ਪੰਜਾਬ ਦੀ ਮੋਸਟ ਵਾਂਟੇਡ ਲਿਸਟ ‘ਚ ਸ਼ਾਮਲ ਜੋੜੇ ਦਾ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਕੀਤਾ ਪਿੱਛਾ
ਕਪੂਰਥਲਾ, 25 ਸਤੰਬਰ (ਪੰਜਾਬ ਪੋਸਟ ਬਿਊਰੋ) – ਭਗੌੜੇ ਅਪਰਾਧੀਆਂ ਵਿਰੁੱਧ ਆਪਣੀ ਮੁਹਿੰਮ ਨੂੰ ਜਾਰੀ ਰੱਖਦੇ ਹੋਏ, ਕਪੂਰਥਲਾ ਪੁਲਿਸ ਨੇ ਦਿੱਲੀ ਦੇ ਭਗੌੜੇ
ਜੋੜੇ ਨੂੰ ਰੇਲ ਵਿੱਚ ਸਫਰ ਕਰਦੇ ਸਮੇਂ ਟ੍ਰੈਕ ਕਰਕੇ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।ਉਹ ਸਾਲ 2019 ਤੋਂ 5 ਕਿਲੋ ਹੈਰੋਇਨ ਸਪਲਾਈ ਦੇ ਮਾਮਲੇ ਵਿੱਚ ਪੁਲਿਸ ਨੂੰ ਲੋੜੀਂਦਾ ਸੀ।
ਗ੍ਰਿਫਤਾਰ ਕੀਤੇ ਗਏ ਜੋੜੇ ਦੀ ਪਛਾਣ ਦੀਪਕ ਕੁਮਾਰ ਵਾਸੀ ਜੇ 17/ਬੀ ਬੇਰੀ ਵਾਲਾ ਬਾਗ ਗਲੀ ਨੰਬਰ -2 ਹਰੀ ਨਗਰ ਮਾਇਆਪੁਰੀ ਦਿੱਲੀ ਅਤੇ ਉਸ ਦੀ ਪਤਨੀ ਪ੍ਰੀਤੀ ਵਜੋਂ ਹੋਈ ਹੈ।
ਜਾਰੀ ਪ੍ਰੈਸ ਬਿਆਨ ਵਿੱਚ ਸੀਨੀਅਰ ਪੁਲਿਸ ਕਪਤਾਨ (ਐਸ.ਐਸ.ਪੀ) ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਕਪੂਰਥਲਾ ਪੁਲਿਸ ਦੀਆਂ ਟੀਮਾਂ ਨੂੰ ਦਿੱਲੀ ਤੋਂ ਪੰਜਾਬ ਵੱਲ ਆ ਰਹੀ ਟ੍ਰੇਨ ਵਿੱਚ ਸਫ਼ਰ ਕਰਨ ਵਾਲੇ ਜੋੜੇ ਦੇ ਬਾਰੇ ਵਿੱਚ ਇੱਕ ਸੂਹ ਮਿਲੀ ਅਤੇ ਜਿਸ ‘ਤੇ ਤੁਰੰਤ ਕਾਰਵਾਈ ਕਰਦੇ ਉਨ੍ਹਾਂ ਨੂੰ ਜਲੰਧਰ ਛਾਉਣੀ ਰੇਲਵੇ ਸਟੇਸ਼ਨ ਦੇ ਕੋਲ ਟ੍ਰੈਕ ਕਰਕੇ ਫੜ ਲਿਆ ਗਿਆ।
ਉਨ੍ਹਾਂ ਦੱਸਿਆ ਕਿ ਜੋੜੇ ਕੋਲੋਂ 5 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਸੀ ਅਤੇ ਇਸ ਮਾਮਲੇ ਵਿੱਚ ਅਦਾਲਤ ਵਲੋਂ ਅਪਰਾਧੀ ਜੋੜੇ ਨੂੰ ਭਗੌੜੇ ਐਲਾਨਿਆ ਗਿਆ ਸੀ।
ਐਸ.ਐਸ.ਪੀ ਨੇ ਕਿਹਾ ਕਿ ਪੁੱਛਗਿਛ ਦੌਰਾਨ ਜੋੜੇ ਨੇ ਖੁਲਾਸਾ ਕੀਤਾ ਕਿ ਉਹ ਹੈਰੋਇਨ ਦੀ ਖੇਪ ਦੇਣ ਜਾ ਰਹੇ ਸਨ ਜੋ ਕਿ ਇੱਕ ਬੈਗ ਵਿੱਚ ਛੁਪੀ ਹੋਈ ਸੀ ਅਤੇ ਉਹ ਟ੍ਰੇਨ ਵਿੱਚ ਆਪਣੀ ਸੀਟ ਦੇ ਹੇਠਾਂ ਛੱਡ ਆਏ ਸਨ।ਇਹ ਬੈਗ ਬਾਅਦ ਵਿੱਚ ਪਠਾਨਕੋਟ ਰੇਲਵੇ ਸਟੇਸ਼ਨ `ਤੇ ਰੇਲਵੇ ਪੁਲਿਸ ਪਾਰਟੀ ਵਲੋਂ ਏ.ਸੀ ਕੰਪਾਰਟਮੈਂਟ ਵਿਚੋਂ ਬਰਾਮਦ ਕਰਕੇ ਜੀ.ਆਰ.ਪੀ ਪੁਲਿਸ ਸਟੇਸ਼ਨ ਪਠਾਨਕੋਟ ਵਿਖੇ ਕੇਸ ਦਰਜ਼ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਕਪੂਰਥਲਾ ਪੁਲਿਸ ਨੇ ਉਨ੍ਹਾਂ ਨੂੰ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕਰਕੇ ਪੁਲਿਸ ਰਿਮਾਂਡ `ਤੇ ਲੈ ਲਿਆ ਹੈ।
Punjab Post Daily Online Newspaper & Print Media