Wednesday, September 30, 2026

ਗਰਭਵਤੀ ਔਰਤਾਂ ਦੀ ਮੁਫ਼ਤ ਡਾਕਟਰੀ ਜਾਂਚ ਲਈ ਲਗਾਏ ਵਿਸ਼ੇਸ਼ ਕੈਂਪ

ਡਾਕਟਰੀ ਜਾਂਚ ਦੇ ਨਾਲ ਪੋਸ਼ਟਿਕ ਖੁਰਾਕ ਵੀ ਜ਼ਰੂਰੀ – ਸਿਵਲ ਸਰਜਨ

ਸੰਗਰੂਰ, 10 ਸਤੰਬਰ (ਜਗਸੀਰ ਲੌਂਗੋਵਾਲ) – ਸਿਵਲ ਸਰਜਨ ਸੰਗਰੂਰ ਡਾ. ਅੰਜ਼ਨਾ ਗੁਪਤਾ ਨੇ ਦੱਸਿਆ ਕਿ ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਹਰ ਮਹੀਨੇ ਵਾਂਗ ਇਸ ਵਾਰ ਵੀ ਸੁਰੱਖਿਅਤ ਮਾਤ੍ਰਿਤਵ ਅਭਿਆਨ ਤਹਿਤ ਸਿਹਤ ਵਿਭਾਗ ਵਲੋਂ ਸਰਕਾਰੀ ਹਸਪਤਾਲਾਂ ਵਿੱਚ ਦੂਜੀ ਅਤੇ ਤੀਜੀ ਤਿਮਾਹੀ ਵਾਲੀਆਂ ਗਰਭਵਤੀ ਔਰਤਾਂ ਦੇ ਡਾਕਟਰੀ ਚੈਕਅੱਪ ਲਈ ਵਿਸ਼ੇਸ ਕੈਂਪ ਲਗਾਏ ਗਏ।ਇਸ ਅਭਿਆਨ ਤਹਿਤ ਡਾਕਟਰੀ ਚੈਕਅੱਪ ਦੇ ਨਾਲ-ਨਾਲ ਲੋਂੜੀਂਦੇ ਲੈਬਾਰਟਰੀ ਟੈਸਟ ਵੀ ਕੀਤੇ ਜਾਂਦੇ ਹਨ।
             ਸਿਵਲ ਸਰਜਨ ਨੇ ਦੱਸਿਆ ਕਿ ਬਲੱਡ ਪ੍ਰੈਸ਼ਰ, ਖੂਨ ਦੀ ਜਾਂਚ, ਐਚ.ਆਈ.ਵੀ ਟੈਸਟ, ਸ਼ੂਗਰ, ਥਾਇਰਾਇਡ ਰੋਗ ਤੇ ਹੋਰ ਲੱਛਣਾਂ ਦੀ ਜਾਂਚ ਕੀਤੀ ਗਈ ਅਤੇ ਗਰਭਵਤੀ ਔਰਤਾਂ ਨੂੰ ਸਰੀਰ ਵਿੱਚ ਖੂਨ ਦੀ ਕਮੀ ਪੂਰੀ ਕਰਨ ਲਈ ਹਰੀਆਂ ਪੱਤੇਦਾਰ ਸਬਜ਼ੀਆਂ, ਫਲ-ਫਰੂਟ, ਆਇਓਡੀਨ-ਯੁਕਤ ਨਮਕ ਦੀ ਵਰਤੋਂ ਕਰਨ, ਦੁੱਧ, ਦਹੀਂ, ਪਨੀਰ ਅਤੇ ਅੰਡੇ ਦੀ ਵਰਤੋਂ ਕਰਨ ਲਈ ਦੱਸਿਆ ਗਿਆ ਤਾਂ ਜੋ ਜਣੇਪੇ ਸਮੇਂ ਜੱਚਾ-ਬੱਚਾ ਦੋਵੇਂ ਤੰਦਰੁਸਤ ਰਹਿ ਸਕਣ। ਉਨ੍ਹਾਂ ਕਿਹਾ ਕਿ ਅਜਿਹੇ ਕੈਂਪਾਂ ਦਾ ਮਕਸਦ ਗਰਭਵਤੀ ਔਰਤਾਂ ਦੀ ਡਾਕਟਰੀ ਜਾਂਚ ਕਰਕੇ ਖਤਰੇ ਵਾਲੇ ਜਣੇਪਿਆਂ ਜਿਵੇਂ ਬਲੱਡ ਪ੍ਰੈਸ਼ਰ ਦਾ ਵਧਣਾ, ਖੂਨ ਦਾ ਘੱਟ ਹੋਣਾ, ਸ਼ੂਗਰ, ਥਾਈਰਾਇਡ ਰੋਗ ਆਦਿ ਦੀ ਭਾਲ ਕਰਕੇ ਸਮੇਂ ਸਿਰ ਇਲਾਜ਼ ਕਰਨਾ ਹੈ ਤਾਂ ਜੋ ਗਰਭ ਅਵਸਥਾ ਦੌਰਾਨ ਹੋਣ ਵਾਲੀਆਂ ਮਾਵਾਂ ਦੀ ਮੌਤਾਂ ਨੂੰ ਘਟਾਇਆ ਜਾ ਸਕੇ।ਉਨ੍ਹਾਂ ਕਿਹਾ ਕਿ ਕੋਵਿਡ ਮਹਾਂਮਾਰੀ ਦੇ ਚੱਲਦਿਆਂ ਗਰਭਵਤੀ ਔਰਤਾਂ ਘਰ ਬੈਠੇ ਈ-ਸੰਜੀਵਨੀ ਓ.ਪੀ.ਡੀ ਰਾਹੀ ਵੀ ਮਾਹਿਰ ਡਾਕਟਰਾਂ ਦੀ ਸਲਾਹ ਲੈ ਸਕਦੀਆਂ ਹਨ।
              ਜ਼ਿਲ੍ਹਾ ਹਸਪਤਾਲ ਸੰਗਰੂਰ ਵਿਖੇ ਮੈਡੀਕਲ ਅਫ਼ਸਰ ਡਾ. ਅਮਨਪ੍ਰੀਤ ਕੌਰ ਖੰਗੂੜਾ ਵਲੋਂ ਗਰਭਵਤੀ ਔਰਤਾਂ ਦਾ ਚੈਕਅੱਪ ਕੀਤਾ ਗਿਆ।ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਵਿਨੀਤ ਨਾਗਪਾਲ ਵਲੋਂ ਸਿਵਲ ਹਸਪਤਾਲ ਸੁਨਾਮ ਵਿੱਚ ਲਗਾਏ ਕੈਂਪ ਦਾ ਨਿਰੀਖਣ ਕੀਤਾ ਗਿਆ। ਡਾ. ਵਿਨੀਤ ਨਾਗਪਾਲ ਵਲੋਂ ਕੈਂਪ ਵਿੱਚ ਹਾਜ਼ਰ ਗਰਭਵਤੀ ਮਾਵਾਂ ਨੂੰ ਕਰੋਨਾ ਵੈਕਸੀਨ ਦੇ ਨਾਲ ਨਾਲ ਪੋਸ਼ਣ ਮਾਹ ਸਬੰਧੀ ਵੀ ਜਾਗਰੂਕ ਕੀਤਾ ਗਿਆ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …