ਸਿਵਲ ਹਸਪਤਾਲ ਵਿਖੇ ਪਹਿਲੇ ਮਰੀਜ਼ ਦੀ ਥੈਰੇਪੀ ਸ਼ੁੁਰੂ
ਨਵਾਂਸ਼ਹਿਰ, 10 ਅਕਤੂਬਰ (ਪੰਜਾਬ ਪੋਸਟ ਬਿਊਰੋ) – ਜਿਲ੍ਹੇ ਵਿੱਚ ਹੀਮੋਫੀਲੀਆ ਦੇ ਮਰੀਜ਼ਾਂ ਲਈ ਵੱਡੀ ਰਾਹਤ ਦੀ ਖ਼ਬਰ ਹੈ।ਸ਼ਹੀਦ ਭਗਤ ਸਿੰਘ ਨਗਰ ਦੇ
ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਦੀ ਅਗਵਾਈ ਹੇਠ ਸਿਹਤ ਵਿਭਾਗ ਨੇ ਸਿਵਲ ਹਸਪਤਾਲ ਵਿਖੇ ਹੀਮੋਫੀਲੀਆ ਦੇ ਮਰੀਜ਼ਾਂ ਦਾ ਮੁਫਤ ਇਲਾਜ਼ ਸ਼ੁਰੂ ਕਰ ਦਿੱਤਾ ਹੈ।
ਸਿਵਲ ਸਰਜਨ ਨੇ ਅੱਜ ਇਥੋਂ ਜਾਰੀ ਇਕ ਪ੍ਰੈਸ ਬਿਆਨ ਵਿੱਚ ਦੱਸਿਆ ਕਿ ਸਿਵਲ ਹਸਪਤਾਲ ਵਿਖੇ ਅੱਜ ਹੀਮੋਫੀਲੀਆ ਦੇ ਪਹਿਲੇ ਮਰੀਜ਼ ਨੂੰ ਐਂਟੀ ਹੀਮੋਫੀਲੀਆ ਫੈਕਟਰ-9 ਦੀ ਡੋਜ਼ ਦਿੱਤੀ ਗਈ।
ਡਾ. ਗੁਰਿੰਦਰਬੀਰ ਕੌਰ ਨੇ ਦੱਸਿਆ ਕਿ ਇਹ ਬਿਮਾਰੀ ਜਨਮ ਤੋਂ ਹੀ ਫੈਕਟਰ-8 ਅਤੇ 9 ਦੀ ਘਾਟ ਕਾਰਨ ਹੁੰਦੀ ਹੈ ਅਤੇ ਵਧਦੀ ਉਮਰ ਨਾਲ ਭਾਰ ਸਹਿਣ ਵਾਲੇ ਜੋੜਾਂ ਵਿੱਚ ਖੂਨ ਇਕੱਠਾ ਹੋਣ ਲੱਗਦਾ ਹੈ।ਨਿੱਕੀ ਮੋਟੀ ਸੱਟ ਲੱਗਣ ਨਾਲ ਖੂਨ ਨਿਰੰਤਰ ਵਗਦਾ ਰਹਿੰਦਾ ਹੈ।ਹੀਮੋਫੀਲੀਆ ਖੂਨ ਨਾਲ ਸਬੰਧਤ ਇਕ ਜੈਨੇਟਿਕ ਬਿਮਾਰੀ ਹੈ, ਜਿਸ ਵਿਚ ਖੂਨ ਦਾ ਥੱਕਾ ਨਹੀਂ ਬਣਦਾ। ਇਹ ਖੂਨ ਨਾੜੀਆਂ, ਜਮਾਊਤੰਤਰ ਜਾਂ ਖੂਨ ਪਲੇਟਲੈਟਸ `ਚ ਦੋਸ਼ ਕਾਰਨ ਹੁੰਦਾ ਹੈ। ਹੀਮੋਫੀਲੀਆ ਦੇ ਮਰੀਜ਼ ਦੇ ਖੂਨ ਨਿਕਲਣ ’ਤੇ ਇਹ ਫੈਕਟਰ ਦਿੱਤਾ ਜਾਂਦਾ ਹੈ।ਇਹ ਫੈਕਟਰ ਨਾ ਮਿਲਣ ਕਰਕੇ ਮਰੀਜ਼ ਦੀ ਬਲੀਡਿੰਗ ਜ਼ਿਆਦਾ ਹੋ ਜਾਂਦੀ ਹੈ, ਜਿਸ ਕਾਰਨ ਕਈ ਵਾਰ ਮਰੀਜ਼ ਨੂੰ ਅਪੰਗਤਾ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਮੌਤ ਦਾ ਖਤਰਾ ਵੀ ਬਣਿਆ ਰਹਿੰਦਾ ਹੈ।
ਸਿਵਲ ਸਰਜਨ ਨੇ ਕਿਹਾ ਕਿ ਸਿਹਤ ਵਿਭਾਗ ਆਮ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ ਅਤੇ ਇਸੇ ਕੜੀ ਤਹਿਤ ਜਿਲ੍ਹਾ ਹਸਪਤਾਲ ਨਵਾਂਸ਼ਹਿਰ ਵਿਖੇ ਮਿਆਰੀ ਸਿਹਤ ਸੁਵਿਧਾਵਾਂ ਵਿੱਚ ਨਿਰੰਤਰ ਵਿਸਥਾਰ ਕੀਤਾ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਇਹ ਜਿਲ੍ਹੇ ਦੇ ਹੀਮੋਫੀਲੀਆ ਦੇ ਮਰੀਜ਼ਾਂ ਲਈ ਵੱਡੀ ਰਾਹਤ ਖ਼ਬਰ ਹੈ, ਕਿਉਂਕਿ ਇਸ ਬਿਮਾਰੀ ਦੇ ਇਲਾਜ਼ ਲਈ ਮਰੀਜ਼ਾਂ ਨੂੰ ਪਹਿਲਾਂ ਲੱਖਾਂ ਰੁਪਏ ਖਰਚ ਕਰਨਾ ਪੈਂਦਾ ਸੀ, ਪਰ ਹੁਣ ਇਹ ਸਾਰਾ ਖਰਚ ਪੰਜਾਬ ਸਰਕਾਰ ਵਲੋਂ ਸਹਿਣ ਕੀਤਾ ਜਾਵੇਗਾ।
ਡਾ. ਕੌਰ ਨੇ ਦੱਸਿਆ ਕਿ ਹੀਮੋਫੀਲੀਆ ਦਾ ਜਿਲ੍ਹੇ ਦਾ ਕੋਈ ਵੀ ਮਰੀਜ਼ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਸੰਪਰਕ ਕਰਵਾ ਕੇ ਆਪਣੇ-ਆਪ ਨੂੰ ਰਜਿਸਟਰਡ ਕਰਵਾ ਸਕਦਾ ਹੈ।ਹਸਪਤਾਲ ਵਿੱਚ ਹੀਮੋਫੀਲੀਆ ਦੇ ਮਰੀਜ਼ਾਂ ਨੂੰ ਐਂਟੀ ਹੀਮੋਫੀਲਆ ਫੈਕਟਰ ਮੁਫ਼ਤ ਉਪਲੱਬਧ ਕਰਵਾਏ ਜਾਣਗੇ ਅਤੇ 24*7 ਸੁਵਿਧਾ ਉਪਲੱਬਧ ਕਰਵਾਈ ਜਾਵੇਗੀ ਤਾਂ ਜੋ ਮਰੀਜ਼ਾਂ ਨੂੰ ਕਿਸੇ ਵੀ ਸਮੇਂ ਐਮਰਜੈਂਸੀ ਦੌਰਾਨ ਇਲਾਜ਼ ਮੁਹੱਈਆ ਕਰਵਾਇਆ ਜਾ ਸਕੇ।
Punjab Post Daily Online Newspaper & Print Media