Thursday, September 17, 2026

ਐਸ.ਐਸ.ਪੀ ਦੀ ਮੌਜ਼ੂਦਗੀ ‘ਚ ਜ਼ਿਲ੍ਹਾ ਪੁਲਿਸ ਨੇ ਭਾਰੀ ਮਾਤਰਾ ਵਿੱਚ ਨਸ਼ੇ ਕੀਤੇ ਨਸ਼ਟ

ਨਵਾਂਸ਼ਹਿਰ, 2 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸੀਨੀਅਰ ਪੁਲਿਸ ਕਪਤਾਨ ਹਰਮਨਬੀਰ ਸਿੰਘ ਗਿੱਲ ਦੀ ਅਗਵਾਈ ਵਿਚ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਨੇ ਜ਼ਿਲ੍ਹੇ ਵਿਚੋਂ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਦੀ ਵਚਨਬੱਧਤਾ ਦੁਹਰਾਉਂਦਿਆਂ ਅੱਜ ਭਾਰੀ ਮਾਤਰਾ ਵਿਚ ਨਸ਼ੇ ਨਸ਼ਟ ਕੀਤੇ।ਨਸ਼ਿਆਂ ਨੂੰ ਨਸ਼ਟ ਕਰਨ ਦੀ ਕਾਰਵਾਈ ਸੰਨ ਫਾਰਮਾਸੁਟੀਕਲਜ਼ ਇੰਡਸਟਰੀਜ਼ ਲਿਮਟਿਡ ਟੌਂਸਾ ਵਿਖੇ ਐਸ.ਐਸ.ਪੀ ਹਰਮਨਬੀਰ ਸਿੰਘ ਗਿੱਲ ਅਤੇ ਕਮੇਟੀ ਮੈਂਬਰਾਂ ਦੀ ਮੌਜ਼ੂਦਗੀ ‘ਚ ਕੀਤੀ ਗਈ।
               ਜ਼ਿਲ੍ਹਾ ਪੁਲਿਸ ਮੁਖੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਦਰਜ ਹੋਏ 67 ਕੇਸਾਂ ਵਿਚ ਬਰਾਮਦ ਕੀਤੇ ਗਏ ਇਨ੍ਹਾਂ ਨਸ਼ਟ ਕੀਤੇ ਗਏ ਨਸ਼ਿਆਂ ਵਿਚ 169 ਕਿਲੋ 120 ਗ੍ਰਾਮ ਚੂਰਾ ਪੋਸਤ, 7199 ਗੋਲੀਆਂ, 440 ਕੈਪਸੂਲ, 280 ਗ੍ਰਾਮ ਨਸ਼ੀਲਾ ਪਾਊਡਰ, 293 ਗ੍ਰਾਮ ਹੈਰੋਇਨ, 3 ਕਿਲੋ 221 ਗ੍ਰਾਮ ਸਮੈਕ, 160 ਗ੍ਰਾਮ ਚਰਸ, 2371 ਇੰਜੈਕਸ਼ਨ, 50 ਸਰਿੰਜਾਂ ਅਤੇ 20 ਕਿਲੋ 680 ਗ੍ਰਾਮ ਗਾਂਜਾ ਸ਼ਾਮਿਲ ਸੀ।ਜ਼ਿਕਰਯੋਗ ਹੈ ਕਿ ਸਾਲ 2021-22 ਦੌਰਾਨ ਜ਼ਿਲ੍ਹਾ ਪੁਲਿਸ ਵੱਲੋਂ ਵੱਖ-ਵੱਖ ਪੁਲਿਸ ਥਾਣਿਆਂ ਵਿਚ ਨਸ਼ਿਆਂ ਦੀ ਬਰਾਮਦਗੀ ਦੇ 187 ਕੇਸ ਦਰਜ਼ ਕੀਤੇ ਗਏ ਹਨ, ਜਿਸ ਦੌਰਾਨ 6279 ਕਿਲੋ 790 ਗ੍ਰਾਮ ਚੂਰਾ ਪੋਸਤ, 52205 ਗੋਲੀਆਂ, 4672 ਕੈਪਸੂਲ, 468 ਗ੍ਰਾਮ ਨਸ਼ੀਲਾ ਪਾਊਡਰ, 3 ਕਿਲੋ 416 ਗ੍ਰਾਮ ਹੈਰੋਇਨ, 4 ਕਿਲੋ 898 ਗਰਾਮ ਚਰਸ, 3 ਕਿਲੋ 221 ਗ੍ਰਾਮ ਸਮੈਕ, 21 ਕਿਲੋ 180 ਗ੍ਰਾਮ ਗਾਂਜਾ ਅਤੇ 10045 ਇੰਜੈਕਸ਼ਨ ਬਰਾਮਦ ਕੀਤੇ ਗਏ ਹਨ।ਜ਼ਿਲ੍ਹਾ ਪੁਲਿਸ ਮੁਖੀ ਹਰਮਨਬੀਰ ਸਿੰਘ ਗਿੱਲ ਨੇ ਕਿਹਾ ਕਿ ਜ਼ਿਲ੍ਹੇ ਵਿਚ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਕੋਈ ਢਿੱਲ ਨਹੀਂ ਵਰਤੀ ਜਾਵੇਗੀ ਅਤੇ ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰਨ ਲਈ ਜੀਅ-ਤੋੜ ਉਪਰਾਲੇ ਜਾਰੀ ਰਹਿਣਗੇ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਨੇ ਫੈਂਸਿੰਗ ਚੈਂਪੀਅਨਸ਼ਿਪ ’ਚ ਮੈਡਲ ਪ੍ਰਾਪਤ ਕੀਤੇ

ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …