ਬਹੁ-ਵਿਕਲਪੀ ਪੈਟਰਨ ਅਨੁਸਾਰ ਹਨ ਸਾਰੀਆਂ ਹੀ ਜਮਾਤਾਂ ਦੇ ਪ੍ਰਸ਼ਨ ਪੱਤਰ
ਪਠਾਨਕੋਟ, 14 ਸਤੰਬਰ (ਪੰਜਾਬ ਪੋਸਟ ਬਿਊਰੋ) – ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਐਲਾਨੀ ਡੇਟਸ਼ੀਟ ਅਨੁਸਾਰ ਜਿਲ੍ਹੇ ਦੇ ਸਰਕਾਰੀ ਸਕੂਲਾਂ ਦੇ
ਵਿਦਿਆਰਥੀਆਂ ਦੀ ਸਤੰਬਰ ਪ੍ਰੀਖਿਆ ਕੋਵਿਡ 19 ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸ਼ੁਰੂ ਹੋ ਗਈ ਹਨ ਅਤੇ ਜਿਲ੍ਹਾ ਅਧਿਕਾਰੀਆਂ ਵਲੋਂ ਸਕੂਲਾਂ ਦੇ ਦੌਰੇ ਕਰ ਵਿਦਿਆਰਥੀਆਂ ਨੂੰ ਸੁੱਭਕਾਮਨਾਵਾਂ ਦਿੱਤੀਆਂ ਗਈਆਂ।
ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਜਸਵੰਤ ਸਿੰਘ ਅਤੇ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਬਲਦੇਵ ਰਾਜ ਨੇ ਦੱਸਿਆ ਕਿ ਜਿਲ੍ਹੇ ਦੇ ਸਮੂਹ ਸਰਕਾਰੀ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ‘ਚ ਸਤੰਬਰ ਪ੍ਰੀਖਿਆ ਸ਼ੁਰੂ ਹੋ ਗਈ ਹੈ।ਆਫਲਾਈਨ ਤਰੀਕੇ ਸ਼ੁਰੂ ਹੋਈ ਪ੍ਰੀਖਿਆ ਦੇ ਪਹਿਲੇ ਦਿਨ ਤੀਜੀ, ਚੌਥੀ ਅਤੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਦੀ ਪੰਜਾਬੀ ਵਿਸ਼ੇ ਦੀ ਪ੍ਰੀਖਿਆ ਹੋਈ, ਜਦਕਿ ਛੇਵੀਂ ਜਮਾਤ ਦੀ ਅੰਗਰੇਜ਼ੀ, ਸੱਤਵੀਂ ਜਮਾਤ ਦੀ ਪੰਜਾਬੀ, ਅੱਠਵੀਂ ਜਮਾਤ ਦੀ ਗਣਿਤ, ਨੌਵੀ ਜਮਾਤ ਦੀ ਹਿੰਦੀ, ਦਸਵੀਂ ਜਮਾਤ ਦੀ ਵਿਗਿਆਨ, ਗਿਆਰਵੀਂ ਜਮਾਤ ਦੀ ਪੰਜਾਬੀ ਜਨਰਲ ਅਤੇ ਬਾਰਵੀਂ ਜਮਾਤ ਦੀ ਅੰਗਰੇਜ਼ੀ ਜਨਰਲ ਵਿਸ਼ੇ ਦੀ ਪ੍ਰੀਖਿਆ ਹੋਈ।
ਸਾਰੀਆਂ ਜਮਾਤਾਂ ਦੇ ਪ੍ਰਸ਼ਨ ਪੱਤਰ ਮੁੱਖ ਦਫਤਰ ਵਲੋਂ ਮੁਹੱਈਆ ਕਰਵਾਏ ਗਏ ਸਨ ਅਤੇ ਸਾਰੀਆਂ ਹੀ ਜਮਾਤਾਂ ਦੇ ਪ੍ਰਸ਼ਨ ਪੱਤਰ ਬਹੁ-ਵਿਕਲਪੀ ਪੈਟਰਨ ਅਨੁਸਾਰ ਸਨ।ਜਦਕਿ ਤੀਜੀ, ਪੰਜਵੀਂ, ਅੱਠਵੀਂ ਅਤੇ ਦਸਵੀਂ ਜਮਾਤਾਂ ਦੇ ਪ੍ਰਸ਼ਨ ਪੱਤਰ ਨਵੰਬਰ ਮਹੀਨੇ ਹੋਣ ਵਾਲੇ ਨੈਸ਼ਨਲ ਅਚੀਵਮੈਂਟ ਸਰਵੇਖਣ ਦੀ ਤਿਆਰੀ ਪੈਟਰਨ ਅਨੁਸਾਰ ਸਨ। ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਪ੍ਰੀਖਿਆ ਦੇ ਪਹਿਲੇ ਦਿਨ ਵਿਦਿਆਰਥੀਆਂ ਦੀ ਹਾਜ਼ਰੀ ਬਹੁਤ ਹੀ ਸਲਾਘਾਯੋਗ ਰਹੀ ਅਤੇ ਕੇਂਦਰਾਂ ਦਾ ਦੌਰਾ ਕਰਨ ‘ਤੇ ਵਿਦਿਆਰਥੀ ਪ੍ਰੀਖਿਆਵਾਂ ਪ੍ਰਤੀ ਬਹੁਤ ਹੀ ਉਤਸ਼ਾਹਿਤ ਨਜ਼ਰ ਆਏ।ਸਾਰੇ ਹੀ ਸਕੂਲਾਂ ‘ਚ ਸਰਕਾਰ ਵਲੋਂ ਜਾਰੀ ਕੋਵਿਡ ਹਦਾਇਤਾਂ ਦੀ ਪਾਲਣਾ ਕੀਤੀ ਗਈ।ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਬਲਦੇਵ ਰਾਜ ਵਲੋਂ ਜਿਲ੍ਹੇ ਦੇ ਵੱਖ-ਵੱਖ ਸਕੂਲਾਂ ਦਾ ਦੌਰਾ ਕਰਕੇ ਜਿਥੇ ਵਿਦਿਆਰਥੀਆਂ ਨੂੰ ਪੈਨ ਵੰਡੇ ਗਏ ਅਤੇ ਸੁਭਕਾਮਨਾਵਾਂ ਦਿੱਤੀਆਂ ਗਈਆਂ ।
ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਰਾਜੇਸ਼ਵਰ ਸਲਾਰੀਆ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਰਮੇਸ਼ ਲਾਲ ਠਾਕੁਰ ਨੇ ਦੱਸਿਆ ਕਿ ਸਤੰਬਰ ਮਹੀਨੇ ਦੀਆਂ ਪ੍ਰੀਖਿਆਵਾਂ ਵਿਦਿਆਰਥੀਆਂ ਦੇ ਸਾਲਾਨਾ ਨਤੀਜਿਆਂ ਅਤੇ ਨੈਸ਼ਨਲ ਅਚੀਵਮੈਂਟ ਸਰਵੇਖਣ ਤਿਆਰੀ ਲਈ ਬਹੁਤ ਅਹਿਮ ਹਨ।ਅਧਿਆਪਕਾਂ ਵਲੋਂ ਵਿਦਿਆਰਥੀਆਂ ਨੂੰ ਡਿਜ਼ੀਟਲ ਸਾਧਨਾਂ ਜਰੀਏ ਕਰਵਾਈ ਜਾ ਰਹੀ ਪੜ੍ਹਾਈ ਦਾ ਅਸਰ ਪ੍ਰੀਖਿਆਵਾਂ ਦੇ ਪਹਿਲੇ ਦਿਨ ਆਤਮ ਵਿਸ਼ਵਾਸ਼ ਦੇ ਰੂਪ ਵਿੱਚ ਵੇਖਣ ਨੂੰ ਮਿਲਿਆ।
ਇਸ ਮੌਕੇ ਸਟੈਨੋ ਅਰੁਣ ਮਹਾਜਨ, ਸਟੈਨੋ ਤਰੁਣ ਪਠਾਨੀਆ, ਕਮਲ ਕਿਸ਼ੋਰ, ਮੁਨੀਸ਼ ਕੁਮਾਰ, ਰਮੇਸ਼ ਸ਼ਰਮਾ, ਜਿਲ੍ਹਾ ਕੋਆਰਡੀਨੇਟਰ ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ’ ਵਨੀਤ ਮਹਾਜਨ, ਸਮਾਰਟ ਸਕੂਲ ਕੋਆਰਡੀਨੇਟਰ ਸੰਜੀਵ ਮਨੀ, ਜਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ ਆਦਿ ਹਾਜ਼ਰ ਸਨ।
Punjab Post Daily Online Newspaper & Print Media