
ਅਮ੍ਰਿਤਸਰ, 12 ਨਵਬਰ (ਗੁਰਪ੍ਰੀਤ ਸਿੰਘ)- ਗੁਰਦੁਆਰਾ ਪ੍ਰਬੰਧ ਨੂੰ ਮਹੰਤਸ਼ਾਹੀ ਤੋਂ ਅਜਾਦ ਕਰਵਾ ਕੇ ਸੰਗਤੀ ਪ੍ਰਬੰਧ ਵਿੱਚ ਲਿਆਉਣ ਲਈ ਮਹਾਨ ਕੁਰਬਾਨੀਆਂ ਉਪਰੰਤ ਹੋਂਦ ਵਿੱਚ ਆਈ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਥਾਪਨਾ ਦਿਵਸ ਗੁਰਦੁਆਰਾ ਦੀਵਾਨ ਹਾਲ ਸ੍ਰੀ ਮੰਜੀ ਸਾਹਿਬ ਵਿਖੇ ਮਨਾਇਆ ਜਾਵੇਗਾ। ਏਥੋਂ ਜਾਰੀ ਪ੍ਰੈਸ ਨੋਟ ਰਾਹੀਂ ਸ਼ੋ੍ਰਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ੍ਰ: ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਇਸ ਸਬੰਧੀ ਗੁਰਦੁਆਰਾ ਦੀਵਾਨ ਹਾਲ ਸ੍ਰੀ ਮੰਜੀ ਸਾਹਿਬ ਵਿਖੇ ਅੱਜ ਸਵੇਰ ਤੋਂ ਸ੍ਰੀ ਅਖੰਡ ਪਾਠ ਸਾਹਿਬ ਰੱਖ ਦਿੱਤੇ ਗਏ ਹਨ ਜਿਨ੍ਹਾਂ ਦਾ ਭੋਗ 14 ਨਵੰਬਰ 2014 ਦਿਨ ਸ਼ੁਕਰਵਾਰ ਨੂੰ ਪਾਇਆ ਜਾਵੇਗਾ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਸੰਗਤਾਂ ਨੂੰ ‘ਧੁਰ ਕੀ ਬਾਣੀ’ ਦੇ ਕੀਰਤਨ ਦੁਆਰਾ ਨਿਹਾਲ ਕਰਨਗੇ।
ਸ੍ਰ: ਬੇਦੀ ਨੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਮਹੰਤਾਂ ਪਾਸ ਸੀ। ਮਹੰਤ ਨਰੈਣੂ ਵਰਗੇ ਗੁਰੂ-ਘਰਾਂ ਵਿੱਚ ਮਨਮਾਨੀਆਂ ਕਰਦੇ ਸਨ। ਜਿਸ ਪ੍ਰਤੀ ਸਿੱਖ ਸੰਗਤਾਂ ਵਿੱਚ ਭਾਰੀ ਰੋਸ ਤੇ ਰੋਹ ਸੀ। ਗੁਰਦੁਆਰਾ ਸਾਹਿਬਾਨ ਵਿੱਚੋਂ ਮਹੰਤਾਂ ਦੇ ਮਨਮਾਨੀ ਤੇ ਮਾੜੇ ਪ੍ਰਬੰਧ ਨੂੰ ਬਦਲਣ ਲਈ ਸਿੱਖ ਸੰਗਤਾਂ ਨੇ ਵੱਡੇ ਰੂਪ ਵਿੱਚ ਹੰਬਲਾ ਮਾਰਦਿਆਂ ਮਹੰਤਾਂ ਪਾਸੋਂ ਗੁਰਦੁਆਰਾ ਸਾਹਿਬਾਨ ਅਜ਼ਾਦ ਕਰਵਾਉਣੇ ਸ਼ੁਰੂ ਕਰ ਦਿੱਤੇ। ਉਪਰੰਤ ਪੂਰਨ ਗੁਰਸਿੱਖਾਂ ਦੀਆਂ ਕਮੇਟੀਆਂ ਬਣਾਈਆਂ ਜੋ ਮੁਕੰਮਲ ਰੂਪ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਤੇ ਇਸ ਕਮੇਟੀ ਦੇ ਪਹਿਲੇ ਪ੍ਰਧਾਨ ਸ.ਸੁੰਦਰ ਸਿੰਘ ਮਜੀਠੀਆ ਬਣੇ, ਉਪਰੰਤ ਬਾਬਾ ਖੜਕ ਸਿੰਘ ਵਰਗੇ ਇਸ ਸੰਸਥਾ ਦੇ ਮੁਖੀ ਰਹੇ ਤੇ ਹੁਣ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਿਗਰਾਨੀ ਹੇਠ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਸੁਚੱਜੇ ਰੂਪ ਵਿੱਚ ਚਲਾ ਰਹੀ ਹੈ।
Check Also
ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ
ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …
Punjab Post Daily Online Newspaper & Print Media