ਪ੍ਰਤੀ ਮਹੀਨਾ 300 ਕਿਲੋ ਕੂੜੇ ਤੋਂ ਤਿਆਰ ਕੀਤੀ ਜਾ ਰਹੀ ਹੈ ਪੋਸ਼ਟਿਕ ਖਾਦ
ਨਵਾਂਸ਼ਹਿਰ, 7 ਸਤੰਬਰ (ਪੰਜਾਬ ਪੋਸਟ ਬਿਊਰੋ) – ਠੋਸ ਅਤੇ ਗਿੱਲੇ ਕੂੜੇ ਦੇ ਸੁਚੱਜੇ ਪ੍ਰਬੰਧਨ ਨਾਲ ਜ਼ਿਲ੍ਹੇ ਦੇ ਪਿੰਡ ਕਰਿਆਮ ਨੇ ਇਕ ਮਿਸਾਲ ਕਾਇਮ ਕੀਤੀ ਹੈ।ਇਸ ਪਿੰਡ ਨੇ ਓ.ਡੀ.ਐਫ ਦਰਜੇ
ਨੂੰ ਕਾਇਮ ਰੱਖਣ ਵੱਲ ਵੀ ਕਦਮ ਵਧਾਇਆ ਹੈ।ਕਰਿਆਮ ਪਿੰਡ ਵਿੱਚ ਕੀਤੀਆਂ ਗਈਆਂ ਪਹਿਲਕਦਮੀਆਂ ਸਵੱਛ ਭਾਰਤ ਮਿਸ਼ਨ ਗ੍ਰਾਮੀਣ ਮੁਹਿੰਮ ਦੇ ਦੂਜੇ ਪੜਾਅ ਦੇ ਦਿਸ਼ਾ ਨਿਰਦੇਸਾਂ ਨੂੰ ਧਿਆਨ ਵਿੱਚ ਰੱਖਦਿਆਂ ਕੀਤੀਆਂ ਗਈਆਂ ਹਨ।
ਠੋਸ ਕੂੜੇ ਦੇ ਸੁਚੱਜੇ ਪ੍ਰਬੰਧਨ ਦਾ ਕੰਮ ਪਿੰਡ ਵਿਚ ਪਿਛਲੇ ਸਾਲ ਸ਼ੁਰੂ ਕੀਤਾ ਗਿਆ ਸੀ।ਇਸ ਮਕਸਦ ਲਈ ਉਪ ਮੰਡਲ ਇੰਜੀਨੀਅਰ (ਸੈਨੀਟੇਸ਼ਨ) ਹਰਦੀਪ ਸਿੰਘ ਨੇ ਪਿੰਡ ਦੇ ਲੋਕਾਂ ਅਤੇ ਗ੍ਰਾਮ ਪੰਚਾਇਤ ਨਾਲ ਮੁਲਾਕਾਤ ਕੀਤੀ ਅਤੇ ਸਵੱਛਤਾ ਮੁਹਿੰਮ ਸ਼ੁਰੂ ਕਰਨ ਤੋਂ ਬਾਅਦ ਕੂੜੇ ਦੇ ਵੱਡੇ ਢੇਰਾਂ ਦੇ ਪ੍ਰਬੰਧਨ ਲਈ ਕਦਮ ਚੁੱਕਣ ਦਾ ਫੈਸਲਾ ਕੀਤਾ ਸੀ। ਇਸ ਮੁੱਦੇ ਨੂੰ ਛੇਤੀ ਤੋਂ ਛੇਤੀ ਹੱਲ ਕਰਨ ਲਈ ਉਨ੍ਹਾਂ ਨੇ ਸਰਪੰਚ ਦਿਲਬਾਗ ਸਿੰਘ ਅਤੇ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਰਾਜੇਸ਼ ਚੱਢਾ ਨਾਲ ਵਿਚਾਰ-ਵਟਾਂਦਰਾ ਕੀਤਾ।ਸਵੱਛ ਭਾਰਤ ਮਿਸ਼ਨ ਗ੍ਰਾਮੀਣ ਮੁਹਿੰਮ ਦੇ ਦੂਜੇ ਪੜਾਅ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਇੱਕ ਠੋਸ ਕੂੜਾ-ਕਰਕਟ ਪ੍ਰਬੰਧਨ ਇਕਾਈ ਲਗਾਈ ਗਈ।ਸਭ ਤੋਂ ਪਹਿਲਾਂ ਪਿੰਡ ਦੇ ਨੇੜੇ ਜ਼ਮੀਨ ਲਈ ਗਈ।30 ਅਪ੍ਰੈਲ, 2021 ਨੂੰ ਪਲਾਂਟ ਕਾਰਜ਼ਸੀਲ ਹੋ ਚੁੱਕਾ ਹੈ।ਇਸ ਪਲਾਂਟ ਲਈ ਸਥਾਪਤ ਕੀਤੇ 3 ਟੋਇਆਂ ਵਿਚੋਂ ਹਰੇਕ ਟੋਏ ਦੀ ਲੰਬਾਈ 11.3 ਫੁੱਟ, ਚੌੜਾਈ 4.3 ਫੁੱਟ ਅਤੇ ਡੂੰਘਾਈ 4 ਫੁੱਟ ਹੈ ਜੋ ਕਿ 168 ਵਰਗ ਮੀਟਰ ਖੇਤਰ ਵਿੱਚ ਬਣਾਏ ਗਏ ਹਨ।ਇਹ ਪਲਾਂਟ 645 ਪਰਿਵਾਰਾਂ ਦੇ 3265 ਵਿਅਕਤੀਆਂ ਦੀ ਆਬਾਦੀ ਨੂੰ ਕਵਰ ਕਰਦਾ ਹੈ।ਇਸ ਦੇ ਨਿਰਮਾਣ ਅਤੇ ਸੰਚਾਲਨ ਦੀ ਲਾਗਤ 6 ਲੱਖ ਰੁਪਏ ਹੈ, ਜੋ ਮਗਨਰੇਗਾ ਅਤੇ 14ਵੇਂ ਤੇ 15ਵੇਂ ਵਿੱਤ ਕਮਿਸ਼ਨ ਦੀਆਂ ਗ੍ਰਾਂਟਾਂ ਤੋਂ ਪ੍ਰਾਪਤ ਕੀਤੀ ਗਈ ਹੈ।
ਇਸ ਪਲਾਂਟ ਦੀ ਸਫਲਤਾ ਲਈ ਲੋਕਾਂ ‘ਚ ਜਾਗਰੂਕਤਾ ਪੈਦਾ ਕਰਨ ਲਈ ਪੰਚਾਇਤ ਘਰ ਵਿਖੇ ਦੋ ਮੀਟਿੰਗਾਂ ਕੀਤੀਆਂ ਗਈਆਂ ।ਹਰੇਕ ਘਰ ਨੂੰ ਕੂੜਾ ਸੁੱਟਣ ਲਈ ਦੋ ਕੂੜੇਦਾਨ ਦਿੱਤੇ ਗਏ।ਸੁੱਕੇ ਜਾਂ ਨਾ-ਗਲਣਯੋਗ ਕੂੜੇ ਲਈ ਨੀਲਾ ਕੂੜਾਦਾਨ ਅਤੇ ਗਿੱਲੇ ਜਾਂ ਗਲਣਯੋਗ ਕੂੜੇ ਲਈ ਹਰਾ ਕੂੜਾਦਾਨ ਦਿੱਤਾ ਗਿਆ।
ਕੁੱਝ ਲੋਕ ਕੂੜਾ ਇਕੱਠਾ ਕਰਨ ਲਈ ਮਾਮੂਲੀ ਖਰਚਾ ਅਦਾ ਕਰਨ ਲਈ ਤਿਆਰ ਨਹੀਂ ਸਨ।ਜਦੋਂ ਇਹ ਮਾਮਲਾ ਡਿਪਟੀ ਕਮਿਸਨਰ ਡਾ. ਸ਼ੀਨਾ ਅਗਰਵਾਲ ਦੇ ਧਿਆਨ ਵਿੱਚ ਲਿਆਂਦਾ ਗਿਆ ਤਾਂ ਉਨ੍ਹਾਂ ਨੇ ਘਰ-ਘਰ ਜਾ ਕੇ ਲੋਕਾਂ ਨਾਲ ਮੁਲਾਕਾਤ ਕਰਨ ਸਬੰਧੀ ਤੁਰੰਤ ਕਦਮ ਚੁੱਕੇ ਤੇ ਪਲਾਂਟ ਦੇਖਣ ਲਈ ਅਧਿਕਾਰੀਆਂ ਦੀ ਨਿਯੁੱਕਤੀ ਕੀਤੀ।
ਮੌਜ਼ੂਦਾ ਸਮੇਂ 65 ਫੀਸਦੀ ਪਰਿਵਾਰ ਵਿੱਤੀ ਯੋਗਦਾਨ ਅਤੇ ਕੂੜੇ ਨੂੰ ਵੱਖੋ-ਵੱਖ ਕਰਨ ਜ਼ਰੀਏ ਯੋਜਨਾ ਵਿੱਚ ਸਰਗਰਮੀ ਨਾਲ ਯੋਗਦਾਨ ਪਾ ਰਹੇ ਹਨ।
ਵੇਸਟ ਕੁਲੈਕਟਰ ਤਰਸੇਮ ਲਾਲ ਅਤੇ ਉਨ੍ਹਾਂ ਦੀ ਪਤਨੀ ਕਮਲਜੀਤ ਕੌਰ ਨੇ ਆਪਣੇ ਪਿੰਡ ਨੂੰ ਸਾਫ ਸੁਥਰਾ ਬਣਾਉਣ ਦੀ ਸਹੁੰ ਚੁੱਕੀ ਹੈ।ਔਸਤਨ ਲਗਭਗ 300 ਕਿਲੋ ਕੂੜਾ ਪ੍ਰਤੀ ਮਹੀਨਾ ਪੈਦਾ ਹੁੰਦਾ ਹੈ।ਲਗਭਗ 3 ਹਫਤਿਆਂ ਬਾਅਦ ਇਹ ਪੌਸ਼ਟਿਕ ਖਾਦ ਵਿੱਚ ਬਦਲ ਜਾਂਦਾ ਹੈ।
ਗ੍ਰਾਮ ਪੰਚਾਇਤ ਪਲਾਂਟ ਦੀ ਸਾਂਭ-ਸੰਭਾਲ ਨੂੰ ਯਕੀਨੀ ਬਣਾਉਣ ਲਈ ਸੰਚਾਲਨ ਅਤੇ ਰੱਖ-ਰਖਾਅ ਦੀ ਨਿਗਰਾਨੀ ਕਰਦੀ ਹੈ।ਪਲਾਂਟ ਵਿਚ ਜੋ ਖਾਦ ਤਿਆਰ ਕੀਤੀ ਜਾ ਰਹੀ ਹੈ ਉਹ ਅਗਲੇ ਮਹੀਨੇ ਵਿਕਰੀ ਲਈ ਤਿਆਰ ਹੋ ਜਾਵੇਗੀ।ਜਿਸ ਨਾਲ ਗ੍ਰਾਮ ਪੰਚਾਇਤ ਨੂੰ ਕੁੱਝ ਮਾਲੀਆ ਵੀ ਮਿਲੇਗਾ।ਇਸ ਵਿਚੋਂ ਕੁੱਝ ਕਿਚਨ ਗਾਰਡਨ ਅਤੇ ਖੇਤੀਬਾੜੀ ਦੇ ਉਦੇਸ਼ਾਂ ਲਈ ਵੀ ਵਰਤੀ ਜਾਵੇਗੀ।ਦੂਜੇ ਪਾਸੇ ਸੁੱਕਾ ਕੂੜਾ ਮੁੜ ਵਰਤੋਂ ਲਈ ਵੇਚਿਆ ਜਾਂਦਾ ਹੈ।
Punjab Post Daily Online Newspaper & Print Media