Wednesday, April 15, 2026

ਸ਼ਹਿਰ ਦੇ ਪੁਰਾਣੇ ਦਰੱਖਤਾਂ ਦਾ ਤਿਆਰ ਕੀਤਾ ਜਾਵੇਗਾ ਡੈਟਾ ਬੇਸ – ਡਿਪਟੀ ਕਮਿਸ਼ਨਰ

ਹਵਾ ਦੀ ਸ਼ੁਧਤਾ ਨੂੰ ਦਰਸਾਉਂਦਾ ਵੱਡਾ ਸਾਈਨ ਬੋਰਡ ਲਾਉਣ ਦੀ ਕੀਤੀ ਹਦਾਇਤ

ਅੰਮ੍ਰਿਤਸਰ, 26 ਸਤੰਬਰ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਸ਼ਹਿਰ ਦੇ ਵਾਤਾਵਰਣ ਪ੍ਰਤੀ ਆਮ ਸ਼ਹਿਰੀਆਂ ਦਾ ਧਿਆਨ ਖਿੱਚਣ ਲਈ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਹਵਾ ਦੀ ਸ਼ੁਧਤਾ ਦਰਸਾਉਂਦਾ ਵੱਡਾ ਸਾਈਨ ਬੋਰਡ ਲਾਉਣ ਦੀ ਹਦਾਇਤ ਕੀਤੀ ਹੈ।ਅੱਜ ਵਾਤਾਵਰਣ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਖਹਿਰਾ ਨੇ ਕਿਹਾ ਕਿ ਭਾਵੇਂ ਇਹ ਸੂਚਨਾ ਅਜਕਲ ਹਰੇਕ ਦੇ ਮੋਬਾਈਲ ਫੋਨ ਵਿੱਚ ਮਿਲ ਸਕਦੀ ਹੈ, ਪਰ ਅਸੀਂ ਹੋਰ ਕੰਮਾਂ ਵਿੱਚ ਰੁਝੇ ਹੋਣ ਕਾਰਨ ਇਸ ਮਹੱਤਵਪੂਰਨ ਵਿਸ਼ੇ ਨੂੰ ਅਣਗੌਲੇ ਕਰ ਰਹੇ ਹਾਂ।ਉਨਾਂ ਕਿਹਾ ਕਿ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਅਜਿਹੀ ਥਾਂ ਵੱਡਾ ਸਾਈਨ ਬੋਰਡ ਲਗਾ ਕੇ ਆਨਲਾਈਨ ਅਪਡੇਟ ਹੋਵੇ।ਇਹ ਅਜਿਹੀ ਥਾਂ ‘ਤੇ ਲੱਗੇ ਜਿਥੇ ਉਸ ਨੂੰ ਵੱਧ ਤੋਂ ਵੱਧ ਲੋਕ ਵੇਖ ਸਕਣ।
               ਖਹਿਰਾ ਨੇ ਸ਼ਹਿਰ ਵਿਚ ਲੱਗੇ ਪੁਰਾਣੇ ਦਰੱਖਤ, ਜਿੰਨਾਂ ਵਿੱਚ ਵੱਡੀ ਗਿਣਤੀ ਬੋਹੜ ਤੇ ਪਿਪਲ ਵਰਗੇ ਪਵਿਤਰ ਦਰਖਤਾਂ ਦੀ ਹੈ, ਦਾ ਡੈਟਾ ਤਿਆਰ ਕਰਨ ਦੀ ਹਦਾਇਤ ਵੀ ਕਮੇਟੀ ਮੈਂਬਰਾਂ ਨੂੰ ਕੀਤੀ।ਉਨਾਂ ਕਿਹਾ ਕਿ ਜਦੋਂ ਵੀ ਕੋਈ ਦਰਖਤ ਕੱਟਿਆ ਜਾਂਦਾ ਹੈ ਤਾਂ ਉਨਾਂ ਦੇ ਨੋਟਿਸ ਵਿਚ ਆਉਂਦਾ ਹੈ।ਪਰ ਜੇਕਰ ਇਸ ਤਰਾਂ ਦਾ ਡੈਟਾ ਤਿਆਰ ਹੋ ਜਾਵੇ ਤਾਂ ਉਸ ਦਰਖਤ ਦੇ ਨੇੜੇ ਕੱਟਣ ਦੀ ਮਨਾਹੀ ਜਾਂ ਚੇਤਾਵਨੀ ਆਦਿ ਦੇ ਬੋਰਡ ਲਗਾ ਕੇ ਆਮ ਲੋਕਾਂ ਨੂੰ ਸੂਚਿਤ ਕੀਤਾ ਜਾ ਸਕਦਾ ਹੈ।ਇਸ ਨਾਲ ਦਰੱਖਤਾਂ ਦੀ ਕਟਾਈ ਨਹੀਂ ਹੋਵੇਗੀ।