ਜ਼ਿਲ੍ਹੇ ਵਿੱਚ ਸਨਅਤ ਅਤੇ ਵਪਾਰ ਦੀਆਂ ਅਥਾਹ ਸੰਭਾਵਨਾਵਾਂ – ਵਧੀਕ ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 26 ਸਤੰਬਰ (ਸੁਖਬੀਰ ਸਿੰਘ) – ਭਾਰਤ ਸਰਕਾਰ ਅਤੇ ਉਦਯੋਗ ਤੇ ਕਾਮਰਸ ਵਿਭਾਗ ਪੰਜਾਬ ਵਲੋਂ ਅਜ਼ਾਦੀ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ 20-
09-2021 ਤੋਂ 26-09-2021 ਤੱਕ ਵਣਜ ਸਪਤਾਹ ਮਨਾਇਆ ਗਿਆ। ਜਿਸ ਵਿਚ ਐਕਸਪੋਰਟ ਹੋ ਰਹੇ ਅਤੇ ਹੋਰ ਉਤਪਾਦਾਂ ਦੀ ਪ੍ਰਦਰਸ਼ਨੀ ਲਗਾਈ ਗਈ।ਜਿਸ ਦਾ ਉਦਘਾਟਨ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਰੂਹੀ ਦੁੱਗ ਵਲੋਂ ਕੀਤਾ ਗਿਆ।
ਉਦਮੀਆਂ ਨੂੰ ਸੰਬੋਧਨ ਕਰਦਿਆਂ ਉਨਾਂ ਕਿਹਾ ਕਿ ਅੰਮ੍ਰਿਤਸਰ ਵਿਖੇ ਵਪਾਰ ਦੀਆਂ ਅਥਾਹ ਸੰਭਾਵਨਾਵਾਂ ਹਨ ਅਤੇ ਅੱਜ ਦੇ ਤਕਨੀਕੀ ਯੁੱਗ ਨੇ ਦੇਸ਼ ਅਤੇ ਸੂਬਿਆਂ ਦੀਆਂ ਸੀਮਾਵਾਂ ਨੂੰ ਬਹੁਤਾ ਸਮਾਂ ਬੰਦ ਨਹੀਂ ਰੱਖਿਆ ਜਾ ਸਕਦਾ।ਉਹ ਵਪਾਰ ਦੀਆਂ ਯੋਜਨਾਵਾਂ ਨੂੰ ਧਿਆਨ ਵਿੱਚ ਰਖਦੇ ਹੋਏ ਆਪਣਾ ਪ੍ਰੋਗਰਾਮ ਉਲੀਕਣ।ਉਨਾਂ ਨੇ ਉਦਯੋਗ ਵਿਭਾਗ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਦਫ਼ਤਰ ਵਿੱਚ ਅਜਿਹਾ ਵਾਤਾਵਰਣ ਸਿਰਜਣ ਜਿਥੇ ਆ ਕੇ ਉਦਮੀ ਨੂੰ ਹੱਲਾਸ਼ੇਰੀ ਮਿਲੇ।ਪੰਜਾਬ ਸਰਕਾਰ ਵਪਾਰ ਦੇ ਉਤਪਾਦਨ ਵਿੱਚ ਵਾਧਾ ਕਰਨ ਲਈ ਨਿਵੇਸ਼ਕਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਮੁਹੱਈਆ ਕਰਵਾ ਰਹੀ ਹੈ।
ਮਾਨਵਪ੍ਰੀਤ ਸਿੰਘ ਜਨਰਲ ਮੈਨੇਜਰ ਜਿਲ੍ਹਾ ਉਦਯੋਗ ਕੇਂਦਰ ਅੰਮ੍ਰਿਤਸਰ ਨੇ ਦੱਸਿਆ ਕਿ ਇਹ ਪ੍ਰਦਰਸ਼ਨੀ ਜਿਲ੍ਹਾ ਅੰਮ੍ਰਿਤਸਰ ਵਿਚ 24 ਸਤੰਬਰ ਨੂੰ ਹੋਟਲ ਫੇਅਰ ਫੀਲਡ ਬਾਏ ਮੈਰੀਅਟ ਵਿਖੇ ਲਗਾਈ ਗਈ ਸੀ ਅਤੇ ਅੰਮ੍ਰਿਤਸਰ ਵਿਖੇ ਬਣ ਰਹੇ ਅਤੇ ਐਕਸਪੋਰਟ ਹੋ ਰਹੇ ਉਤਪਾਦ ਜਿਵੇ ਕਿ ਸ਼ਾਲ, ਹੈਂਡੀਕਰਾਫਟ, ਫੂਡ ਤੇ ਟੈਕਸਟਾਈਲ ਆਈਟਮਾਂ, ਹੈਂਡ ਮੇਡ ਕਾਸਮੈਟਿਕ ਆਦਿ ਦੀ ਨੁਮਾਇਸ਼ ਲਗਾਈ ਗਈ।ਵੱਖ ਵੱਖ ਵਿਭਾਗਾਂ ਅਤੇ ਮਾਹਿਰਾਂ ਵਲੋ ਐਕਸਪੋਰਟ ਨੂੰ ਵਧਾਵਾ ਦੇਣ ਸਬੰਧੀ ਇਸ ਸਮੇਂ ਵਿਚਾਰ ਚਰਚਾ ਕੀਤੀ ਗਈ।
ਸੈਮੀਨਾਰ ਦੌਰਾਨ ਜਨਰਲ ਮੈਨੇਜਰ ਜਿਲ੍ਹਾ ਉਦਯੋਗ ਕੇਂਦਰ, ਡਾਇਰੈਕਟਰ ਜਨਰਲ ਫੌਰਨ ਟਰੇਡ, ਪ੍ਰੀਤਮ ਸਿੰਘ, ਲੀਡ ਜਿਲ੍ਹਾ ਮੈਨੇਜਰ ਅਤੇ ਫੈਡਰੇਸ਼ਨ ਆਫ ਇੰਡੀਅਨ ਐਕਸਪੋਰਟ ਆਰਗਾਨਾਈਜੇਸ਼ਨ ਤੋਂ ਗੌਰਵ ਗੁਪਤਾ ਵਲੋਂ ਸਰਕਾਰ ਦੀਆਂ ਸਕੀਮਾਂ ਬਾਰੇ ਹਾਜ਼ਰੀਨ ਨੂੰ ਜਾਣਕਾਰੀ ਦਿੱਤੀ ਗਈ।
ਇਸ ਸਮੇਂ ਪਿਆਰਾ ਲਾਲ ਸੇਠ, ਰਾਜੀਵ ਸਜਦੇਹ, ਧੀਰਜ ਕਾਕੜੀਆ, ਪੰਕਜ ਮਹਿਰਾ ਤੇ ਰਾਜੇਸ਼ ਮਹਿਰਾ ਆਦਿ ਹਾਜ਼ਰ ਸਨ।
Punjab Post Daily Online Newspaper & Print Media