Thursday, September 17, 2026

ਕਿਸਾਨ ਆਗੂਆਂ ਵਲੋਂ ਲਖੀਮਪੁਰ ਦੇ ਸ਼ਹੀਦ ਕਿਸਾਨਾਂ ਲਈ ਇਨਸਾਫ਼ ਖਾਤਿਰ ਸੰਘਰਸ਼ `ਚ ਕੁੱਦਣ ਦਾ ਸੱਦਾ

ਸੰਗਰੂਰ/ ਨਵੀਂ ਦਿੱਲੀ, 10 ਅਕਤੂਬਰ (ਜਗਸੀਰ ਲੌਂਗੋਵਾਲ) – ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਗਦਰੀ ਬੀਬੀ ਗੁਲਾਬ ਕੌਰ ਸਟੇਜ਼ ਤੋਂ ਬਠਿੰਡਾ ਜ਼ਿਲ੍ਹੇ ਦੇ ਮੀਤ ਪ੍ਰਧਾਨ ਬਸੰਤ ਸਿੰਘ ਕੋਠਾ ਗੁਰੂ ਨੇ ਕਿਹਾ ਕਿ ਜਿਸ ਤਰ੍ਹਾਂ ਯੂ.ਪੀ ਦੇ ਲਖੀਮਪੁਰ ਖੀਰੀ ਦੇ ਚਾਰ ਕਿਸਾਨਾਂ ਅਤੇ ਪੱਤਰਕਾਰ ਨੂੰ ਕੇਂਦਰ ਦੇ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਬੇਟੇ ਅਸ਼ੀਸ਼ ਮਿਸ਼ਰਾ ਵਲੋਂ ਗੱਡੀ ਨਾਲ ਦਰੜ ਕੇ ਅਤੇ ਗੋਲੀਆਂ ਚਲਾ ਕੇ ਸ਼ਹੀਦ ਕੀਤਾ ਹੈ।ਇਹ ਗੁੰਡਾਰਾਜ਼ ਦੀ ਜਿਊਂਦੀ ਜਾਗਦੀ ਤਸਵੀਰ ਹੈ।ਇਹ ਘਟਨਾ ਕਿਸਾਨੀ ਅੰਦੋਲਨ ਦੇ ਡੂੰਘੇ ਜ਼ਖ਼ਮ ਨੂੰ ਜੋ ਜ਼ੋਖ਼ਮ `ਚ ਪਾ ਗਈ ਹੈ।ਜਿਸ ਨਾਲ ਭਾਜਪਾ ਦਾ ਅਸਲੀ ਚਿਹਰਾ ਨੰਗਾ ਹੋ ਗਿਆ ਹੈ।ਉਨ੍ਹਾਂ ਕਿਹਾ ਕਿ ਯੂ.ਪੀ ਅੰਦਰ ਕਿਸਾਨਾਂ ਨੂੰ ਗੱਡੀਆਂ ਥੱਲੇ ਕੁਚਲ ਕੇ ਅਤੇ ਹਰਿਆਣੇ ਅੰਦਰ ਭਾਜਪਾਈ ਕਾਰਕੁੰਨਾਂ ਨੂੰ ਕਿਸਾਨਾਂ `ਤੇ ਹਮਲਿਆਂ ਲਈ ਉਤਸ਼ਾਹਿਤ ਕਰਕੇ ਮੋਦੀ ਸਰਕਾਰ ਕਿਸਾਨ ਸੰਘਰਸ਼ ਨੂੰ ਕੁਚਲਣ ਦੇ ਜ਼ਾਬਰ ਮਨਸੂਬੇ ਮੁੜ ਜ਼ਾਹਿਰ ਕਰ ਰਹੀ ਹੈ।ਮੋਦੀ ਸਰਕਾਰ ਆਪਣੇ ਮੰਤਰੀ ਦੀ ਪਿੱਠ `ਤੇ ਆ ਖੜ੍ਹ ਕੇ ਉਸ ਨੂੰ ਗ੍ਰਿਫਤਾਰ ਕਰਨ ਤੋਂ ਮੁਨਕਰ ਹੋ ਗਈ ਹੈ।ਹਰ ਵਾਰ ਦੀ ਤਰ੍ਹਾਂ ਉਸ ਨੇ ਯੂ.ਪੀ ਅੰਦਰ ਇਸ ਨੂੰ ਹਿੰਦੂ ਸਿੱਖ ਮਸਲਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਪਰ ਲੋਕਾਂ ਦੇ ਰੋਹ ਅਤੇ ਚੌਕਸੀ ਮੂਹਰੇ ਉਹ ਇੱਕ ਵਾਰ ਮੁੜ ਨਾਕਾਮ ਹੋਈ ਹੈ।  ਕੇਂਦਰੀ ਮੰਤਰੀ ਅਤੇ ਉਸ ਦੇ ਪੁੱਤਰ ਸਮੇਤ ਸਭਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਵਾਉਣ ਅਤੇ ਮਿਸਾਲੀ ਸਜ਼ਾਵਾਂ ਦਿਵਾਉਣ, ਮੰਤਰੀ ਨੂੰ ਮੰਤਰੀ ਮੰਡਲ `ਚੋਂ ਬਰਖ਼ਾਸਤ ਕਰਵਾਉਣ ਲਈ ਅਤੇ ਇਨਸਾਫ਼ ਦਾ ਹੱਕ ਲੈਣ ਲਈ ਜ਼ੋਰਦਾਰ ਸੰਘਰਸ਼ ਦੀ ਲਲਕਾਰ ਉਚੀ ਕਰਨ ਦੀ ਲੋੜ ਹੈ।

                    ਬੁਲਾਰਿਆਂ ਨੇ ਸ਼ਹੀਦ ਹੋਏ ਕਿਸਾਨਾਂ ਦਾ ਇਨਸਾਫ ਲੈਣ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਸੰਘਰਸ਼ ਐਕਸ਼ਨਾਂ ਦੇ ਐਲਾਨ ਮੁਤਾਬਿਕ 12 ਅਕਤੂਬਰ ਨੂੰ ਭੋਗ ਸਮਾਗਮ `ਚ ਵੱਧ ਤੋਂ ਵੱਧ ਸਮੂਲੀਅਤ ਕਰਨ, 15 ਅਕਤੂਬਰ ਨੂੰ ਦੁਸਹਿਰੇ ਮੌਕੇ ਮੋਦੀ ਦੇ ਪੁਤਲੇ ਫੂਕਣ, 18 ਅਕਤੂਬਰ ਨੂੰ ਰੇਲਾਂ ਦਾ ਚੱਕਾ ਜ਼ਾਮ ਕਰਨ ਅਤੇ 26 ਅਕਤੂਬਰ ਨੂੰ ਲਖਨਊ ਵਿਖੇ ਵੱਡੀ ਰੈਲੀ `ਚ ਪੁੱਜਣ ਦੇ ਐਕਸ਼ਨਾਂ ਨੂੰ ਲਾਗੂ ਕਰਨ ਦੀਆਂ ਤਿਆਰੀਆਂ ਕੀਤੀਆਂ ਜਾਣਗੀਆਂ।ਉਨ੍ਹਾਂ ਕਿਰਤੀ ਲੋਕਾਂ ਨੂੰ ਅਪੀਲ ਕੀਤੀ ਕਿ ਜ਼ੋਰਦਾਰ ਇਕਜੁੱਟਤਾ ਬਣਾਈ ਜਾਵੇ ਅਤੇ ਮੋਦੀ ਸਰਕਾਰ ਦੇ ਹਰ ਤਰ੍ਹਾਂ ਦੇ ਭਰਮਾਊ ਫਿਰਕੂ ਪ੍ਰਚਾਰ ਤੋਂ ਲੋਕਾਂ ਨੂੰ ਸੁਚੇਤ ਕੀਤਾ ਜਾਵੇ।ਉਸ ਦੇ ਜ਼ਾਬਰ ਹੱਲੇ ਮੂਹਰੇ ਛਾਤੀ ਤਾਣ ਕੇ ਖੜ੍ਹਨ ‘ਤੇ ਵੀ ਜ਼ੋਰ ਦਿੱਤਾ।
                     ਉਨ੍ਹਾਂ ਕਿਹਾ ਕਿ ਨਰਮੇ ਦੀ ਚੁਗਾਈ ਅਤੇ ਝੋਨੇ ਦੀ ਵਾਢੀ ਦੇ ਸੀਜ਼ਨ ਦੇ ਰੁਝੇਵਿਆਂ ਦਰਮਿਆਨ ਵੀ ਸੰਘਰਸ਼ ਨੂੰ ਮੱਠਾ ਨਹੀਂ ਪੈਣ ਦਿੱਤਾ ਜਾਵੇਗਾ।ਖੇਤੀ ਕੰਮਾਂ ਦੇ ਨਾਲ ਸੰਘਰਸ਼ ਐਕਸ਼ਨਾਂ ਲਈ ਦਿਨ ਰਾਤ ਇੱਕ ਕੀਤਾ ਜਾਵੇਗਾ।ਮੋਦੀ ਸਰਕਾਰ ਦੇ ਹਿੰਸਕ ਵਾਰ ਦੇ ਟਾਕਰੇ ਦਾ ਡਟ ਕੇ ਜਵਾਬ ਦਿੱਤਾ ਜਾਵੇਗਾ।
                  ਨੌਜਵਾਨ ਆਗੂ ਜਸਕਰਨ ਸਿੰਘ ਮਾਨਸਾ ਨੇ ਕਿਹਾ ਕਿ ਧਾਰਮਿਕ ਸਥਾਨਾਂ `ਤੇ ਜਾਂਦੇ ਸਮੇਂ ਸਾਨੂੰ ਮੰਡੀਹਰ ਕਿਹਾ ਜਾਂਦਾ ਹੈ, ਪਰ ਦਿੱਲੀ ਦਾ ਅੰਦੋਲਨ ਤੀਰਥ ਦਾ ਰੂਪ ਧਾਰਨ ਕਰ ਗਿਆ ਹੈ।ਨੌਜਵਾਨਾਂ ਨੂੰ ਬਣਦਾ ਮਾਣ ਸਤਿਕਾਰ ਜਥੇਬੰਦੀ `ਚ ਦਿੱਤਾ ਜਾਂਦਾ ਹੈ ਅਤੇ ਭਗਤ ਸਿੰਘ ਦੇ ਸੁਪਨਿਆਂ ਦੇ ਰਾਜ ਉਸਾਰਨ ਦੀ ਤਵੱਜੋ ਦਿੱਤੀ ਜਾਂਦੀ ਹੈ।ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਮੁੱਖ ਆਗੂਆਂ ਵਲੋਂ ਹਰ ਬੁੱਧਵਾਰ ਨੂੰ ਨੌਜਵਾਨਾਂ ਨੂੰ ਸਟੇਜ਼ ਸੰਭਾਲ ਕੇ ਸਮਝ ਨਾਲ ਲੈਸ ਕੀਤਾ ਜਾਂਦਾ ਹੈ।
                 ਸਟੇਜ਼ ਦੀ ਕਾਰਵਾਈ ਮਲਕੀਤ ਸਿੰਘ ਗੱਗੜ ਜਿਲ੍ਹਾ ਮੁਕਤਸਰ ਸਾਹਿਬ ਨੇ ਬਾਖੂਬੀ ਨਿਭਾਈ, ਜਦਕਿ ਬਲਕਾਰ ਸਿੰਘ ਪਟਿਆਲਾ, ਮੋਠੂ ਸਿੰਘ ਕੋਟੜਾ, ਸੁਖਵੰਤ ਸਿੰਘ ਵਲਟੋਹਾ, ਕੁਲਵਿੰਦਰ ਕੌਰ ਬਰਨਾਲਾ ਨੇ ਵੀ ਸਟੇਜ਼ ਤੋਂ ਸੰਬੋਧਨ ਕੀਤਾ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਨੇ ਫੈਂਸਿੰਗ ਚੈਂਪੀਅਨਸ਼ਿਪ ’ਚ ਮੈਡਲ ਪ੍ਰਾਪਤ ਕੀਤੇ

ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …