ਨਵਾਂਸ਼ਹਿਰ, 10 ਸਤੰਬਰ (ਪੰਜਾਬ ਪੋਸਟ ਬਿਊਰੋ) – ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਨੌਜਵਾਨਾਂ ਨੂੰ ਨੌਕਰੀਆਂ ਦੇ ਬਿਹਤਰ ਮੌਕਿਆਂ ਦੇ ਸਮਰੱਥ ਬਣਾਉਣ ਲਈ ਜਿਥੇ ਸੱਤਵੇਂ
ਮੈਗਾ ਰੋਜ਼ਗਾਰ ਮੇਲੇ ਦਾ ਸ਼ੁੱਭ ਆਰੰਭ ਕੀਤਾ, ਉਥੇ ਆਸਲ ਉਤਾੜ (ਤਰਨ ਤਾਰਨ) ਵਿਖੇ ਸੀ-ਪਾਈਟ ਕੇਂਦਰ ਦਾ ਨੀਂਹ ਪੱਥਰ ਰੱਖਣ ਤੋਂ ਇਲਾਵਾ ਸਰਕਾਰੀ ਭਰਤੀ ਪ੍ਰੀਖਿਆਵਾਂ ਲਈ ਮੁਫ਼ਤ ਆਨਲਾਈਨ ਕੋਚਿੰਗ ਅਤੇ ‘ਮੇਰਾ ਕੰਮ ਮੇਰਾ ਮਾਣ’ ਸਕੀਮਾਂ ਦੀ ਵਰਚੁਅਲ ਤੌਰ ’ਤੇ ਸ਼ੁਰੂਆਤ ਕੀਤੀ ਗਈ।
ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿਚ ਵੀ ਵੱਖ-ਵੱਖ ਥਾਵਾਂ ਨੂੰ ਇਸ ਵਰਚੁਅਲ ਸਮਾਗਮ ਨਾਲ ਆਨਲਾਈਨ ਜੋੜਿਆ ਗਿਆ, ਜਿਥੇ ਸਬੰਧਤ ਇਲਾਕਿਆਂ ਦੇ ਮੋਹਤਬਰਾਂ ਤੋਂ ਇਲਾਵਾ ਅਧਿਕਾਰੀਆਂ ਅਤੇ ਹੋਰਨਾਂ ਸ਼ਖਸੀਅਤਾਂ ਨੇ ਸ਼ਮੂਲੀਅਤ ਕੀਤੀ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਹੋਰਨਾਂ ਅਧਿਕਾਰੀਆਂ ਸਮੇਤ ਇਸ ਸਮਾਰੋਹ ਵਿਚ ਵਰਚੁਅਲ ਤੌਰ ’ਤੇ ਸ਼ਿਰਕਤ ਕੀਤੀ।ਇਸ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰੋਜ਼ਗਾਰ ਮੇਲਿਆਂ ਤੋਂ ਇਲਾਵਾ ਸ਼ੁਰੂ ਕੀਤੇ ਗਏ ਨਵੇਂ ਪ੍ਰਾਜੈਕਟਾਂ ਅਤੇ ਸਕੀਮਾਂ ਨਾਲ ਨੌਜਵਾਨਾਂ ਲਈ ਵੱਡੀ ਪੱਧਰ ’ਤੇ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ, ਜਿਸ ਨਾਲ ਉਹ ਆਪਣੇ ਪੈਰਾਂ ’ਤੇ ਖੜ੍ਹੇ ਹੋ ਕੇ ਨਰੋਏ ਸਮਾਜ ਦੀ ਸਿਰਜਣਾ ਵਿਚ ਆਪਣਾ ਯੋਗਦਾਨ ਪਾ ਸਕਣਗੇ।
ਉਨ੍ਹਾਂ ਜ਼ਿਲ੍ਹੇ ਵਿਚ ‘ਮੇਰਾ ਕੰਮ ਮੇਰਾ ਮਾਣ’ ਸਕੀਮ ਦਾ ਸ਼ੁੱਭ ਆਰੰਭ ਕਰਦਿਆਂ ਲਾਭਪਾਤਰੀਆਂ ਨੂੰ ਟ੍ਰੇਨਿੰਗ ਕਿੱਟਾਂ ਦੀ ਵੰਡ ਕੀਤੀ ਗਈ।ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਲਾਭਪਾਤਰੀਆਂ ਨੂੰ ਰਿਹਾਇਸ਼ੀ ਸਕਿੱਲ ਸੈਂਟਰਾਂ ਵਿਖੇ ਮੁਫ਼ਤ ਸਿਖਲਾਈ, ਰਿਹਾਇਸ਼, ਕਿਤਾਬਾਂ, ਖਾਣੇ ਤੋਂ ਇਲਾਵਾ 2500 ਰੁਪਏ ਪ੍ਰਤੀ ਮਹੀਨਾ ਵਜੀਫ਼ਾ ਇਕ ਸਾਲ ਲਈ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਟ੍ਰੇਨਿੰਗ ਤੋਂ ਬਾਅਦ ਉਨ੍ਹਾਂ ਲਈ ਨੌਕਰੀ ਦਾ ਵੀ ਪ੍ਰਬੰਧ ਕੀਤਾ ਜਾਵੇਗਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਜਸਬੀਰ ਸਿੰਘ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਹਰਦੇਵ ਸਿੰਘ ਆਸੀ, ਪੰਜਾਬ ਹੁਨਰ ਵਿਕਾਸ ਮਿਸ਼ਨ ਤੋਂ ਰਾਜ ਕੁਮਾਰ ਅਤੇ ਜਿੰਨੀ, ਸੀ-ਪਾਈਟ ਦੇ ਇੰਚਾਰਜ ਨਿਰਮਲ ਸਿੰਘ, ਲਖਵੀਰ ਸਿੰਘ ਤੇ ਹੋਰ ਅਧਿਕਾਰੀ ਹਾਜ਼ਰ ਸਨ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …
Punjab Post Daily Online Newspaper & Print Media