Wednesday, April 15, 2026

ਲਖੀਮਪੁਰ ਖੀਰੀ ‘ਚ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਤੇ ਐਸ.ਡੀ.ਐਮ ਨੂੰ ਦਿੱਤਾ ਮੰਗ ਪੱਤਰ

ਭਾਜਪਾ ਦਾ ਕਿਸਾਨ ਵਿਰੋਧੀ ਚਿਹਰਾ ਹੋਇਆ ਜੱਗ ਜਾਹਿਰ – ਐਡਵੋਕੇਟ ਗਗਨਦੀਪ ਸ਼ਰਮਾ

ਸਮਰਾਲਾ, 4 ਅਕਤੂਬਰ (ਇੰਦਰਜੀਤ ਸਿੰਘ ਕੰਗ) – ਬੀਤੇ ਦਿਨੀਂ ਯੂ.ਪੀ.ਦੇ ਜ਼ਿਲ੍ਹਾ ਲਖੀਮਪੁਰ ਖੀਰੀ ਵਿਖੇ ਭਾਜਪਾ ਆਗੂ ਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਪੁੱਤਰ  ਅਤੇ ਉਸ ਦੇ ਸਾਥੀਆਂ ਵਲੋਂ ਸ਼ਾਂਤਮਈ ਤਰੀਕੇ ਨਾਲ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਜਾਣਬੁੱਝ ਕੇ ਕਾਰ ਰਾਹੀਂ ਕੁਚਲਣ ਦਾ ਕਾਤਲਾਨਾ ਹਮਲਾ ਕੀਤਾ ਗਿਆ ਸੀ।ਉਸ ਦੇ ਵਿਰੋਧ ਵਜੋਂ ਅੱਜ ਬਾਰ ਐਸੋਸੀਏਸ਼ਨ ਸਮਰਾਲਾ ਅਤੇ ਸਮਾਜਸੇਵੀ ਤੇ ਕਿਸਾਨ ਹਤੈਸ਼ੀ ਜਥੇਬੰਦੀਆਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ।ਐਸ.ਡੀ.ਐਮ ਸਮਰਾਲਾ ਰਾਹੀਂ ਕੇਂਦਰ ਸਰਕਾਰ ਪਾਸੋਂ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਅਤੇ ਜਲਦ ਤੋਂ ਜਲਦ ਗ੍ਰਿਫਤਾਰੀ ਲਈ ਮੰਗ ਪੱਤਰ ਦਿੱਤਾ ਗਿਆ।ਇਸ ਤੋਂ ਪਹਿਲਾਂ ਸ਼ਹੀਦ ਹੋਏ ਕਿਸਾਨਾਂ ਦੀ ਆਤਮਿਕ ਦੀ ਸ਼ਾਂਤੀ ਲਈ ਦੋ ਮਿੰਟ ਦਾ ਮੋਨ ਧਾਰਨ ਕੀਤਾ ਗਿਆ।
               ਬਾਰ ਐਸੋਸੀਏਸ਼ਨ ਸਮਰਾਲਾ ਵਲੋਂ ਸ਼ਹੀਦ ਹੋਏ ਕਿਸਾਨਾਂ ਦੇ ਹੱਕ ਵਿੱਚ ਸਾਰਾ ਦਿਨ ਕੰਮਕਾਰ ਠੱਪ ਰੱਖਿਆ ਗਿਆ।ਐਸੋਸੀਏਸ਼ਨ ਦੇ ਸਮਰਾਲਾ ਪ੍ਰਧਾਨ ਗਗਨਦੀਪ ਸ਼ਰਮਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਕਤ ਘਟਨਾ ਬਹੁਤ ਮੰਦਭਾਗੀ ਹੈ, ਜਿਸ ਨਾਲ ਕੇਂਦਰ ਸਰਕਾਰ ਅਤੇ ਇਸ ਦੇ ਨੇਤਾਵਾਂ ਦਾ ਕਿਸਾਨ ਵਿਰੋਧੀ ਚਿਹਰਾ ਜੱਗ ਜ਼ਾਹਿਰ ਹੋ ਗਿਆ ਹੈ ।ਇਸ ਘਟਨਾ ਤੋਂ ਬਾਅਦ ਬਜ਼ਾਏ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੇ ਯੂ.ਪੀ ਦੀ ਯੋਗੀ ਸਰਕਾਰ ਦੋਸ਼ੀਆਂ ਨੂੰ ਬਚਾਉਣ ਲਈ ਤੱਥਾਂ ਨਾਲ ਛੇੜਛਾੜ ਕਰਨ ਵਿੱਚ ਰੁੱਝੀ ਹੋਈ ਹੈ, ਜੋ ਕਿ ਬਹੁਤ ਹੀ ਨਿੰਦਣਯੋਗ ਵਰਤਾਰਾ ਹੈ।
                  ਇਕੱਠ ਨੂੰ ਸੰਬੋਧਨ ਕਰਦੇ ਹੋਏ ਐਡਵੋਕੇਟ ਜਸਪ੍ਰੀਤ ਕਲਾਲਮਾਜਰਾ ਅਤੇ ਐਡਵੋਕੇਟ ਪਰਮਿੰਦਰ ਗਿੱਲ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਉਕਸਾ ਕੇ ਅੰਦੋਲਨ ਹਿੰਸਕ ਬਣਾਉਣਾ ਚਾਹੁੰਦੀ ਹੈ।ਇਸ ਤਰ੍ਹਾਂ ਦੇ ਟਾਕਰਾ ਪੈਦਾ ਕਰਕੇ ਸਮੁੱਚੇ ਦੇਸ਼ ਦੇ ਮਹੌਲ ਨੂੰ ਖਰਾਬ ਕਰਨ ਵਿੱਚ ਦਿਲਚਸਪੀ ਰੱਖਦੀ ਹੈ।
ਸਮਾਜਸੇਵੀ ਜਥੇਬੰਦੀ ਸਮਰਾਲਾ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਨੀਰਜ ਸਿਹਾਲਾ, ਭ੍ਰਿਸ਼ਟਾਚਾਰ ਵਿਰੋਧੀ ਫਰੰਟ ਸਮਰਾਲਾ ਦੇ ਪ੍ਰਧਾਨ ਅਮਰਜੀਤ ਸਿੰਘ ਬਾਲਿਓਂ ਅਤੇ ਇੰਦਰੇਸ਼ ਜੈਦਕਾ ਨੇ ਕਿਹਾ ਕਿ ਪਿਛਲੀ ਦਿਨੀਂ ਜੋ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਸਾਨਾਂ ਦੇ ਖਿਲਾਫ ਆਮ ਲੋਕਾਂ ਨੂੰ ਉਕਸਾਉਣ ਅਤੇ ਹਿੰਸਾ ਲਈ ਭੜਕਾਉਣ ਵਾਲਾ ਬਿਆਨ ਦਿੱਤਾ ਹੈ, ਉਹ ਨਾ ਕੇਵਲ ਮੰਦਭਾਗਾ ਹੈ, ਬਲਕਿ ਦੇਸ਼ ਦੀ ਕਾਨੂੰਨ ਵਿਵਸਥਾ ਨੂੰ ਵੀ ਖਤਰੇ ਵਿੱਚ ਪਾਉਣ ਵਾਲੀ ਗੱਲ ਹੈ।ਇਸ ਦੀ ਜਿੰਨੀ ਨਿੰਦਾ ਕੀਤੀ ਜਾਵੇ, ਉਨੀਂ ਘੱਟ ਹੈ।
                 ਲੋਕ ਚੇਤਨਾ ਲਹਿਰ ਦੇ ਨੇਤਾ ਸੰਦੀਪ ਸਿੰਘ ਰੁਪਾਲੋਂ ਅਤੇ ਕਿਸਾਨ ਯੂਨੀਅਨ (ਸ਼ਾਦੀਪੁਰ) ਦੀ ਬੀਬੀ ਗਰੇਵਾਲ ਨੇ ਯੂ.ਪੀ ਵਿਖੇ ਭਾਜਪਾ ਦੇ ਮੰਤਰੀ ਦੇ ਪੁੱਤਰ ਵਲੋਂ ਜੋ ਘਿਣਾਉਣੀ ਕਾਰਵਾਈ ਕੀਤੀ ਹੈ, ਉਸ ਨਾਲ ਆਮ ਜਨਤਾ ਵਿੱਚ ਰੋਹ ਅਤੇ ਦੁੱਖ ਦੀ ਲਹਿਰ ਹੈ।
                     ਇਸ ਮੌਕੇ ਐਡਵੋਕੇਟ ਐਨ.ਕੇ ਸ਼ਰਮਾ, ਦਲਜੀਤ ਸ਼ਾਹੀ, ਸਤਿੰਦਰ ਮੋਹਣ ਸਿੰਘ, ਜਸਵਿੰਦਰ ਨਾਗਰਾ, ਸਰਬਜੀਤ ਸਿੰਘ ਸੇਖੋਂ, ਏ.ਐਸ ਗਿੱਲ, ਸੀ.ਆਰ ਕੰਗ, ਕਾਮਰੇਡ ਦਰਸ਼ਨ ਸਿੰਘ ਮਿੱਠੂ, ਕਾਮਰੇਡ ਭਜਨ ਸਿੰਘ, ਕਿਰਤੀ ਕਿਸਾਨ ਯੂਨੀਅਨ ਵਲੋਂ ਸੁਖਵਿੰਦਰ ਸਿੰਘ, ਬੰਤ ਸਿੰਘ ਖਾਲਸਾ, ਹਰਪ੍ਰੀਤ ਸਿੰਘ ਬਾਲਿਓਂ, ਰਮੇਸ਼ ਕੁਮਾਰ ਸਿਹਾਲਾ, ਪਰਮਜੀਤ ਸਿੰਘ ਮਾਛੀਵਾੜਾ, ਕੁੁਲਦੀਪ ਸਿੰਘ ਚੰਡੀਗੜ੍ਹ, ਜਗਜੀਤ ਸਿੰਘ ਭਰਥਲਾ, ਸੁਦਾਗਰ ਸਿੰਘ ਭਗਵਾਨਪੁਰਾ, ਸੁਭਾਸ਼ ਸਿੰਘ ਸਿਹਾਲਾ ਆਦਿ ਤੋਂ ਇਲਾਵਾ ਵੱਡੀ ਗਿਣਤੀ ‘ਚ ਸਮਾਜਸੇਵੀ ਜਥੇਬੰਦੀਆਂ ਦੇ ਨੁਮਾਇੰਦੇ ਮੌਜ਼ੂਦ ਸਨ।

Check Also

ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ

ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …