿੰਘ ਨੇ ਸਾਂਝੇ ਤੌਰ ‘ਤੇ ਹਰੇਕ ਵਿਧਾਨ ਸਭਾ ਹਲਕੇ ਤੋਂ ਆਏ ਲਾਭਪਾਤਰੀਆਂ ਨੂੰ ਚੈਕ ਸੌਂਪਦਿਆਂ ਲਾਭਪਾਤਰੀਆਂ ਨੂੰ ਲਾਭ ਵੰਡ ਦੀ ਸੰਕੇਤਕ ਸ਼ੁਰੂਆਤ ਕੀਤੀ।
ਇਸ ਮੌਕੇ ਚੇਅਰਮੈਨ ਜੁਗਲ ਕਿਸ਼ੋਰ, ਵਧੀਕ ਡਿਪਟੀ ਕਮਿਸ਼ਨਰ ਰਣਬੀਰ ਸਿੰਘ ਮੂੱਧਲ, ਨਵਪ੍ਰੀਤ ਸਿੰਘ, ਐਮ.ਡੀ ਸਹਿਕਾਰੀ ਸਭਾਵਾਂ, ਸੰਜੀਵ ਗੌਡ ਜਿਲ੍ਹਾ ਮੈਨੇਜਰ ਕੋਆਪ੍ਰੇਟਿਵ ਸੁਸਾਇਟੀ, ਰਵਿੰਦਰ ਸਿੰਘ ਏ.ਆਰ, ਮੈਡਮ ਰਜਿੰਦਰ ਕੌਰ ਏ.ਆਰ, ਪ੍ਰਿੰਸ ਸਿੰਘ ਤੋਂ ਇਲਾਵਾ ਲਾਭਪਾਤਰੀ ਹਾਜ਼ਰ ਸਨ।
Punjab Post Daily Online Newspaper & Print Media