ਉਨਾਂ ਕਿਹਾ ਕਿ ਕਮੇਟੀ ਮੈਂਬਰਾਂ ਦੇ ਸੁਝਾਅ ‘ਤੇ ਸ਼ਹਿਰ ਦੀਆਂ ਖਾਲੀ ਪਈਆਂ ਥਾਵਾਂ, ਸਕੂਲਾਂ ਤੇ ਕਾਲਜਾਂ ਦੇ ਮੈਦਾਨਾਂ, ਫੋਕਲ ਪੁਆਇੰਟਾਂ ਅਤੇ ਪੰਜਾਬ ਸਟੇਟ ਇੰਡਸਟਰੀ ਕਾਰਪੋਰੇਸ਼ਨ ਹੋਰ ਥਾਵਾਂ ‘ਤੇ ‘ਤੇ ਛੋਟੇ ਜੰਗਲ ਤਿਆਰ ਕਰਨ ਦਾ ਫੈਸਲਾ ਵੀ ਲਿਆ।
                  ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਿੰਚਾਈ ਵਿਭਾਗ ਦੇ ਰੇਲਵੇ ਸਟੇਸ਼ਨ ਸਾਹਮਣੇ ਪੈਂਦੇ ਪੁਰਾਣੇ ਦਫਤਰ ਦੀ ਨਵੀਂ ਯੋਜਨਾਬੰਦੀ ਲਈ ਉਕਤ ਸਥਾਨ ਵਿੱਚ ਲੱਗੇ ਕੱਟੇ ਜਾਣ ਵਾਲੇ ਦਰੱਖਤਾਂ ਕਨੂੰ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਜਾਂ ਹੋਰ ਥਾਵਾਂ ‘ਤੇ ਤਬਦੀਲ ਕਰਨ ਲਈ ਰਣਨੀਤੀ ਤਿਆਰ ਕਰਨ ਲਈ ਲੈਂਡਸਕੇਪ ਮਾਹਿਰ ਡਾ. ਜੀ.ਐਸ ਬਿਲਗਾ ਨੂੰ ਕਿਹਾ ਗਿਆ ਹੈ।ਖਹਿਰਾ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਵਧੀਆ ਲੈਂਡ ਸਕੇਪ ਤਿਆਰ ਕਰਨ ਦੀ ਜ਼ਿੰਮੇਵਾਰੀ ਵੀ ਬਿਲਗਾ ਨੂੰ ਸੌਂਪੀ ਹੈ।ਉਨਾਂ ਕਮੇਟੀ ਮੈਂਬਰਾਂ ਨੂੰ ਕਿਹਾ ਕਿ ਉਹ ਆਪਣੀ ਟੀਮ ਵਿੱਚ ਅਜਿਹੇ ਵਿਅਕਤੀ ਸ਼ਾਮਿਲ ਕਰਨ ਜੋ ਕਿ ਕੇਵਲ ਸਲਾਹ ਜਾਂ ਸ਼ਿਕਾਇਤਾਂ ਤੱਕ ਹੀ ਸੀਮਤ ਨਾ ਰਹਿਣ, ਬਲਕਿ ਵਾਤਾਵਰਣ ਦੀ ਸੰਭਾਲ ਲਈ ਆਪਣਾ ਸਮਾਂ ਵੀ ਦੇਣ। ਖਹਿਰਾ ਨੇ ਕਮੇਟੀ ਮੈਂਬਰਾਂ ਦਾ ਹੌਂਸਲਾ ਵਧਾਉਂਦੇ ਕਿਹਾ ਕਿ ਉਹ ਤਨ, ਮਨ ਤੇ ਧਨ ਤੋਂ ਉਨਾਂ ਦੇ ਨਾਲ ਹਨ।
ਇਸ ਮੌਕੇ ਜਿਲ੍ਹਾ ਸਮਾਜਿਕ ਸੁਰੱਖਿਆ ਅਧਿਕਾਰੀ ਅਸੀਸਇੰਦਰ ਸਿੰਘ, ਇੰਜ, ਡੀ.ਐਸ ਕੋਹਲੀ, ਆਰ.ਡੀ ਰਮਾ, ਦੀਪਕ ਬੱਬਰ, ਐਸ.ਡੀ.ਓ ਅੰਮ੍ਰਿਤਪਾਲ ਸਿੰਘ, ਪੰਜਾਬ ਬ੍ਰਹਾਮਣ ਭਲਾਈ ਬੋਰਡ ਤੋਂ ਸ੍ਰੀ ਕਿਸ਼ਨ ਕੁਮਾਰ ਆਦਿ ਪਤਵੰਤੇ ਹਾਜ਼ਰ ਸਨ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ

ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …