ਸਫਾਈ ਕਮਿਸ਼ਨ ਵਲੋਂ ਸਮੱਸਿਆਵਾਂ ਸਬੰਧੀ ਮੇਅਰ ਤੇ ਕਾਰਜਸਾਧਕ ਅਫਸਰਾਂ ਨਾਲ ਮੀਟਿੰਗ
ਕਪੂਰਥਲਾ, 3 ਸਤੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਰਾਜ ਸਫਾਈ ਕਮਿਸ਼ਨ ਦੇ ਚੇਅਰਮੈਨ ਗੇਜਾ ਰਾਮ ਨੇ ਕਿਹਾ ਹੈ ਕਿ ਵੱਖ-ਵੱਖ ਨਗਰ ਨਿਗਮਾਂ ਅਤੇ ਨਗਰ
ਕੌਸਲਾਂ ਵਿੱਚ ਸਫਾਈ ਕਰਮੀਆਂ ਦੀ ਹੋਰ ਭਰਤੀ ਕਰਕੇ ਸਫਾਈ ਵਿਵਸਥਾ ਨੂੰ ਜਲਦ ਹੋਰ ਬੇਹਤਰੀਨ ਕੀਤਾ ਜਾਵੇਗਾ।
ਨਗਰ ਨਿਗਮ ਕਪੂਰਥਲਾ ਵਿਖੇ ਸਫਾਈ ਕਰਮੀਆਂ ਦੀਆਂ ਸਮੱਸਿਆਵਾਂ ਸਬੰਧੀ ਨਗਰ ਨਿਗਮ ਕਪੂਰਥਲਾ, ਨਗਰ ਨਿਗਮ ਫਗਵਾੜਾ ਦੇ ਕਮਿਸ਼ਨਰ ਰਾਜੀਵ ਵਰਮਾ ਅਤੇ ਨਗਰ ਨਿਗਮ ਕਪੂਰਥਲਾ ਦੇ ਮੇਅਰ ਸ੍ਰੀਮਤੀ ਕੁਲਵੰਤ ਕੌਰ, ਡਿਪਟੀ ਮੇਅਰ ਵਿਨੋਦ ਸੂਦ, ਨਗਰ ਕੌਸਲਾਂ ਦੇ ਕਾਰਜਸਾਧਕ ਅਫਸਰਾਂ ਨਾਲ ਮੀਟਿੰਗ ਦੌਰਾਨ ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਫਾਈ ਕਮਿਸ਼ਨ ਦੀ ਮੰਗ ਅਨੁਸਾਰ ਸਫਾਈ ਸੇਵਕਾਂ ਨੂੰ ਜਲਦ ਪੱਕੇ ਕੀਤਾ ਜਾਵੇਗਾ।
ਉਨਾਂ ਕੁੱਝ ਇੱਕ ਨਗਰ ਕੌਸਲਾਂ ਵਿੱਚ ਸਫਾਈ ਕਰਮੀਆਂ ਕੋਲੋ ਉਨਾਂ ਦੀ ਡਿਊਟੀ ਤੋਂ ਇਲਾਵਾ ਹੋਰ ਕੰਮ ਲਏ ਜਾਣ ਦੇ ਮਸਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਅਧਿਕਾਰੀਆਂ ਨੂੰ ਕਿਹਾ ਕਿ ਅਜਿਹਾ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਕਮਿਸ਼ਨ ਵਲੋਂ ਸਖਤ ਕਾਰਵਾਈ ਅਮਲ ਵਿਚ ਲਿਆਈ ਜਾਵੇਗੀ।
ਸੀਵਰਮੈਨਾਂ ਦੀਆਂ ਸਮੱਸਿਆਵਾਂ ਸੁਣਨ ਮੌਕੇ ਉਨਾਂ ਨਗਰ ਨਿਗਮਾਂ ਅਤੇ ਨਗਰ ਕੌਸਲਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸੀਵਰਮੈਨਾਂ ਦੀ ਜਾਨ ਮਾਲ ਦੀ ਰਾਖੀ ਲਈ ਉਨਾਂ ਨੂੰ ਸੁਰੱਖਿਆ ਕਿੱਟਾਂ ਜਲਦ ਤੋਂ ਜਲਦ ਮੁਹੱਈਆ ਕਰਵਾਈਆ ਜਾਣ।
ਇਸ ਤੋਂ ਇਲਾਵਾ ਜਿਨ੍ਹਾਂ ਸਥਾਨਕ ਸਰਕਾਰਾਂ ਕੋਲ ਸਾਫ ਸਫਾਈ ਦੀ ਮਸ਼ੀਨਰੀ ਦੀ ਘਾਟ ਹੈ ਉਨਾਂ ਨੂੰ ਹਦਾਇਤ ਕੀਤੀ ਕਿ ਉਹ ਨਵੀਂ ਮਸ਼ੀਨਰੀ ਦੀ ਖਰੀਦ ਲਈ ਤੁਰੰਤ ਕਾਰਵਾਈ ਅਮਲ ਵਿਚ ਲਿਆਉਣ।
ਇਸ ਮੌਕੇ ਐਸ.ਡੀ.ਐਮ ਜੈ ਇੰਦਰ ਸਿੰਘ ਤੋਂ ਇਲਾਵਾ, ਕਾਰਜਸਾਧਕ ਅਫਸਰ ਭੁਲੱਥ ਚਰਨਦਾਸ, ਕਾਰਜ ਸਾਧਕ ਅਫਸਰ ਸੁਲਤਾਨਪੁਰ ਕਮਲਜੀਤ ਸਿੰਘ, ਕਪੂਰਥਲਾ ਨਗਰ ਨਿਗਮ ਦੇ ਸਿਹਤ ਅਫਸਰ ਰਾਜ ਕਮਲ ਹਾਜ਼ਰ ਸਨ।
Punjab Post Daily Online Newspaper & Print Media