ਸੂਬੇ ਦੇ ਪੱਤਰਕਾਰਾਂ ਨੂੰ ਵੀ ਹਰਿਆਣਾ ਸਰਕਾਰ ਵਾਂਗ ਦਿੱਤੀਆਂ ਜਾਣ ਸਹੂਲਤਾਂ
ਸੰਗਰੂਰ, 25 ਸਤੰਬਰ (ਲੌਂਗੋਵਾਲ)- ਪੰਜਾਬ ਸਰਕਾਰ ਪੱਤਰਕਾਰ ਭਾਈਚਾਰੇ ਦੀਆਂ ਸਮੱਸਿਆਵਾਂ ਵੱਲ ਕੋਈ ਵੀ ਧਿਆਨ ਨਹੀਂ ਦੇ ਰਹੀ ਹੈ।ਜਦੋਂਕਿ ਕਾਂਗਰਸ ਦੇ
ਆਗੂਆਂ ਨੇ ਵਿਧਾਨ ਸਭਾ ਚੋਣਾਂ ਦੌਰਾਨ ਸੂਬੇ ਦੇ ਪੱਤਰਕਾਰਾਂ ਦੀਆਂ ਸਾਰੀਆਂ ਮੰਗਾਂ ਹੱਲ ਕਰਨ ਦਾ ਵਾਅਦਾ ਵੀ ਕੀਤਾ ਸੀ।ਹੁਣ ਕਾਂਗਰਸ ਸਰਕਾਰ ਦੇ 5 ਸਾਲ ਲਗਭਗ ਪੂਰੇ ਹੋਣ ਵਾਲੇ ਹਨ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪ੍ਰੈਸ ਕਲੱਬ ਲੌਂਗੋਵਾਲ (ਰਜਿ:) ਦੇ ਪ੍ਰਧਾਨ ਜਗਸੀਰ ਲੌਂਗੋਵਾਲ ਨੇ ਪ੍ਰੈਸ ਬਿਆਨ ਰਾਹੀਂ ਕੀਤਾ।ਉਨ੍ਹਾਂ ਕਿਹਾ ਕਿ ਮੀਡੀਆ ਲੋਕਤੰਤਰ ਦਾ ਚੌਥਾ ਥੰਮ੍ਹ ਹੈ ਅਤੇ ਪੱਤਰਕਾਰ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਰਿਪੋਰਟਿੰਗ ਕਰਦੇ ਹਨ।ਅਨੇਕਾਂ ਥਾਵਾਂ ‘ਤੇ ਪੱਤਰਕਾਰਾਂ ਉਪਰ ਜਾਨਲੇਵਾ ਹਮਲੇ ਹੋਏ ਹਨ ਅਤੇ ਕਈ ਪੱਤਰਕਾਰ ਵੀਰ ਸ਼ਹੀਦ ਵੀ ਹੋ ਚੁੱਕੇ ਹਨ।ਇਸ ਲਈ ਸਰਕਾਰ ਅਤੇ ਪ੍ਰਸ਼ਾਸਨ ਪੱਤਰਕਾਰਾਂ ਦੀ ਸੁਰੱਖਿਆ ਯਕੀਨੀ ਬਣਾਵੇ।
ਪ੍ਰਧਾਨ ਜਗਸੀਰ ਲੌਂਗੋਵਾਲ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਮਾਨਤਾ ਪ੍ਰਾਪਤ ਪੱਤਰਕਾਰਾਂ ਨੂੰ ਵੋਲਵੋ ਬੱਸ ਤੱਕ ਦਾ ਕਿਰਾਇਆ ਫਰੀ ਕੀਤਾ ਹੋਇਆ ਹੈ।ਪਰ ਪੰਜਾਬ ਸਰਕਾਰ ਵਲੋਂ ਅਜਿਹਾ ਨਹੀਂ ਕੀਤਾ ਗਿਆ।ਹੋਰ ਤਾਂ ਹੋਰ ਜ਼ਿਲ੍ਹਿਆਂ ਦੇ ਲੋਕ ਸੰਪਰਕ ਅਧਿਕਾਰੀਆਂ ਵਲੋਂ ਯੋਗ ਪੱਤਰਕਾਰਾਂ ਦੇ ਪੀਲੇ ਕਾਰਡ ਬਣਾਉਣ ਵਿੱਚ ਵੀ ਆਨਾਕਾਨੀ ਕੀਤੀ ਜਾਂਦੀ ਹੈ, ਜੋਕਿ ਬਹੁਤ ਹੀ ਨਿੰਦਣਯੋਗ ਹੈ।ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਦੇ ਪੱਤਰਕਾਰਾਂ ਨੂੰ ਮਹੀਨੇਵਾਰ ਤਨਖਾਹ ਦਿੱਤੀ ਜਾਵੇ, ਬਜ਼ੁੱਰਗ ਪੱਤਰਕਾਰਾਂ ਦੀ ਪੈਨਸ਼ਨ ਲਗਾਈ ਜਾਵੇ ਅਤੇ ਹਰਿਆਣਾ ਦੀ ਤਰ੍ਹਾਂ ਪੰਜਾਬ ਦੇ ਪੱਤਰਕਾਰਾਂ ਨੂੰ ਵੀ ਸਾਰੀਆਂ ਸਹੂਲਤਾਂ ਵੀ ਦਿੱਤੀਆਂ ਜਾਣ।
ਪ੍ਰਧਾਨ ਜਗਸੀਰ ਲੌਂਗੋਵਾਲ ਨੇ ਕਿਹਾ ਕਿ ਸੂਬਾ ਸਰਕਾਰ ਕਿਰਤੀਆਂ ਦੀ ਤਰ੍ਹਾਂ ਪੱਤਰਕਾਰਾਂ ਲਈ ਵੀ ਵੈਲਫੇਅਰ ਬੋਰਡ ਬਣਾਵੇ।ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਨੂੰ ਪ੍ਰੈਸ ਕਲੱਬ ਰਜਿ: ਲੌਂਗੋਵਾਲ ਵਲੋਂ ਇਕ ਮੰਗ ਪੱਤਰ ਜਲਦ ਹੀ ਭੇਜਿਆ ਜਾਵੇਗਾ।
Punjab Post Daily Online Newspaper & Print Media