Wednesday, March 18, 2026

ਗੰਨੇ ਦੀ ਘੱਟ ਕੀਮਤ ਤੇ ਬਕਾਇਆ ਨਾ ਮਿਲਣ ਕਾਰਨ ਬਰਬਾਦ ਹੋ ਰਹੇ ਨੇ ਕਿਸਾਨ – ਛੀਨਾ

ਗੰਨਾ ਕਿਸਾਨਾਂ ਨੂੰ ਅਦਾਇਗੀ ਨਾ ਕਰਨ ’ਤੇ ਸੱਤਾਧਾਰੀ ਕਾਂਗਰਸ ’ਤੇ ਸਾਧਿਆ ਨਿਸ਼ਾਨਾ

ਅੰਮ੍ਰਿਤਸਰ, 22 ਅਗਸਤ (ਖੁਰਮਣੀਆਂ)- ਭਾਜਪਾ ਦੇ ਸੀਨੀਅਰ ਆਗੂ ਰਾਜਿੰਦਰ ਮੋਹਨ ਸਿੰਘ ਛੀਨਾ ਨੇ ਅੱਜ ਪੰਜਾਬ ’ਚ ਸੱਤਾਧਾਰੀ ਕਾਂਗਰਸ ’ਤੇ ਪੰਜਾਬ ’ਚ ਗੰਨੇ ਦੀਆਂ ਕੀਮਤਾਂ ’ਚ ਭਾਰੀ ਕਮੀ, ਗੰਨਾ ਉਤਪਾਦਕਾਂ ਦਾ ਬਕਾਇਆ ਨਾ ਅਦਾ ਕਰਨ ’ਤੇ ਨਿਸ਼ਾਨਾ ਸਾਧਿਆ ਅਤੇ ਇਸ ਮੁੱਦੇ ’ਤੇ ਕਿਸਾਨੀ ਪ੍ਰਦਰਸ਼ਨ ਨੂੰ ਜਾਇਜ਼ ਠਹਿਰਾਇਆ।ਉਨ੍ਹਾਂ ਕਿਹਾ ਕਿ ਪੰਜਾਬ ਫਸਲ ਲਈ 310 ਰੁਪਏ ਪ੍ਰਤੀ ਕੁਇੰਟਲ ਅਦਾ ਕਰ ਰਿਹਾ ਸੀ, ਜਦੋਂ ਕਿ ਗੁਆਂਢੀ ਰਾਜ ਹਰਿਆਣਾ 383 ਰੁਪਏ ਦੇ ਰਿਹਾ ਹੈ ਅਤੇ ਉਨ੍ਹਾਂ ਨੇ ਗੰਨੇ ਦੀ ਘੱਟ ਤੋਂ ਘੱਟ ਕੀਮਤ 400 ਰੁਪਏ ਨਿਸ਼ਚਿਤ ਕਰਨ ਦੀ ਮੰਗ ਕੀਤੀ।
               ਉਨ੍ਹਾਂ ਕਿਹਾ ਕਿ ਗੰਨੇ ਦੀ ਘੱਟ ਕੀਮਤਾਂ ਕਾਰਨ ਕਿਸਾਨਾਂ ਦੀ ਪੰਜਾਬ ’ਚ ਤਰਸਯੋਗ ਹਾਲਤ ਹੈ।ਕੇਂਦਰ ਸਰਕਾਰ ਹਰ ਸਾਲ ਕੀਮਤਾਂ ’ਚ ਵਾਧਾ ਕਰ ਰਹੀ ਸੀ, ਪੰਜਾਬ ਰਾਜ ਨੇ 2017 ਤੋਂ ਕੀਮਤਾਂ ’ਚ ਵਾਧਾ ਨਹੀਂ ਕੀਤਾ ਗਿਆ ਹੈ। ਇਸ ਦੇ ਇਲਾਵਾ ਕਿਸਾਨਾਂ ਦਾ ਬਕਾਇਆ ਬਾਕੀ ਹੈ, ਉਨ੍ਹਾਂ ਨੂੰ ਬਰਬਾਦ ਕੀਤਾ ਜਾ ਰਿਹਾ ਹੈ।ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ 1.8 ਲੱਖ ਤੋਂ ਜਿਆਦਾ ਕਿਸਾਨ ਸੜਕਾਂ ’ਤੇ ਹਨ।ਉਨ੍ਹਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਪਿਛਲੇ ਕਈ ਸਾਲਾਂ ਤੋਂ ਕੀਮਤਾਂ ਨਾ ਵਧਾ ਕੇ ਨਿੱਜੀ ਮਿੱਲਾਂ ਨੂੰ ਫਾਇਦਾ ਪਹੁੰਚਾਣ ਦਾ ਦੋਸ਼ ਵੀ ਲਗਾਇਆ ।
               ਉਨ੍ਹਾਂ ਕਿਹਾ ਕਿ ਕੀਮਤ ਬਦਲਾਅ ਨੂੰ ਪ੍ਰਭਾਵਿਤ ਕਰਨ ਵਾਲੇ ਨਿੱਜੀ ਮਿੱਲ ਮਾਲਕਾਂ ਦੇ ਨਾਲ ਵਰਤਮਾਨ ਸ਼ਾਸਨ ਦੀ ਸਪੱਸ਼ਟ ਤੌਰ ’ਤੇ ਭਾਈਵਾਲੀ ਹੈ।ਕਿਸਾਨਾਂ ਦਾ ਬਾਕੀ 200 ਕਰੋੜ ਤੋਂ ਜਿਆਦਾ ਹੋ ਗਿਆ ਹੈ। ਸਰਕਾਰ ਕਿਸਾਨਾਂ ਦੀ ਬਕਾਇਆ ਰਕਮ ਅਦਾ ਕਰਨ ’ਚ ਅਸਫਲ ਸਾਬਤ ਹੋਈ ਹੈ।ਉਨਾਂ ਕਿਹਾ ਕਿ ਹੋਰ ਸੂਬੇ ਅਤੇ ਕੇਂਦਰ ਜਿਆਦਾ ਕੀਮਤਾਂ ਦੀ ਪੇਸ਼ਕਸ਼ ਕਰ ਰਹੇ ਹਨ।ਜੇਕਰ ਹਰਿਆਣਾ ਕਿਸਾਨਾਂ ਦਾ ਸਾਰਾ ਬਕਾਇਆ ਅਦਾ ਕਰ ਸਕਦਾ ਹੈ ਤਾਂ ਪੰਜਾਬ ਦੀ ਸਰਕਾਰ ਕਿਉ ਨਹੀਂ?
             ਉਨ੍ਹਾਂ ਕਿਹਾ ਕਿ ਰਾਜ ’ਚ 16 ਖੰਡ ਮਿੱਲਾਂ ਹਨ ਜਿਨ੍ਹਾਂ ’ਚੋਂ 7 ਸਰਕਾਰੀ ਖੇਤਰ ’ਚ ਹਨ, ਜਦਕਿ ਬਾਕੀ 9 ਨਿੱਜੀ ਹਨ।ਗੰਨੇ ਦੀ ਖੇਤੀ ਦਾ ਰਕਬਾ 2017 ’ਚ 96000 ਏਕੜ ਤੋਂ ਵਧ ਕੇ 2021 ’ਚ 200000 ਏਕੜ ਹੋ ਗਿਆ ਹੈ, ਸਰਕਾਰ ਕੋਲ ਹਾਲਤ ਨਾਲ ਨਜਿੱਠਣ ਲਈ ਹੁਣ ਤੱਕ ਕੋਈ ਯੋਜਨਾ ਨਹੀਂ ਹੈ।ਨਿੱਜੀ ਅਤੇ ਸਰਕਾਰੀ ਦੋਵੇਂ ਮਿੱਲਾਂ ’ਤੇ ਗੰਨਾ ਕਿਸਾਨਾਂ ਦਾ ਕਰੋੜਾਂ ਰੁਪਏ ਬਕਾਇਆ ਹੈ ।
                 ਇਸ ਦੇ ਇਲਾਵਾ ਗੰਨੇ ਦੀ ਕੋਈ ਨਵੀਂ ਕਿਸਮ ਵਿਕਸਿਤ ਨਹੀਂ ਕੀਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਮਿੱਲਾਂ ਦੀ ਪਿੜਾਈ ਸਮਰੱਥਾ ਨਹੀਂ ਵਧਾਈ ਜਾ ਰਹੀ ਹੈ, ਮਿੱਲਾਂ ਪੁਰਾਣੀਆਂ ਹਨ, ਕਰਮਚਾਰੀਆਂ ਦੀ ਘਾਟ ਹੈ।ਸਹਿਕਾਰੀ ਵਿਭਾਗ ’ਚ ਵੱਡੇ ਪੈਮਾਨੇ ’ਤੇ ਭ੍ਰਿਸ਼ਟਾਚਾਰ ਅਤੇ ਵਿਕਰੀ ਤੋਂ ਵਸੂਲੀ ਘੱਟ ਹੈ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …